ਮਹਾਰਾਜਾ ਅਗਰਸੈਨ ਦੇ ਰਾਹ ’ਤੇ ਚੱਲ ਰਹੀਆਂ ਨੇ ਸਰਕਾਰਾਂ: ਸੈਣੀ
ਪੀ ਪੀ ਵਰਮਾ
ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਅੱਜ ਕਿਹਾ ਕਿ ਕੇਂਦਰ ਤੇ ਸੂਬਾ ਸਰਕਾਰਾਂ ਮਹਾਰਾਜਾ ਅਗਰਸੈਨ ਵੱਲੋਂ ਦਰਸਾਏ ਰਾਹ ’ਤੇ ਚੱਲਦਿਆਂ ‘ਸਭ ਕਾ ਸਾਥ, ਸਭ ਕਾ ਵਿਕਾਸ’ ਦੀ ਨੀਤੀ ’ਤੇ ਕੰਮ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਮਹਾਰਾਜਾ ਅਗਰਸੈਨ ਨੇ ਆਪਣੇ ਰਾਜ ਦੇ ਹਰ ਨਿਵਾਸੀ ਨੂੰ ਇੱਕ ਇੱਟ ਅਤੇ ਇੱਕ ਸੋਨੇ ਦਾ ਸਿੱਕਾ ਭੇਟ ਕਰਕੇ ਸਮਰੱਥ ਕੀਤਾ, ਉਸੇ ਤਰ੍ਹਾਂ ਸਰਕਾਰ ਆਪਣੀ ਅਗਾਂਹਵਧੂ ਸੋਚ ਦੇ ਅਧਾਰ ’ਤੇ ਆਪਣੀਆਂ ਯੋਜਨਾਵਾਂ ਰਾਹੀਂ ਹਰੇਕ ਵਿਅਕਤੀ ਨੂੰ ਆਤਮ-ਨਿਰਭਰ ਬਣਾ ਰਹੀ ਹੈ। ਮੁੱਖ ਮੰਤਰੀ ਪੰਚਕੂਲਾ ਵਿੱਚ ਹਰਿਆਣਾ ਸਰਕਾਰ ਦੀ ‘ਸੰਤ ਮਹਾਪੁਰਸ਼ ਸਨਮਾਨ ਅਤੇ ਵਿਚਾਰ-ਪ੍ਰਸਾਰ ਯੋਜਨਾ’ ਤਹਿਤ ਕਰਵਾਏ ਸੂਬਾ ਪੱਧਰੀ ਮਹਾਰਾਜਾ ਅਗਰਸੈਨ ਜੈਅੰਤੀ ਸਮਾਰੋਹ ਨੂੰ ਮੁੱਖ ਮਹਿਮਾਨ ਵਜੋਂ ਸੰਬੋਧਨ ਕਰ ਰਹੇ ਸਨ। ਮੁੱਖ ਮੰਤਰੀ ਸੈਣੀ ਨੇ ਲੋਕਾਂ ਨੂੰ ਨਰਾਤਿਆਂ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਮਹਾਰਾਜਾ ਅਗਰਸੈਨ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਵਿਧਾਇਕ ਸਾਵਿੱਤਰੀ ਜਿੰਦਲ, ਵਿਧਾਇਕ ਘਣਸ਼ਿਆਮ ਸਰਾਫ਼, ਵਿਧਾਨ ਸਭਾ ਦੇ ਸਾਬਕਾ ਸਪੀਕਰ ਗਿਆਨਚੰਦ ਗੁਪਤਾ, ਰਾਜ ਪੱਧਰੀ ਸਮਾਗਮ ਦੇ ਕੋਆਰਡੀਨੇਟਰ ਅਮਿਤ ਜਿੰਦਲ, ਡਿਪਟੀ ਕਮਿਸ਼ਨਰ ਸਤਪਾਲ ਸ਼ਰਮਾ, ਗਊ ਸੇਵਾ ਆਯੋਗ ਦੇ ਚੇਅਰਮੈਨ ਸ਼੍ਰਵਣ ਗਰਗ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਪੰਨਾਕੁਲ ਗੋਇਲ, ਮੇਅਰ ਸੋਨੀਪਤ ਰਾਜੀਵ ਜੈਨ, ਮੇਅਰ ਕਰਨਲ ਰੇਣੂ ਬਾਲਾ ਗੁਪਤਾ, ਭਾਜਪਾ ਦੀ ਸੂਬਾ ਜਨਰਲ ਸਕੱਤਰ ਡਾ. ਅਰਚਨਾ ਗੁਪਤਾ, ਆਲ ਇੰਡੀਆ ਅਗਰਵਾਲ ਕਾਨਫ਼ਰੰਸ ਦੇ ਕੌਮੀ ਪ੍ਰਧਾਨ ਗੋਪਾਲ ਸ਼ਰਨ ਗਰਗ, ਬ੍ਰਿਜਲਾਲ ਗਰਗ ਆਦਿ ਹਾਜ਼ਰ ਸਨ।