ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸੜਕ ਹਾਦਸੇ ’ਚ ਦਾਦੀ ਤੇ ਪੋਤੇ ਦੀ ਮੌਤ

ਟਰੈਕਟਰ ਦੇ ਕਾਰ ਨਾਲ ਟਕਰਾਉਣ ’ਤੇ ਵਾਪਰਿਆ ਹਾਦਸਾ
ਹਾਦਸੇ ਕਾਰਨ ਨੁਕਸਾਨੀ ਗਈ ਕਾਰ।
Advertisement

ਭੁਪਿੰਦਰ ਪੰਨੀਵਾਲੀਆ

ਕਾਲਾਂਵਾਲੀ, 24 ਫਰਵਰੀ

Advertisement

ਖੇਤਰ ਦੇ ਪਿੰਡ ਤਰੂਆਣਾ ਕੋਲ ਪੈਟਰੋਲ ਪੰਪ ਨੇੜੇ ਇੱਕ ਟਰੈਕਟਰ-ਟਰਾਲੀ ਅਤੇ ਇੱਕ ਆਲਟੋ ਕਾਰ ਦੀ ਟੱਕਰ ਹੋ ਗਈ, ਜਿਸ ਵਿੱਚ ਜਸਵਿੰਦਰ ਕੌਰ (65) ਅਤੇ ਉਸ ਦੇ ਪੋਤੇ ਭੁਪਿੰਦਰ ਸਿੰਘ (12) ਵਾਸੀ ਲੰਬੀ ਦੀ ਮੌਤ ਹੋ ਗਈ, ਜਦੋਂ ਕਿ ਜਸਵਿੰਦਰ ਕੌਰ ਦਾ ਪੁੱਤਰ ਰਾਜਪਾਲ ਅਤੇ ਦੋ ਔਰਤਾਂ ਜਸਪਾਲ ਕੌਰ ਅਤੇ ਚਿੰਤੋ ਕੌਰ ਜ਼ਖ਼ਮੀ ਹੋ ਗਈਆਂ। ਹਾਦਸੇ ਤੋਂ ਬਾਅਦ ਟਰੈਕਟਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ।

ਹਾਦਸੇ ਤੋਂ ਬਾਅਦ ਰਾਹਗੀਰਾਂ ਨੇ ਜ਼ਖ਼ਮੀਆਂ ਨੂੰ ਕਾਲਾਂਵਾਲੀ ਹਸਪਤਾਲ ਪਹੁੰਚਾਇਆ, ਜਿੱਥੋਂ ਜ਼ਖ਼ਮੀਆਂ ਨੂੰ ਮੁੱਢਲੀ ਸਹਾਇਤਾ ਦੇ ਕੇ ਵਾਪਸ ਭੇਜ ਦਿੱਤਾ ਗਿਆ। ਮੌਕੇ ’ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਟਰੈਕਟਰ ਚਾਲਕ ਮੁਰੰਮਤ ਲਈ ਵਰਕਸ਼ਾਪ ਵਿੱਚ ਟਰੈਕਟਰ ਖੜ੍ਹਾ ਕਰ ਰਿਹਾ ਸੀ ਅਤੇ ਲੈਵਲ ਸਹੀ ਨਾ ਹੋਣ ਕਾਰਨ ਟਰੈਕਟਰ ਪਿੱਛੇ ਹਟ ਗਿਆ ਅਤੇ ਇਸ ਦੌਰਾਨ ਦੂਜੇ ਪਾਸਿਓਂ ਆ ਰਹੀ ਇੱਕ ਕਾਰ ਨੂੰ ਉਸ ਨੇ ਟੱਕਰ ਮਾਰ ਦਿੱਤੀ। ਹਾਦਸੇ ਤੋਂ ਬਾਅਦ ਦੁਕਾਨਦਾਰਾਂ ਨੇ ਬੜੀ ਮੁਸ਼ਕਲ ਨਾਲ ਕਾਰ ਵਿੱਚ ਫਸੇ ਲੋਕਾਂ ਨੂੰ ਬਾਹਰ ਕੱਢਿਆ। ਇਸ ਮਗਰੋਂ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ।

ਜ਼ਖ਼ਮੀ ਰਾਜਪਾਲ ਸਿੰਘ ਨੇ ਦੱਸਿਆ ਕਿ ਉਹ ਪਿੰਡ ਫੱਗੂ ਆਪਣੇ ਰਿਸ਼ਤੇਦਾਰਾਂ ਕੋਲ ਗਿਆ ਹੋਇਆ ਸੀ, ਜਦੋਂ ਉਹ ਸ਼ਾਮ ਨੂੰ ਵਾਪਸ ਆ ਰਿਹਾ ਸੀ ਤਾਂ ਪਿੰਡ ਤਰੂਆਣਾ ਨੇੜੇ ਅਚਾਨਕ ਇੱਕ ਟਰੈਕਟਰ ਟਰਾਲੀ ਸੜਕ ’ਤੇ ਆ ਗਈ ਅਤੇ ਉਸ ਦੀ ਕਾਰ ਨਾਲ ਟਕਰਾ ਗਈ। ਕਾਰ ਵਿੱਚ ਪੰਜ ਜਣੇ ਸਵਾਰ ਸਨ। ਇਸ ਹਾਦਸੇ ਵਿੱਚ ਉਸ ਦੀ ਮਾਂ ਜਸਵਿੰਦਰ ਕੌਰ ਦੀ ਮੌਤ ਹੋ ਗਈ ਅਤੇ ਉਨ੍ਹਾਂ ਦੇ ਪੁੱਤਰ ਭੁਪਿੰਦਰ ਸਿੰਘ ਦੀ ਏਮਜ਼ ਬਠਿੰਡਾ ਵਿੱਚ ਮੌਤ ਹੋ ਗਈ।

ਮਾਮਲੇ ਦੀ ਜਾਂਚ ਕਰ ਰਹੇ ਜਾਂਚ ਅਧਿਕਾਰੀ ਜਸਪਾਲ ਸਿੰਘ ਨੇ ਦੱਸਿਆ ਕਿ ਰਾਜਪਾਲ ਸਿੰਘ ਦੇ ਬਿਆਨ ਦੇ ਆਧਾਰ ’ਤੇ ਅਣਪਛਾਤੇ ਟਰੈਕਟਰ ਡਰਾਈਵਰ ਖ਼ਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਟਰੈਕਟਰ-ਟਰਾਲੀ ਥੱਲੇ ਆਉਣ ਕਾਰਨ ਬੱਚੇ ਦੀ ਮੌਤ

ਕਾਲਾਂਵਾਲੀ ਦੇ ਵਾਰਡ ਨੰਬਰ-4 ਵਿੱਚ ਰੇਤ ਨਾਲ ਭਰੀ ਟਰੈਕਟਰ ਟਰਾਲੀ ਹੇਠਾਂ ਆਉਣ ਨਾਲ ਇੱਕ ਪੰਜ ਸਾਲਾ ਬੱਚੇ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਜਸ ਪੁੱਤਰ ਸੰਜੂ ਹਰ ਰੋਜ਼ ਦੀ ਤਰ੍ਹਾਂ ਆਪਣੇ ਘਰ ਦੇ ਨੇੜੇ ਗਲੀ ਵਿੱਚ ਖੇਡ ਰਿਹਾ ਸੀ। ਇਸ ਦੌਰਾਨ ਇੱਕ ਟਰੈਕਟਰ ਟਰਾਲੀ ਆਈ ਅਤੇ ਟਰੈਕਟਰ ਦਾ ਟਾਇਰ ਬੱਚੇ ਦੇ ਉੱਪਰੋਂ ਲੰਘ ਗਿਆ। ਟਰੈਕਟਰ ਨੇ ਬੱਚੇ ਨੂੰ ਆਪਣੀ ਲਪੇਟ ਵਿੱਚ ਲੈ ਲਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਇਸ ਹਾਦਸੇ ਤੋਂ ਬਾਅਦ ਟਰੈਕਟਰ ਡਰਾਈਵਰ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਉੱਥੇ ਮੌਜੂਦ ਲੋਕਾਂ ਨੇ ਉਸ ਨੂੰ ਫੜ ਲਿਆ ਅਤੇ ਕਾਲਾਂਵਾਲੀ ਪੁਲੀਸ ਚੌਕੀ ਦੇ ਹਵਾਲੇ ਕਰ ਦਿੱਤਾ। ਬੱਚੇ ਦੇ ਪਰਿਵਾਰਕ ਮੈਂਬਰ ਉਸ ਨੂੰ ਕਾਲਾਂਵਾਲੀ ਦੇ ਸਰਕਾਰੀ ਹਸਪਤਾਲ ਲੈ ਗਏ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਬੱਚੇ ਦੇ ਪਰਿਵਾਰ ਵਾਲਿਆਂ ਦੀ ਸ਼ਿਕਾਇਤ ’ਤੇ ਪੁਲੀਸ ਨੇ ਡਰਾਈਵਰ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Advertisement