Surrogacy ਜ਼ਰੀਏ ਮਾਂ ਬਣੀ ਹਰਿਆਣਾ ਦੀ ਕੈਬਨਿਟ ਮੰਤਰੀ ਆਰਤੀ ਰਾਓ
Haryana Rao Family:
ਹਰਿਆਣਾ ਦੀ ਸੱਤਾ ਅਤੇ ਸਿਆਸਤ ਵਿੱਚ ‘ਰਾਓ ਪਰਿਵਾਰ’ ਦਾ ਨਾਂ ਹਮੇਸ਼ਾ ਚਰਚਾ ਵਿੱਚ ਰਿਹਾ ਹੈ। ਕੈਬਨਿਟ ਮੰਤਰੀ ਆਰਤੀ ਸਿੰਘ ਰਾਓ ਨੇ Surrogacy ਜ਼ਰੀਏ ਮਾਂ ਬਣ ਕੇ ਨਵਾਂ ਅਧਿਆਇ ਲਿਖਿਆ ਹੈ। ਤਿੰਨ ਮਹੀਨਿਆਂ ਦੇ ਹੋ ਚੁੱਕੇ ਰਾਓ ਜੈਵੀਰ ਸਿੰਘ ਦੇ ਆਉਣ ਨਾਲ ਨਾ ਸਿਰਫ਼ ਉਨ੍ਹਾਂ ਦੀ ਜ਼ਿੰਦਗੀ ਵਿੱਚ ਨਵੀਂ ਰੌਸ਼ਨੀ ਆਈ ਹੈ, ਬਲਕਿ ਰਾਓ ਪਰਿਵਾਰ ਦੀ ਸਿਆਸੀ ਵਿਰਾਸਤ ਵੀ ਹੁਣ ਸੁਰੱਖਿਅਤ ਮੰਨੀ ਜਾ ਰਹੀ ਹੈ।
ਦਿਲਚਸਪ ਗੱਲ ਇਹ ਹੈ ਕਿ ਰਾਓ ਪਰਿਵਾਰ ਦੀ ਸਿਆਸੀ ਵਿਰਾਸਤ ਪਹਿਲਾਂ ਵੀ ਗੋਦ ਨਾਲ ਅੱਗੇ ਵਧੀ ਸੀ। ਰਾਓ ਬਲਬੀਰ ਸਿੰਘ ਨੇ ਰਾਓ ਬੀਰੇਂਦਰ ਸਿੰਘ ਨੂੰ ਗੋਦ ਲਿਆ ਸੀ ਅਤੇ ਇੱਥੋਂ ਹੀ ਇਸ ਪਰਿਵਾਰ ਦੇ ਸਿਆਸੀ ਸਫ਼ਰ ਦਾ ਨਵਾਂ ਅਧਿਆਇ ਸ਼ੁਰੂ ਹੋਇਆ ਹੈ। ਹੁਣ ਇੱਕ ਵਾਰ ਫਿਰ ਛੋਟੇ ਜੈਵੀਰ ਸਿੰਘ ਦੇ ਆਉਣ ਨਾਲ ਵਿਰਾਸਤ ਦੀ ਨਿਰੰਤਰਤਾ ’ਤੇ ਚਰਚਾਵਾਂ ਤੇਜ਼ ਹੋ ਗਈਆਂ ਹਨ। ਸਿਆਸਤ ਦੇ ਰੁਝੇਵੇਂ ਅਤੇ ਲੋਕਾਂ ਦੀ ਜ਼ਿੰਮੇਵਾਰੀ ਦਰਮਿਆਨ ਮਾਂ ਬਣਨਾ ਸੌਖਾ ਫ਼ੈਸਲਾ ਨਹੀਂ ਸੀ ਪਰ ਆਰਤੀ ਸਿੰਘ ਰਾਓ ਨੇ ਸਾਹਸੀ ਕਦਮ ਚੁੱਕਿਆ ਅਤੇ ਸਾਬਤ ਕਰ ਦਿੱਤਾ ਕਿ ਸਿਆਸਤ ਅਤੇ ਮਮਤਾ ਨਾਲ-ਨਾਲ ਚੱਲ ਸਕਦੇ ਹਨ।
ਅਹੀਰਵਾਲ ਬੈਲਟ ਹਰਿਆਣਾ ਦੀ ਸੱਤਾ ਦੀ ‘ਕੁੰਜੀ’ ਮੰਨੀ ਜਾਂਦੀ ਹੈ। ਇਹੀ ਕਾਰਨ ਹੈ ਕਿ ਰਾਓ ਪਰਿਵਾਰ ਦੀ ਹਰ ਪੀੜ੍ਹੀ ਇੱਥੇ ਫ਼ੈਸਲਾਕੁੰਨ ਰਹੀ। ਹੁਣ ਜਦੋਂ ਇੰਦਰਜੀਤ ਸਿੰਘ ਤਜਰਬੇ ਦੇ ਸਿਖਰ ’ਤੇ ਹਨ ਤਾਂ ਆਰਤੀ ਸਿੰਘ ਰਾਓ ਸਰਗਰਮ ਰਾਜਨੀਤੀ ਵਿੱਚ ਇੱਕ ਚਿਹਰਾ ਹੈ ਅਤੇ ਛੋਟੇ ਜੈਵੀਰ ਤੋਂ ਭਵਿੱਖੀ ਉਮੀਦਾਂ ਲਗਾਈਆਂ ਜਾ ਰਹੀਆਂ ਹਨ। ਇਹ ਕਿਹਾ ਜਾ ਸਕਦਾ ਹੈ ਕਿ ਸਿਆਸਤ ਵਿੱਚ ਚਰਚਾ ਦਾ ਕੇਂਦਰ ਰਹੀ ਆਰਤੀ ਸਿੰਘ ਰਾਓ ਹੁਣ ਇੱਕ ਨਵੇਂ ਸਫ਼ਰ ’ਤੇ ਹੈ। ਉਨ੍ਹਾਂ ਆਪਣੀ ਜ਼ਿੰਦਗੀ ਦੀ ਸਭ ਤੋਂ ਵੱਡੀ ‘ਮਾਂ’ ਦੀ ਭੂਮਿਕਾ ਨਿਭਾਉਣੀ ਸ਼ੁਰੂ ਕਰ ਦਿੱਤੀ ਹੈ।
ਆਰਤੀ ਰਾਓ ਦਾ ਪੁੱਤ ਹੁਣ ਤਿੰਨ ਮਹੀਨਿਆਂ ਦਾ ਹੋ ਚੁੱਕਿਆ ਹੈ। ਉਨ੍ਹਾਂ ਆਪਣੇ ਪੁੱਤਰ ਦਾ ਨਾਂ ਰਾਓ ਜੈਵੀਰ ਸਿੰਘ ਰੱਖਿਆ ਹੈ। ਰਾਓ ਜੈਵੀਰ ਸਿੰਘ ਤਿੰਨ ਮਹੀਨਿਆਂ ਦਾ ਹੋ ਚੁੱਕਿਆ ਹੈ ਅਤੇ ਉਸ ਦਾ ਪਾਲਣ-ਪੋਸ਼ਣ ਚੰਡੀਗੜ੍ਹ ਦੇ ਸੈਕਟਰ-7 ਸਥਿਤ ਕੈਬਨਿਟ ਮੰਤਰੀ ਦੀ ਕੋਠੀ ’ਤੇ ਹੀ ਹੋ ਰਿਹਾ ਹੈ। ਆਰਤੀ ਸਿੰਘ ਰਾਓ ਦੇ ਪਿਤਾ ਰਾਓ ਇੰਦਰਜੀਤ ਸਿੰਘ ਕੇਂਦਰ ਦੀ ਮੋਦੀ ਸਰਕਾਰ ’ਚ ਮੰਤਰੀ ਹਨ।
ਆਰਤੀ ਸਿੰਘ ਰਾਓ ਦੇ ਕਰੀਬੀਆਂ ਨੇ ਉਨ੍ਹਾਂ ਦੇ ਮਾਂ ਬਣਨ ਦੀ ਪੁਸ਼ਟੀ ਕੀਤੀ ਹੈ ਪਰ ਪਰਿਵਾਰ ਤਰਫ਼ੋਂ ਇਸ ਸਬੰਧੀ ਕੋਈ ਗੱਲ ਨਹੀਂ ਕਹੀ ਗਈ ਹੈ।
ਰਾਓ ਜੈਵੀਰ ਸਿੰਘ ਨੂੰ ਹੁਣ ਰਾਓ ਇੰਦਰਜੀਤ ਸਿੰਘ ਦੇ ਅਗਲੇ ਸਿਆਸੀ ਵਾਰਿਸ ਵਜੋਂ ਦੇਖਿਆ ਜਾ ਰਿਹਾ ਹੈ। ਰਾਓ ਇੰਦਰਜੀਤ ਸਿੰਘ ਦਾ ਕੋਈ ਪੁੱਤਰ ਨਹੀਂ ਹੈ। ਉਨ੍ਹਾਂ ਦੀਆਂ ਦੋ ਧੀਆਂ , ਆਰਤੀ ਸਿੰਘ ਰਾਓ ਅਤੇ ਭਾਰਤੀ ਰਾਓ ਹਨ। ਵੱਡੀ ਧੀ ਆਰਤੀ ਸਿਆਸਤ ਵਿੱਚ ਸਰਗਰਮ ਹੈ ਅਤੇ ਮੌਜੂਦਾ ਹਰਿਆਣਾ ਸਰਕਾਰ ਵਿੱਚ ਕੈਬਨਿਟ ਮੰਤਰੀ ਹੈ। ਛੋਟੀ ਧੀ ਭਾਰਤੀ ਸਿਆਸਤ ਤੋਂ ਪੂਰੀ ਤਰ੍ਹਾਂ ਦੂਰ ਹੈ ਅਤੇ ਕਾਰੋਬਾਰ ਵਿੱਚ ਸ਼ਾਮਲ ਹੈ।
ਆਰਤੀ ਸਿੰਘ ਰਾਓ ਪਿਤਾ ਵਾਂਗ ਪਹਿਲਾਂ ਕੌਮਾਂਤਰੀ ਪੱਧਰ ਦੀ ਖਿਡਾਰਨ ਰਹੀ ਅਤੇ ਹੁਣ ਸਿਆਸਤ ਵਿੱਚ ਉਨ੍ਹਾਂ ਦੇ ਕਦਮ ਨਾਲ ਕਦਮ ਮਿਲਾ ਕੇ ਚੱਲ ਰਹੀ ਹੈ। ਪਹਿਲੀ ਵਾਰ 2024 ਵਿੱਚ ਆਰਤੀ ਰਾਓ ਨੇ ਅਟੇਲੀ ਹਲਕੇ ਤੋਂ ਚੋਣ ਲੜੀ ਅਤੇ ਜਿੱਤ ਦਰਜ ਕਰਦਿਆਂ ਵਿਧਾਨ ਸਭਾ ਪਹੁੰਚੀ। ਉਹ ਨਾਇਬ ਸਿੰਘ ਸੈਣੀ ਸਰਕਾਰ ਵਿੱਚ ਸਿਹਤ ਮੰਤਰੀ ਹੈ। ਇਹ ਦੱਸ ਦੇਈਏ ਕਿ 2022 ਵਿੱਚ ਰਾਓ ਇੰਦਰਜੀਤ ਸਿੰਘ ਨੇ ਖ਼ੁਦ ਪਬਲਿਕ ਪਲੈਟਫਾਰਮ ’ਤੇ ਆਰਤੀ ਰਾਓ ਸਿੰਘ ਨੂੰ ਆਪਣਾ ਸਿਆਸੀ ਉੱਤਰਾਧਿਕਾਰੀ ਐਲਾਨਿਆ ਸੀ।
ਆਰਤੀ ਸਿੰਘ ਰਾਓ ਦਾ ਆਪਣੇ ਪਤੀ ਤੋਂ ਤਲਾਕ ਹੋ ਗਿਆ ਹੈ। ਅਜਿਹੀ ਸਥਿਤੀ ਵਿੱਚ ਰਾਓ ਇੰਦਰਜੀਤ ਨੇ ਪਹਿਲਾਂ ਹੀ ਸਪੱਸ਼ਟ ਕਰ ਦਿੱਤਾ ਸੀ ਕਿ ਉਨ੍ਹਾਂ ਦੀ ਵੱਡੀ ਧੀ ਆਰਤੀ ਉਨ੍ਹਾਂ ਦੀ ਸਿਆਸੀ ਵਿਰਾਸਤ ਨੂੰ ਸੰਭਾਲੇਗੀ। ਇਸ ਲਈ 2022 ਵਿੱਚ, ਉਨ੍ਹਾਂ ਨੇ ਰਸਮੀ ਤੌਰ ’ਤੇ ਆਰਤੀ ਸਿੰਘ ਰਾਓ ਨੂੰ ਆਪਣਾ ਸਿਆਸੀ ਜਾਨਸ਼ੀਨ ਐਲਾਨ ਦਿੱਤਾ ਸੀ। ਹੁਣ ਪਰਿਵਾਰ ਵਿੱਚ ਆਰਤੀ ਸਿੰਘ ਰਾਓ ਦੇ ਪੁੱਤਰ ਰਾਓ ਜੈਵੀਰ ਸਿੰਘ ਦੇ ਆਉਣ ਨਾਲ ਰਾਓ ਪਰਿਵਾਰ ਦੀ ਤੀਜੀ ਪੀੜ੍ਹੀ ਦਾ ਚਿਹਰਾ ਕੌਣ ਹੋਵੇਗਾ, ਇਸ ਬਾਰੇ ਸਾਰੇ ਸ਼ੰਕੇ ਖ਼ਤਮ ਹੋ ਗਏ ਹਨ।
ਅਦਾਲਤ ਦੀ ਸਹਿਮਤੀ ਮਗਰੋਂ ਬਣੀ ‘Single Mother’
ਆਰਤੀ ਸਿੰਘ ਰਾਓ ਤਲਾਕਸ਼ੁਦਾ ਹੈ। ਭਾਰਤ ਸਰਕਾਰ ਨੇ 2023 ਵਿੱਚ Surrogacy ਨਾਲ ਸਬੰਧਿਤ ਕਾਨੂੰਨ ਵਿੱਚ ਸੋਧ ਕੀਤੀ ਸੀ। ਇਸ ਸੋਧ ਮਗਰੋਂ ‘Single Mother’ ਭਾਵਕਿ ਵਿਧਵਾ ਜਾਂ ਤਲਾਕਸ਼ੁਦਾ ਮਹਿਲਾਵਾਂ ਨੂੰ Surrogacy ਜ਼ਰੀਏ ਮਾਂ ਬਣਨ ਦੀ ਇਜਾਜ਼ਤ ਮਿਲ ਸਕਦੀ ਹੈ ਪਰ ਇਸ ਲਈ ਸਬੰਧਿਤ ਮਹਿਲਾ ਨੂੰ ਮੈਡੀਕਲ ਬੋਰਡ ਦੀ ਆਗਿਆ ਅਤੇ ਅਦਾਲਤ ਤੋਂ ਇਜਾਜ਼ਤ ਲੈਣੀ ਲਾਜ਼ਮੀ ਹੈ। ਸੂਤਰਾਂ ਨੇ ਦੱਸਿਆ ਕਿ ਆਰਤੀ ਸਿੰਘ ਰਾਓ ਨੇ ਸਾਰੀਆਂ ਕਾਨੂੰਨੀ ਪ੍ਰਕਿਰਿਆਵਾਂ ਪੂਰੀਆਂ ਕੀਤੀਆਂ ਹਨ।