ਗੀਤਾ ਮਹਾਂਉਤਸਵ: ਨਾਟਕ ‘ਜੈ ਸ੍ਰੀ ਕ੍ਰਿਸ਼ਨ’ ਖੇਡਿਆ
ਕੌਮਾਂਤਰੀ ਗੀਤਾ ਮਹਾਂਉਤਸਵ ਦੇ ਸੱਭਿਆਚਾਰਕ ਸਮਾਗਮਾਂ ਦੇ ਤੀਜੇ ਦਿਨ ਨਾਟਕ ‘ਜੈ ਸ੍ਰੀ ਕ੍ਰਿਸ਼ਨ’ ਖੇਡਿਆ ਗਿਆ। ਨਾਟਕ ਵਿੱਚ ਫਿਲਮ ਅਦਾਕਾਰ ਪੁਨੀਤ ਇਸਰ ਅਤੇ ਅਦਾਕਾਰ ਬਿੰਦੂ ਦਾਰਾ ਸਿੰਘ ਨੇ ਦੁਰਯੋਧਨ ਅਤੇ ਭੀਮ ਦੀਆਂ ਭੂਮਿਕਾਵਾਂ ਨਿਭਾਈਆਂ। ਦੋਹਾਂ ਅਦਾਕਾਰਾਂ ਨੇ ਕਿਹਾ ਕਿ ਉਹ ਪਹਿਲੀ ਵਾਰ ਕੁਰੂਕਸ਼ੇਤਰ ਵਿੱਚ ਕੌਮਾਂਤਰੀ ਗੀਤਾ ਮਹਾਂਉਤਸਵ ਵਿੱਚ ਹਿੱਸਾ ਲੈਣ ਆਏ ਹਨ। ਉਨ੍ਹਾਂ ਨੇ ਬ੍ਰਹਮਸਰੋਵਰ ਦੇ ਕੰਢੇ ’ਤੇ ਕੌਮਾਂਤਰੀ ਗੀਤਾ ਮਹਾਂਉਤਸਵ ਲਈ ਸੂਬਾ ਸਰਕਾਰ ਵੱਲੋਂ ਕੀਤੇ ਗਏ ਪ੍ਰਬੰਧਾਂ ਲਈ ਜ਼ਿਲ੍ਹਾ ਪ੍ਰਸ਼ਾਸਨ ਦਾ ਧੰਨਵਾਦ ਕੀਤਾ।
ਇਸ ਦੌਰਾਨ ਨਾਟਕ ਸ੍ਰੀ ਕ੍ਰਿਸ਼ਨ, ਕ੍ਰਿਸ਼ਨ ਰਾਸ ਅਤੇ ਕ੍ਰਿਸ਼ਨ ਨਾਚ ਨਾਲ ਸ਼ੁਰੂ ਹੋਇਆ। ਨਾਟਕ ਵਿੱਚ ਮਹਾਂ ਭਾਰਤ ਵੱਖ-ਵੱਖ ਦ੍ਰਿਸ਼ ਪੇਸ਼ ਕੀਤੇ ਗਏ। ਵੱਡੀ ਗਿਣਤੀ ਵਿੱਚ ਦਰਸ਼ਕਾਂ ਨੇ ਨਾਟਕ ਦਾ ਪੂਰਾ ਆਨੰਦ ਮਾਣਿਆ। ਨਾਟਕ ਵਿੱਚ ਕੌਰਵਾਂ ਤੇ ਪਾਂਡਵਾਂ ਵਿਚਕਾਰ ਸੰਵਾਦ ਅਤੇ ਮਹਾਂ ਭਾਰਤ ਯੁੱਧ ਤੱਕ ਦੇ ਹਰ ਪਲ ਨੂੰ ਪ੍ਰਦਸ਼ਿਤ ਕੀਤਾ ਗਿਆ।
ਫਿਲਮ ਅਦਾਕਾਰ ਪੁਨੀਤ ਇਸਰ ਦੇ ਪੁੱਤਰ ਸਿਧਾਂਤ ਇਸਰ ਨੇ ਭਗਵਾਨ ਕ੍ਰਿਸ਼ਨ ਦੀ ਭੂਮਿਕਾ ਨਿਭਾਈ। ਸਿਧਾਂਤ ਇਸਰ ਨੇ ਕਿਹਾ ਕਿ ਉਨ੍ਹਾਂ ਦੇ ਕਈ ਟੀ ਵੀ ਸੀਰੀਅਲ ਚੱਲ ਰਹੇ ਹਨ ਤੇ ਹੋਰ ਵੀ ਜਲਦੀ ਹੀ ਆ ਰਹੇ ਹਨ। ਨਾਟਕ ਕ੍ਰਿਸ਼ਨ ਰਾਸ ਨਾਲ ਸਮਾਪਤ ਹੋਇਆ। ਇਸ ਮੌਕੇ ਕਈ ਪਤਵੰਤੇ ਮੌਜੂਦ ਸਨ।
