ਘੱਗਰ ਅਪਡੇਟ: ਸਿਰਸਾ ’ਚ ਓਟੂ ਹੈੱਡ ਦੇ ਸਾਰੇ ਗੇਟ ਖੋਲ੍ਹੇ; ਰਾਣੀਆ ਏਲਨਾਬਾਦ ਖੇਤਰ ਵਿੱਚ ਸਥਿਤੀ ਚਿੰਤਾਜਨਕ
ਜ਼ਿਲ੍ਹਾ ਪ੍ਰਸ਼ਾਸਨ ਘੱਗਰ ਨਦੀ ਦੇ ਪਾਣੀ ਦੇ ਪੱਧਰ ਅਤੇ ਬੰਨ੍ਹਾਂ ਦੀ ਲਗਾਤਾਰ ਨਿਗਰਾਨੀ ਕਰ ਰਿਹਾ ਹੈ। ਸਿੰਚਾਈ ਵਿਭਾਗ ਤੋਂ ਇਲਾਵਾ, ਪ੍ਰਸ਼ਾਸਨਿਕ ਅਧਿਕਾਰੀ ਲਗਾਤਾਰ ਸਥਿਤੀ ਦਾ ਜਾਇਜ਼ਾ ਲੈ ਰਹੇ ਹਨ ਅਤੇ ਸੁਰੱਖਿਆ ਪ੍ਰਬੰਧਾਂ ਨੂੰ ਮਜ਼ਬੂਤ ਕਰ ਰਹੇ ਹਨ। ਜ਼ਿਲ੍ਹੇ ਵਿੱਚ ਸਥਿਤੀ ਆਮ ਹੈ ਅਤੇ ਸਾਵਧਾਨੀ ਵਜੋਂ ਲੋੜ ਅਨੁਸਾਰ ਬੰਨ੍ਹਾਂ ਨੂੰ ਮਜ਼ਬੂਤ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ। ਮਿੱਟੀ ਦੀਆਂ ਬੋਰੀਆਂ ਵੀ ਭਰੀਆਂ ਗਈਆਂ ਹਨ ਤਾਂ ਜੋ ਬੰਨ੍ਹਾਂ ਵਿੱਚ ਲੀਕੇਜ ਨੂੰ ਰੋਕਿਆ ਜਾ ਸਕੇ।
ਸਿੰਚਾਈ ਵਿਭਾਗ ਦੇ ਕਾਰਜਕਾਰੀ ਇੰਜਨੀਅਰ ਸੰਦੀਪ ਸ਼ਰਮਾ ਨੇ ਆਪਣੀ ਟੀਮ ਨਾਲ ਘੱਗਰ ਦੇ ਬੰਨ੍ਹਾਂ ਦੀ ਸਥਿਤੀ ਦਾ ਮੁਆਇਨਾ ਕੀਤਾ ਅਤੇ ਮੌਜੂਦ ਅਧਿਕਾਰੀਆਂ ਨੂੰ ਜ਼ਰੂਰੀ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਘੱਗਰ ਦੇ ਪਾਣੀ ਦੇ ਪੱਧਰ ’ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ। ਨਦੀ ਦੇ ਕੰਢੇ ਪਿੰਡਾਂ ਦੇ ਲੋਕਾਂ ਨਾਲ ਲਗਾਤਾਰ ਸੰਪਰਕ ਕੀਤਾ ਜਾ ਰਿਹਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਐਮਰਜੈਂਸੀ ਸਥਿਤੀ ਬਾਰੇ ਤੁਰੰਤ ਪ੍ਰਸ਼ਾਸਨ ਨੂੰ ਸੂਚਿਤ ਕਰਨ।
ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਘਬਰਾਉਣ ਦੀ ਲੋੜ ਨਹੀਂ ਹੈ ਅਤੇ ਸਥਿਤੀ ਆਮ ਵਾਂਗ ਹੈ। ਜੇਕਰ ਨਦੀ ਦੇ ਆਲੇ-ਦੁਆਲੇ ਸਥਿਤ ਪਿੰਡਾਂ ਦੇ ਲੋਕਾਂ ਨੂੰ ਬੰਨ੍ਹ ਟੁੱਟਣ ਜਾਂ ਪਾਣੀ ਦੇ ਲੀਕੇਜ ਦਾ ਖ਼ਤਰਾ ਹੈ, ਤਾਂ ਸਬੰਧਤ ਪਟਵਾਰੀ, ਗਰਾਮ ਪੰਚਾਇਤ ਸਕੱਤਰ, ਸਿੰਚਾਈ ਵਿਭਾਗ, ਹੜ੍ਹ ਕੰਟਰੋਲ ਫ਼ੋਨ ਨੰਬਰ 01666-248882 ਜਾਂ ਡਿਪਟੀ ਕਮਿਸ਼ਨਰ ਕੈਂਪ ਦਫ਼ਤਰ ਦੇ ਟੈਲੀਫੋਨ ਨੰਬਰ 01666-248880 ’ਤੇ ਤੁਰੰਤ ਸੂਚਿਤ ਕੀਤਾ ਜਾਵੇ।