ਹਰਿਆਣਾ ਦੇ ਡੀ ਜੀ ਪੀ ਨੇ ਰਾਤ ਸਮੇਂ ਅਚਨਚੇਤ ਦੌਰਾ ਕੀਤਾ
ਆਤਿਸ਼ ਗੁਪਤਾ
ਹਰਿਆਣਾ ਦੇ ਨਵੇਂ ਡੀਜੀਪੀ, ਓ ਪੀ ਸਿੰਘ ਵੱਲੋਂ ਲੰਘੀ ਦੇਰ ਰਾਤ ਸੂਬੇ ਵਿੱਚ ਅਚਨਚੇਤ ਦੌਰਾਨ ਕੀਤਾ ਗਿਆ। ਇਸ ਦੌਰਾਨ ਡੀਜੀਪੀ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਥਾਣਿਆਂ ਅਤੇ ਪੁਲੀਸ ਚੌਕੀਆਂ ’ਚ ਗਏ। ਉਨ੍ਹਾਂ ਮੁਲਾਜ਼ਮਾਂ ਨੂੰ ਡਿਊਟੀ ਦੌਰਾਨ ਰਾਤ ਨੂੰ ਦਰਪੇਸ਼ ਮੁਸ਼ਕਲਾਂ ਬਾਰੇ ਵੀ ਜਾਣਕਾਰੀ ਹਾਸਲ ਕੀਤੀ। ਇਸ ਦੇ ਨਾਲ ਹੀ ਡੀਜੀਪੀ ਨੇ ਸੂਬੇ ਦੇ ਸਾਰੇ ਪੁਲੀਸ ਕਪਤਾਨਾਂ ਤੇ ਪੁਲੀਸ ਕਮਿਸ਼ਨਰਾਂ ਨੂੰ ਵੀ ਰਾਤ ਸਮੇਂ ਚੈਕਿੰਗ ਕਰਨ ਦੀ ਅਪੀਲ ਕੀਤੀ।
ਪ੍ਰਾਪਤ ਜਾਣਕਾਰੀ ਅਨੁਸਾਰ ਡੀਜੀਪੀ ਨੇ ਰਾਤ ਨੂੰ ਯਮੁਨਾਨਗਰ ਤੋਂ ਅੰਬਾਲਾ ਤੱਕ ਦੇ ਵੱਖ-ਵੱਖ ਥਾਣਿਆਂ ਅਤੇ ਚੌਕੀਆਂ ਦਾ ਨਿਰੀਖਣ ਕੀਤਾ ਹੈ। ਉਨ੍ਹਾਂ ਯਮੁਨਾਨਗਰ ਜ਼ਿਲ੍ਹੇ ਦੇ ਕਲਾਨੌਰ ਬਾਰਡਰ ਨਾਕੇ ’ਤੇ ਤਾਇਨਾਤ ਮੁਲਾਜ਼ਮਾਂ ਨਾਲ ਗੱਲਬਾਤ ਕੀਤੀ। ਇਸ ਮੌਕੇ ਐੱਸਪੀ ਕਮਲਦੀਪ ਗੋਇਲ ਵੀ ਮੌਜੂਦ ਰਹੇ। ਇਸ ਤੋਂ ਬਾਅਦ ਡੀਜੀਪੀ ਨੇ ਅੰਬਾਲਾ ਜ਼ਿਲ੍ਹੇ ਦੇ ਵੱਖ-ਵੱਖ ਥਾਣਿਆਂ ਅਤੇ ਨਾਕਿਆਂ ਦਾ ਨਿਰੀਖਣ ਕੀਤਾ। ਡੀਜੀਪੀ ਨੇ ਡਿਊਟੀ ’ਤੇ ਤਾਇਨਾਤ ਐੱਸਐੱਚਓ ਤੇ ਹੋਰ ਪੁਲੀਸ ਅਧਿਕਾਰੀਆਂ ਨਾਲ ਗੱਲਬਾਤ ਕੀਤੀ।
ਡੀਜੀਪੀ ਨੇ ਕਿਹਾ ਕਿ ਸੂਬੇ ਵਿੱਚ ਅਪਰਾਧ ’ਤੇ ਨੱਥ ਪਾਉਣ ਲਈ ‘ਮੈਨ ਟੂ ਮੈਨ’ ਮਾਰਕਿੰਗ ਕੀਤੀ ਜਾਵੇਗੀ। ਇਸ ਦੌਰਾਨ ਹਰੇਕ ਅਪਰਾਧੀ ਦੀ ਨਿਗਰਾਨੀ 4-5 ਪੁਲੀਸ ਮੁਲਾਜ਼ਮਾਂ ਵੱਲੋਂ ਚੁੱਪ-ਚੁਪੀਤੇ ਕੀਤੀ ਜਾਵੇਗੀ। ਇਸ ਨਾਲ ਹਰ ਸਮੇਂ ਪੁਲੀਸ ਵੱਲੋਂ ਅਪਰਾਧੀਆਂ ’ਤੇ ਨਜ਼ਰ ਰੱਖੀ ਜਾ ਸਕੇਗੀ। ਇਸ ਦੇ ਨਾਲ ਹੀ ਉਨ੍ਹਾਂ ਨੇ ਐੱਸਐੱਚਓਜ਼ ਨੂੰ ਆਪਣੇ ਥਾਣੇ ਅਧੀਨ ਆਉਂਦੇ ਇਲਾਕੇ ਵਿੱਚ ਰੋਜ਼ਾਨਾਂ ਗਸ਼ਤ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਪੁਲੀਸ ਨੂੰ ਹਰ ਸਮੇਂ ਚੌਕਸ ਰਹਿਣਾ ਚਾਹੀਦਾ ਹੈ। ਇਸ ਦੇ ਨਾਲ ਹੀ ਡੀਜੀਪੀ ਨੇ ਪੁਲੀਸ ਅਧਿਕਾਰੀਆਂ ਨੂੰ ਆਮ ਲੋਕਾਂ ਨਾਲ ਸਬੰਧਾਂ ’ਚ ਸੁਧਾਰ ਕਰਨ ਲਈ ਵਿਸ਼ੇਸ਼ ਧਿਆਨ ਕੇਂਦਰਿਤ ਕਰਨ ਦੀ ਅਪੀਲ ਕੀਤੀ।
