ਹਰਿਆਣਾ ਦੀ ਕੈਬਨਿਟ ਮੰਤਰੀ ਆਰਤੀ ਰਾਓ ਨੇ ਪੁੱਤਰ ਗੋਦ ਲਿਆ, ਨਾਮ ਰੱਖਿਆ ਜੈਵੀਰ ਸਿੰਘ
Haryana Rao Family: ਹਰਿਆਣਾ ਦੀ ਰਾਜਨੀਤੀ ਵਿੱਚ ਰਾਓ ਪਰਿਵਾਰ ਦਾ ਵੰਸ਼ ਇੱਕ ਨਵੀਂ ਕਲੀ ਨਾਲ ਮਜ਼ਬੂਤ ਹੋ ਗਿਆ ਹੈ। ਸਾਬਕਾ ਮੁੱਖ ਮੰਤਰੀ ਰਾਓ ਬੀਰੇਂਦਰ ਸਿੰਘ ਤੋਂ ਸ਼ੁਰੂ ਹੋਈ ਇਹ ਸਿਆਸੀ ਧਾਰਾ ਉਨ੍ਹਾਂ ਦੇ ਪੁੱਤਰ ਰਾਓ ਇੰਦਰਜੀਤ ਸਿੰਘ ਤੱਕ ਪਹੁੰਚੀ, ਜਿਨ੍ਹਾਂ ਨੇ ਨਾ ਸਿਰਫ਼ ਲੋਕ ਸਭਾ ਵਿੱਚ ਅਹੀਰਵਾਲ ਦੀ ਆਵਾਜ਼ ਬੁਲੰਦ ਕੀਤੀ, ਸਗੋਂ ਹਰਿਆਣਾ ਵਿਧਾਨ ਸਭਾ ਦੇ ਮੈਂਬਰ ਅਤੇ ਰਾਜ ਸਰਕਾਰ ਵਿੱਚ ਕੈਬਨਿਟ ਮੰਤਰੀ ਹੁੰਦਿਆਂ ਰਾਜ ਦੀ ਸਿਆਸਤ ਵਿੱਚ ਵੀ ਆਪਣੀ ਛਾਪ ਛੱਡੀ।
ਹੁਣ ਤੀਜੀ ਪੀੜ੍ਹੀ ਵਜੋਂ ਸਿਹਤ ਮੰਤਰੀ ਆਰਤੀ ਸਿੰਘ ਰਾਓ ਨੇ ਇੱਕ ਪੁੱਤਰ ਨੂੰ ਗੋਦ ਲਿਆ ਹੈ। ਉਸ ਦਾ ਨਾਮ ਰਾਓ ਜੈਵੀਰ ਸਿੰਘ ਰੱਖਿਆ ਗਿਆ ਹੈ। ਪੁੱਤਰ ਦੇ ਆਉਣ ਨਾਲ ਭਵਿੱਖ ਲਈ ਇਹ ਵਿਰਾਸਤ ਸੁਰੱਖਿਅਤ ਹੋ ਗਈ ਹੈ। ਰਾਓ ਇੰਦਰਜੀਤ ਸਿੰਘ ਦਾ ਕੋਈ ਪੁੱਤਰ ਨਹੀਂ ਹੈ। ਉਨ੍ਹਾਂ ਦੀਆਂ ਦੋ ਧੀਆਂ ਆਰਤੀ ਸਿੰਘ ਰਾਓ ਅਤੇ ਭਾਰਤੀ ਸਿੰਘ ਰਾਓ ਹਨ। ਵੱਡੀ ਧੀ ਆਰਤੀ ਸਿਆਸਤ ਵਿੱਚ ਸਰਗਰਮ ਹੈ ਅਤੇ ਮੌਜੂਦਾ ਹਰਿਆਣਾ ਸਰਕਾਰ ਵਿੱਚ ਕੈਬਨਿਟ ਮੰਤਰੀ ਹੈ। ਛੋਟੀ ਧੀ ਭਾਰਤੀ ਸਿਆਸਤ ਤੋਂ ਪੂਰੀ ਤਰ੍ਹਾਂ ਦੂਰ ਹੈ ਅਤੇ ਕਾਰੋਬਾਰ ਵਿੱਚ ਸ਼ਾਮਲ ਹੈ।
ਆਰਤੀ ਸਿੰਘ ਰਾਓ ਦਾ ਆਪਣੇ ਪਤੀ ਤੋਂ ਤਲਾਕ ਹੋ ਗਿਆ ਹੈ। ਅਜਿਹੀ ਸਥਿਤੀ ਵਿੱਚ ਰਾਓ ਇੰਦਰਜੀਤ ਨੇ ਪਹਿਲਾਂ ਹੀ ਸਪੱਸ਼ਟ ਕਰ ਦਿੱਤਾ ਸੀ ਕਿ ਉਨ੍ਹਾਂ ਦੀ ਵੱਡੀ ਧੀ ਆਰਤੀ ਉਨ੍ਹਾਂ ਦੀ ਸਿਆਸੀ ਵਿਰਾਸਤ ਨੂੰ ਸੰਭਾਲੇਗੀ। ਇਸ ਲਈ 2022 ਵਿੱਚ, ਉਨ੍ਹਾਂ ਨੇ ਰਸਮੀ ਤੌਰ ’ਤੇ ਆਰਤੀ ਸਿੰਘ ਰਾਓ ਨੂੰ ਆਪਣਾ ਸਿਆਸੀ ਜਾਨਸ਼ੀਨ ਐਲਾਨ ਦਿੱਤਾ ਸੀ। ਹੁਣ ਪਰਿਵਾਰ ਵਿੱਚ ਆਰਤੀ ਸਿੰਘ ਰਾਓ ਦੇ ਪੁੱਤਰ ਰਾਓ ਜੈਵੀਰ ਸਿੰਘ ਦੇ ਆਉਣ ਨਾਲ ਰਾਓ ਪਰਿਵਾਰ ਦੀ ਤੀਜੀ ਪੀੜ੍ਹੀ ਦਾ ਚਿਹਰਾ ਕੌਣ ਹੋਵੇਗਾ, ਇਸ ਬਾਰੇ ਸਾਰੇ ਸ਼ੰਕੇ ਖ਼ਤਮ ਹੋ ਗਏ ਹਨ।
ਹਰਿਆਣਾ ਦੀ ਸੱਤਾ ਵਿੱਚ ਅਹੀਰਵਾਲ ਬੈਲਟ ਹਮੇਸ਼ਾ ਫੈਸਲਾਕੁਨ ਰਹੀ ਹੈ। ਬੇਸ਼ੱਕ ਅਹੀਰਵਾਲ ਵਿੱਚ ਮੁੱਖ ਤੌਰ ’ਤੇ ਰੇਵਾੜੀ, ਮਹਿੰਦਰਗੜ੍ਹ ਅਤੇ ਨਾਰਨੌਲ ਬੈਲਟ ਸ਼ਾਮਲ ਹੈ, ਪਰ ਇਸ ਦਾ ਅਸਰ ਗੁਰੂਗ੍ਰਾਮ, ਭਿਵਾਨੀ, ਚਰਖੀ ਦਾਦਰੀ ਅਤੇ ਝੱਜਰ ਤੱਕ ਫੈਲਿਆ ਹੋਇਆ ਹੈ। ਅਹੀਰਵਾਲ ਦਾ ਹਮੇਸ਼ਾ ਇੱਕ ਦਰਜਨ ਤੋਂ ਵੱਧ ਵਿਧਾਨ ਸਭਾ ਸੀਟਾਂ ’ਤੇ ਅਸਰ ਰਿਹਾ ਹੈ। ਰਾਓ ਬੀਰੇਂਦਰ ਸਿੰਘ ਅਤੇ ਰਾਓ ਇੰਦਰਜੀਤ ਸਿੰਘ ਦੀ ਮਕਬੂਲੀਅਤ ਨੇ ਇਸ ਖੇਤਰ ਨੂੰ ਲਗਾਤਾਰ ਇੱਕ ਸਿਆਸੀ ਕੇਂਦਰ ਬਣਾਇਆ ਹੈ। ਅੱਜ ਜਦੋਂ ਰਾਓ ਇੰਦਰਜੀਤ ਉਮਰ ਅਤੇ ਤਜਰਬੇ ਦੇ ਸਿਖਰ ’ਤੇ ਹਨ, ਆਰਤੀ ਸਿੰਘ ਰਾਓ ਸਰਗਰਮ ਸਿਆਸਤ ਵਿੱਚ ਪਰਿਵਾਰ ਦਾ ਚਿਹਰਾ ਹੈ ਅਤੇ ਰਾਓ ਜੈਵੀਰ ਸਿੰਘ ਤੀਜੀ ਪੀੜ੍ਹੀ ਦਾ ਪ੍ਰਤੀਕ ਬਣ ਗਏ ਹਨ।