Haryana Chief Secretary: ਹਰਿਆਣਾ ਦੇ ਮੁੱਖ ਸਕੱਤਰ ਰਸਤੋਗੀ ਦੇ ਅਹੁਦੇ ਦੀ ਮਿਆਦ ’ਚ ਇੱਕ ਸਾਲ ਦਾ ਵਾਧਾ
ਭਾਜਪਾ ਦੀ ਨਾਇਬ ਸੈਣੀ ਸਰਕਾਰ ਨੇ ਰਸਤੋਗੀ ਲਈ ਵਾਧਾ ਮੰਗਿਆ ਸੀ, ਜਿਨ੍ਹਾਂ ਦੀ 30 ਜੂਨ ਨੂੰ ਸੇਵਾ-ਮੁਕਤੀ ਹੋਣੀ ਤੈਅ ਸੀ
ਪ੍ਰਦੀਪ ਸ਼ਰਮਾ
ਚੰਡੀਗੜ੍ਹ, 20 ਜੂਨ
ਕੇਂਦਰ ਨੇ ਹਰਿਆਣਾ ਦੇ ਮੁੱਖ ਸਕੱਤਰ ਅਨੁਰਾਗ ਰਸਤੋਗੀ (Haryana Chief Secretary Anurag Rastogi) ਦੇ ਅਹੁਦੇ ਦੀ ਮਿਆਦ ਵਿਚ ਇੱਕ ਸਾਲ ਦੇ ਵਾਧੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਵਾਧਾ 1 ਜੁਲਾਈ, 2025 ਤੋਂ 30 ਜੂਨ, 2026 ਤੱਕ ਅਮਲ ਵਿਚ ਰਹੇਗਾ।
ਕੇਂਦਰ ਸਰਕਾਰ ਦੇ ਅਮਲਾ ਅਤੇ ਸਿਖਲਾਈ ਵਿਭਾਗ (Department of Personnel and Training) ਨੇ ਵੀਰਵਾਰ ਨੂੰ ਹਰਿਆਣਾ ਸਰਕਾਰ ਨੂੰ ਕੇਂਦਰ ਦੇ ਇਸ ਫੈਸਲੇ ਦੀ ਜਾਣਕਾਰੀ ਦਿੱਤੀ ਹੈ। ਨਾਇਬ ਸੈਣੀ ਸਰਕਾਰ ਨੇ 30 ਜੂਨ ਨੂੰ ਸੇਵਾਮੁਕਤ ਹੋ ਰਹੇ ਰਸਤੋਗੀ ਲਈ ਵਾਧਾ ਮੰਗਿਆ ਸੀ।
ਇਸ ਵਾਧੇ ਨੇ 1990 ਬੈਚ ਦੇ ਚਾਰ ਅਧਿਕਾਰੀਆਂ ਅਤੇ ਰਸਤੋਗੀ ਦੇ ਬੈਚਮੇਟ ਤੇ 1991 ਬੈਚ ਦੇ ਪੰਜ ਅਧਿਕਾਰੀਆਂ ਦੀਆਂ ਮੁੱਖ ਸਕੱਤਰ ਬਣਨ ਦੀਆਂ ਉਮੀਦਾਂ 'ਤੇ ਪਾਣੀ ਫੇਰ ਦਿੱਤਾ ਹੈ। ਗ਼ੌਰਤਲਬ ਹੈ ਕਿ 1990 ਬੈਚ ਦੇ ਅਧਿਕਾਰੀ - ਸੁਧੀਰ ਰਾਜਪਾਲ, ਸੁਮਿਤਾ ਮਿਸ਼ਰਾ, ਆਨੰਦ ਮੋਹਨ ਸ਼ਰਨ ਤੇ ਰਾਜਾ ਸ਼ੇਖਰ ਵੰਦਰੂ ਅਤੇ 1991 ਬੈਚ ਦੇ ਅਧਿਕਾਰੀ - ਵਿਨੀਤ ਗਰਗ, ਅਨਿਲ ਮਲਿਕ, ਜੀ ਅਨੁਪਮਾ, ਏਕੇ ਸਿੰਘ ਅਤੇ ਅਭਿਲਕਸ਼ ਲੇਖੀ ਇਸ ਅਹੁਦੇ ਲਈ ਦੌੜ ਵਿੱਚ ਸਨ।