ਗੀਤਾ ਜ਼ਿੰਦਗੀ ਲਈ ਰਾਹ ਦਸੇਰਾ: ਸੈਣੀ
ਸ੍ਰੀਮਦ ਭਗਵਦ ਗੀਤਾ ਜੈਯੰਤੀ ਨੂੰ ਸਮਰਪਿਤ ਮਾਤ ਭੂਮੀ ਸੇਵਾ ਮਿਸ਼ਨ ਵੱਲੋਂ ਗੀਤਾ ਦੇ ਜਨਮ ਅਸਥਾਨ ਜੋਤੀਸਰ ਵਿੱਚ ਕਰਵਾਇਆ ਗਿਆ 18 ਰੋਜ਼ਾ ‘ਵਿਸ਼ਵ ਮੰਗਲ ਮਹਾਯੱਗ’ ਅੱਜ ਵੈਦਿਕ ਪਰੰਪਰਾ ਅਨੁਸਾਰ ਸੰਪੰਨ ਹੋ ਗਿਆ। ਗੀਤਾ ਮਨੀਸ਼ੀ ਸਵਾਮੀ ਗਿਆਨਾਨੰਦ ਅਤੇ ਮਿਸ਼ਨ ਦੇ ਸੰਸਥਾਪਕ ਡਾ. ਸ੍ਰੀ ਪ੍ਰਕਾਸ਼ ਮਿਸ਼ਰਾ ਨੇ ਸਾਂਝੇ ਤੌਰ ’ਤੇ ਯੱਗ ਦੀ ਪੂਰਨਾਹੂਤੀ ਪਾਈ।
ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਗੀਤਾ ਇੱਕ ਵਿਸ਼ਵ ਵਿਆਪੀ ਗ੍ਰੰਥ ਹੈ ਜੋ ਸਾਨੂੰ ਜੀਵਨ ਦੀਆਂ ਮੁਸ਼ਕਲਾਂ ਅਤੇ ਚੁਣੌਤੀਆਂ ਦਾ ਸਾਹਮਣਾ ਕਰਨ ਦਾ ਸਹੀ ਰਸਤਾ ਦਿਖਾਉਂਦਾ ਹੈ। ਉਨ੍ਹਾਂ ਕਿਹਾ ਕਿ ਗੀਤਾ ਦਾ ਗਿਆਨ, ਅਧਿਆਤਮਿਕ ਮਾਰਗ ਦਰਸ਼ਨ ਅਤੇ ਨੈਤਿਕ ਸਿਧਾਂਤ ਵਿਅਕਤੀਗਤ ਤੇ ਸਮਾਜਿਕ ਭਲਾਈ ਨੂੰ ਉਤਸ਼ਾਹਿਤ ਕਰਦੇ ਹਨ। ਮੁੱਖ ਮੰਤਰੀ ਨੇ ਮਾਤ ਭੂਮੀ ਸੇਵਾ ਮਿਸ਼ਨ ਦੇ ਉਪਰਾਲਿਆਂ ਦੀ ਭਰਪੂਰ ਸ਼ਲਾਘਾ ਕੀਤੀ। ਸਮਾਰੋਹ ਦੀ ਪ੍ਰਧਾਨਗੀ ਕਰਦਿਆਂ ਸਵਾਮੀ ਗਿਆਨਾਨੰਦ ਨੇ ਕਿਹਾ ਕਿ ਇਹ ਮਿਸ਼ਨ ਭਗਵਦ ਗੀਤਾ ਨੂੰ ਸਮਰਪਿਤ ਇੱਕ ਸਮਾਜਿਕ ਅਤੇ ਅਧਿਆਤਮਿਕ ਸੰਗਠਨ ਹੈ। ਮਿਸ਼ਨ ਦੇ ਸੰਸਥਾਪਕ ਡਾ. ਮਿਸ਼ਰਾ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਭਗਵਦ ਗੀਤਾ ਮਨੁੱਖਤਾ ਦਾ ਅੱਜ ਤੱਕ ਦਾ ਸਭ ਤੋਂ ਮਹੱਤਵਪੂਰਨ ਸੰਵਿਧਾਨ ਹੈ। ਉਨ੍ਹਾਂ ਕਿਹਾ ਕਿ ਜਿਸ ਧਰਮ ਦਾ ਸਾਰ ਗੀਤਾ ਹੈ, ਉਸ ਨੂੰ ਵੈਦਿਕ ਧਰਮ ਕਿਹਾ ਜਾਂਦਾ ਹੈ ਜੋ ਸਮੂਹ ਜੀਵਾਂ ਦੀ ਭਲਾਈ ਦਾ ਸੰਦੇਸ਼ ਦਿੰਦਾ ਹੈ। ਕੁਰੂਕਸ਼ੇਤਰ ਸੰਸਕ੍ਰਿਤ ਵੇਦ ਵਿਦਿਆਲਿਆ ਦੇ ਅਚਾਰੀਆ ਨਰੇਸ਼ ਕੌਸ਼ਿਕ ਨੇ ਵੈਦਿਕ ਬ੍ਰਹਮਚਾਰੀਆਂ ਦੇ ਸਹਿਯੋਗ ਨਾਲ ਯੱਗ ਦੀ ਪੂਰਨਹੂਤੀ ਦੀ ਰਸਮ ਪੂਰੀ ਵਿਧੀ ਨਾਲ ਨਿਭਾਈ।
