ਦਿੱਲੀ ਦੇ ਇਸ਼ਾਰਿਆਂ ’ਤੇ ਚੱਲ ਰਹੀ ਹੈ ਸਰਕਾਰ: ਜੈ ਪ੍ਰਕਾਸ਼
ਕਾਂਗਰਸ ਦੇ ਸੰਸਦ ਮੈਂਬਰ ਜੈ ਪ੍ਰਕਾਸ਼ ਨੇ ਐਲਾਨ ਕੀਤਾ ਹੈ ਕਿ ਕਾਂਗਰਸ ਪਾਰਟੀ 14 ਦਸੰਬਰ ਨੂੰ ਦਿੱਲੀ ਵਿੱਚ ਵੱਡੀ ਰੈਲੀ ਕਰਨ ਜਾ ਰਹੀ ਹੈ। ਇਸ ਰੈਲੀ ਵਿੱਚ ਕਾਂਗਰਸ ਦੇ ਕੌਮੀ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦੇਸ਼ ਦੀ ਜਨਤਾ ਨੂੰ ਸੰਬੋਧਨ ਕਰਨਗੇ ਅਤੇ ਦੱਸਣਗੇ ਕਿ ਜਦੋਂ ਧਨ, ਮਸ਼ੀਨਰੀ ਅਤੇ ਸੱਤਾ ਦੇ ਜ਼ੋਰ ’ਤੇ ਸਰਕਾਰਾਂ ਬਣਾਈਆਂ ਜਾਂਦੀਆਂ ਹਨ, ਤਾਂ ਲੋਕਤੰਤਰ ਖਤਰੇ ਵਿੱਚ ਪੈ ਜਾਂਦਾ ਹੈ। ਜੈ ਪ੍ਰਕਾਸ਼ ਨੇ ਭਾਜਪਾ ਸਰਕਾਰ ’ਤੇ ਸਖ਼ਤ ਟਿੱਪਣੀ ਕਰਦਿਆਂ ਕਿਹਾ ਕਿ ਹਰਿਆਣਾ ਸਰਕਾਰ ਦਾ ਆਪਣਾ ਕੋਈ ਫੈਸਲਾ ਨਹੀਂ ਹੈ, ਸਗੋਂ ਹਰ ਫੈਸਲੇ ਲਈ ਘੰਟੀ ਦਿੱਲੀ ਤੋਂ ਵੱਜਦੀ ਹੈ। ਉਨ੍ਹਾਂ ਨੇ ਜਜਪਾ ਦੀ ਰੈਲੀ ’ਤੇ ਤਨਜ਼ ਕੱਸਦਿਆਂ ਕਿਹਾ ਕਿ ਜਦੋਂ ਉਨ੍ਹਾਂ ਕੋਲ ਸੱਤਾ ਸੀ, ਉਦੋਂ ਜੇ ਉਨ੍ਹਾਂ ਨੇ ਜੀਂਦ ਅਤੇ ਉਚਾਨਾ ਨੂੰ ਯਾਦ ਕੀਤਾ ਹੁੰਦਾ, ਤਾਂ ਅੱਜ ਉਨ੍ਹਾਂ ਦੀ ਇਹ ਦੁਰਦਸ਼ਾ ਨਾ ਹੁੰਦੀ। ਉਨ੍ਹਾਂ ਕਿਹਾ ਕਿ ਹੁਣ ਲੋਕ ਇਨ੍ਹਾਂ ਦੇ ਬਹਿਕਾਵੇ ਵਿੱਚ ਨਹੀਂ ਆਉਣ ਵਾਲੇ। ‘ਲਾਡੋ ਲਕਸ਼ਮੀ’ ਯੋਜਨਾ ਬਾਰੇ ਉਨ੍ਹਾਂ ਕਿਹਾ ਕਿ ਸਰਕਾਰ ਇਸ ਯੋਜਨਾ ਦੀਆਂ ਸ਼ਰਤਾਂ ਵਿੱਚ ਬਾਰ-ਬਾਰ ਬਦਲਾਅ ਕਰ ਰਹੀ ਹੈ। ਚੋਣਾਂ ਵੇਲੇ ਕੁਝ ਹੋਰ ਕਿਹਾ ਗਿਆ ਸੀ ਅਤੇ ਹੁਣ ਕੁਝ ਹੋਰ ਕੀਤਾ ਜਾ ਰਿਹਾ ਹੈ। ਜੈ ਪ੍ਰਕਾਸ਼ ਨੇ ਕਿਹਾ ਕਿ 2014 ਵਿੱਚ ਜਦੋਂ ਭਾਜਪਾ ਸੱਤਾ ਵਿੱਚ ਆਈ ਤਾਂ ਭੁਪਿੰਦਰ ਸਿੰਘ ਹੁੱਡਾ ਸਰਕਾਰ ਸੂਬੇ ’ਤੇ 65 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਛੱਡ ਕੇ ਗਈ ਸੀ, ਜਿਸ ਵਿੱਚ ਐਕਸਪ੍ਰੈਸ-ਵੇ, 8 ਮੈਡੀਕਲ ਕਾਲਜ, 5 ਪਾਵਰ ਪਲਾਂਟ ਅਤੇ ਆਈ ਆਈ ਟੀ, ਆਈ ਆਈ ਐੱਮ ਵਰਗੇ ਵੱਡੇ ਪ੍ਰਾਜੈਕਟ ਸ਼ਾਮਲ ਸਨ। ਪਰ ਹੁਣ ਭਾਜਪਾ ਦੇ ਰਾਜ ਵਿੱਚ ਨੌਜਵਾਨਾਂ ਨੂੰ ਰੁਜ਼ਗਾਰ ਨਹੀਂ ਮਿਲ ਰਿਹਾ ਤੇ ਮਨਰੇਗਾ ਤੋਂ ਮਜ਼ਦੂਰੀ ਬੰਦ ਹੋ ਰਹੀ ਹੈ।
