ਗੁਰਦੁਆਰਾ ਬਾਉਲੀ ਸਾਹਿਬ ਦੀ 65 ਸਾਲਾਂ ਮਗਰੋਂ ਦਿਖੇਗੀ ਨਵੀਂ ਦਿੱਖ
ਸਤਪਾਲ ਰਾਮਗੜ੍ਹੀਆ
ਪਿਹੋਵਾ, 7 ਜੁਲਾਈ
ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਬਾਉਲੀ ਸਾਹਿਬ ਹੁਣ ਲਗਪਗ 65 ਸਾਲਾਂ ਬਾਅਦ ਨਵੇਂ ਰੂਪ ਵਿੱਚ ਦਿਖਾਈ ਦੇਵੇਗਾ। ਪੁਰਾਣੇ ਦਰਬਾਰ ਸਾਹਿਬ ਦੀ ਥਾਂ ’ਤੇ ਨਵੀਂ ਇਮਾਰਤ ਬਣਾਉਣ ਦਾ ਕੰਮ ਸ਼ੁਰੂ ਕੀਤਾ ਗਿਆ। ਇਸ ਸਬੰਧੀ ਸੰਤਾਂ ਅਤੇ ਸੰਗਤ ਦੀ ਹਾਜ਼ਰੀ ਵਿੱਚ ਟੱਕ ਲਾਇਆ ਗਿਆ। ਇਸ ਤੋਂ ਪਹਿਲਾਂ ਗੁਰਮਤਿ ਸਮਾਗਮ ਹੋਇਆ। ਸੰਤ ਬਾਬਾ ਮਹਿੰਦਰ ਸਿੰਘ ਕਾਰ ਸੇਵਾ ਦੀ ਅਗਵਾਈ ਹੇਠ ਸੰਤਾਂ ਅਤੇ ਉੱਘੀਆਂ ਸ਼ਖ਼ਸੀਅਤਾਂ ਨੇ ਨੀਂਹ ਪੱਥਰ ਰੱਖਿਆ। ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਜਥੇਦਾਰ ਗਿਆਨੀ ਟੇਕ ਸਿੰਘ ਧਨੌਲਾ, ਬਾਬਾ ਲੱਖਾ ਸਿੰਘ, ਬਾਬਾ ਵਿਜੇ ਸਿੰਘ, ਬਾਬਾ ਸੁੰਦਰ ਸਿੰਘ ਆਦਿ ਵਿਸ਼ੇਸ਼ ਤੌਰ ‘ਤੇ ਮੌਜੂਦ ਸਨ। ਨਵੀਂ ਇਮਾਰਤ ਦੀ ਉਚਾਈ 90 ਫੁੱਟ ਹੋਵੇਗੀ ਅਤੇ ਇਹ ਤਿੰਨ ਮੰਜ਼ਿਲਾ ਹੋਵੇਗੀ। ਇਸ ਵਿੱਚ ਬੇਸਮੈਂਟ ਅਤੇ ਮੁੱਖ ਦਰਬਾਰ ਹੋਵੇਗਾ। ਦਰਬਾਰ ਸਾਹਿਬ ਦੀ ਛੱਤ 30 ਫੁੱਟ ਉੱਚੀ ਹੋਵੇਗੀ। ਜ਼ਿਕਰਯੋਗ ਹੈ ਕਿ ਦਰਬਾਰ ਸਾਹਿਬ ਦੇ ਪੁਰਾਣੇ ਸਰੂਪ ਨੂੰ ਬਦਲਣ ਦਾ ਕੰਮ 10 ਮਈ ਨੂੰ ਸ਼ੁਰੂ ਕੀਤਾ ਗਿਆ ਸੀ। ਸੰਗਤ ਇੰਨੀ ਉਤਸ਼ਾਹਿਤ ਸੀ ਕਿ ਪਹਿਲੇ ਦਿਨ ਹੀ ਉਸਾਰੀ ਦੇ ਕੰਮ ਲਈ ਕਰੋੜਾਂ ਰੁਪਏ ਦਾਨ ਵਜੋਂ ਇਕੱਠੇ ਕੀਤੇ ਗਏ। ਸੰਤ ਬਾਬਾ ਮਹਿੰਦਰ ਸਿੰਘ ਕਾਰ ਸੇਵਾ ਵਾਲਿਆਂ ਨੇ ਦੱਸਿਆ ਕਿ ਨਵਾਂ ਗੁਰੂਘਰ ਬਹੁਤ ਹੀ ਆਧੁਨਿਕ ਤਰੀਕੇ ਨਾਲ ਬਣਾਇਆ ਜਾਵੇਗਾ। ਇਸ ਵਿੱਚ ਸ਼ਰਧਾਲੂਆਂ ਦੀ ਹਰ ਤਰ੍ਹਾਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਿਆ ਜਾਵੇਗਾ। ਸਾਰਾ ਨਿਰਮਾਣ ਕਾਰਜ ਨਕਸ਼ੇ ਅਨੁਸਾਰ ਕੀਤਾ ਜਾਵੇਗਾ। ਦਰਬਾਰ ਸਾਹਿਬ ਦਾ ਪ੍ਰਵੇਸ਼ ਦੁਆਰ ਪਹਿਲਾਂ ਵਾਂਗ ਪੱਛਮ ਵੱਲ ਹੋਵੇਗਾ। ਹਾਲ ਦਾ ਖੇਤਰਫਲ 45 ਤੋਂ ਵਧਾ ਕੇ 45 ਗੁਣਾ 60 ਗੁਣਾ 80 ਵਰਗ ਫੁੱਟ ਕੀਤਾ ਜਾਵੇਗਾ। ਭੌਰਾ ਸਾਹਿਬ ਦਾ ਆਕਾਰ ਵੀ ਪਹਿਲਾਂ ਨਾਲੋਂ ਦੁੱਗਣਾ ਹੋਵੇਗਾ। ਇਸ ਵਾਰ ਭੌਰਾ ਸਾਹਿਬ ਦਾ ਪ੍ਰਵੇਸ਼ ਦੁਆਰ ਅੰਦਰੋਂ ਦਿੱਤਾ ਜਾਵੇਗਾ, ਪਹਿਲਾਂ ਇਹ ਬਾਹਰੋਂ ਹੁੰਦਾ ਸੀ। ਇਸ ਕਾਰਨ ਸ਼ਰਧਾਲੂਆਂ ਨੂੰ ਮੀਂਹ ਅਤੇ ਧੁੱਪ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਹੁਣ ਮੱਥਾ ਟੇਕਣ ਤੋਂ ਬਾਅਦ, ਉਹ ਅੰਦਰੋਂ ਸਿੱਧੇ ਭੌਰਾ ਸਾਹਿਬ ਜਾ ਸਕਣਗੇ। ਨਾਲ ਹੀ, ਗੁਰਮਤਿ ਵਿਦਿਆਲਿਆ ਅਤੇ ਅਖੰਡ ਪਾਠ ਲਈ ਵੱਖਰੇ ਕਮਰੇ ਹੋਣਗੇ। ਚਾਰੇ ਪਾਸੇ ਦੋਹਰਾ ਵਰਾਂਡਾ ਬਣਾਇਆ ਜਾਵੇਗਾ।