ਹਿਸਾਰ ਵਿੱਚ ਗੁੰਡਿਆਂ ਨੇ ਪੁਲੀਸ ਅਫ਼ਸਰ ਨੂੰ ਕੁੱਟ-ਕੁੱਟ ਕੇ ਮਾਰਿਆ
ਇੱਥੋਂ ਦੀ ਸ਼ਾਮਲਾਲ ਢਾਣੀ ਕਲੋਨੀ ਵਿੱਚ ਬੀਤੀ ਰਾਤ ਹਰਿਆਣਾ ਪੁਲੀਸ ਦੇ ਇੱਕ ਸਬ-ਇੰਸਪੈਕਟਰ ਨੂੰ ਉਸਦੇ ਘਰ ਦੇ ਬਾਹਰ ਬਦਮਾਸ਼ਾਂ ਨੇ ਕੁੱਟ-ਕੁੱਟ ਕੇ ਮਾਰ ਦਿੱਤਾ।
ਮ੍ਰਿਤਕ ਦੀ ਪਛਾਣ 57 ਸਾਲਾ ਰਮੇਸ਼ ਕੁਮਾਰ ਵਜੋਂ ਹੋਈ ਹੈ, ਜੋ ਹਿਸਾਰ ਵਿੱਚ ਵਧੀਕ ਡਾਇਰੈਕਟਰ ਜਨਰਲ ਆਫ਼ ਪੁਲੀਸ (ADGP) ਦਫ਼ਤਰ ਵਿੱਚ ਤਾਇਨਾਤ ਸੀ। ਉਸ ਨੇ ਆਪਣੇ ਮੁਹੱਲੇ ਵਿੱਚ ਹੰਗਾਮਾ ਕਰ ਰਹੇ ਨੌਜਵਾਨਾਂ ਦੇ ਇੱਕ ਸਮੂਹ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਸੀ। ਹਾਲਾਂਕਿ, ਨੌਜਵਾਨ ਕੁਝ ਸਮੇਂ ਬਾਅਦ ਵਾਪਸ ਆਏ ਅਤੇ ਉਸਦੇ ਘਰ ਦੇ ਬਾਹਰ ਖੜ੍ਹੇ ਹੋ ਕੇ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਜਦੋਂ ਉਹ ਘਰੋਂ ਬਾਹਰ ਆਇਆ, ਤਾਂ ਹਮਲਾਵਰਾਂ ਨੇ ਉਸ ’ਤੇ ਇੱਟਾਂ ਅਤੇ ਡੰਡਿਆਂ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਹਮਲਾਵਰ ਮੌਕੇ ਤੋਂ ਇੱਕ ਕਾਰ ਅਤੇ ਦੋ ਦੋਪਹੀਆ ਵਾਹਨ ਛੱਡ ਕੇ ਭੱਜ ਗਏ। ਸੂਚਨਾ ਮਿਲਦੇ ਹੀ ਸੀਨੀਅਰ ਪੁਲੀਸ ਅਧਿਕਾਰੀਆਂ ਨੇ ਮੌਕੇ ’ਤੇ ਪਹੁੰਚੇ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਅਧਿਕਾਰੀਆਂ ਨੇ ਕਿਹਾ ਕਿ ਮੁਲਜ਼ਮਾਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਹੈ ਅਤੇ ਜੁਰਮ ਵਾਲੀ ਥਾਂ 'ਤੇ ਛੱਡੇ ਗਏ ਵਾਹਨਾਂ ਨੂੰ ਵੀ ਜ਼ਬਤ ਕਰ ਲਿਆ ਹੈ। ਪੁਲਿਸ ਨੇ ਫਰਾਰ ਮੁਲਜ਼ਮਾਂ ਨੂੰ ਫੜਨ ਲਈ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਹੈ।
