ਵਿਆਹ ਕਰਵਾਉਣ ਦੇ ਨਾਂ ’ਤੇ ਧੋਖਾਧੜੀ
ਇੱਥੋਂ ਦੀ ਪੁਲੀਸ ਨੇ ਫਰਜ਼ੀ ਵਿਆਹ ਦੇ ਨਾਂ ’ਤੇ ਲੱਖਾਂ ਰੁਪਏ ਦੀ ਠੱਗੀ ਮਾਰਨ ਵਾਲੇ ਗਰੋਹ ਦੀ ਮਹਿਲਾ ਸਹਿ-ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ।
ਜਾਣਕਾਰੀ ਅਨੁਸਾਰ ਪਿੰਡ ਦੀਆ, ਹਿਸਾਰ ਦੇ ਰਹਿਣ ਵਾਲੇ ਰਾਜੇਂਦਰ ਸਿੰਘ ਦੀ ਪਤਨੀ ਕ੍ਰਿਸ਼ਨਾ ਦੇਵੀ ਆਪਣੇ ਪੁੱਤਰ ਸੁਨੀਲ ਕੁਮਾਰ (28) ਲਈ ਵਿਆਹ ਦਾ ਪ੍ਰਸਤਾਵ ਲੱਭ ਰਹੀ ਸੀ। ਇਸ ਦੌਰਾਨ, ਉਸ ਦੀ ਮੁਲਾਕਾਤ ਜਤਿੰਦਰ ਨਿਵਾਸੀ ਪਿੰਡ ਫੂਲੀ, ਥਾਣਾ ਤੋਸ਼ਾਮ, ਭਿਵਾਨੀ ਨਾਲ ਹੋਈ, ਜਿਸ ਨੇ ਵਿਆਹ ਦਾ ਪ੍ਰਬੰਧ 70 ਹਜ਼ਾਰ ਵਿੱਚ ਕਰਨ ਅਤੇ ਲਾੜੀ ਨੂੰ ਘਰ ਭੇਜਣ ਦਾ ਭਰੋਸਾ ਦਿੱਤਾ। ਇਸ ਗੱਲ ’ਤੇ ਵਿਸ਼ਵਾਸ ਕਰਦੇ ਹੋਏ, ਪੀੜਤਾ ਨੇ ਮਲਕੀਤ ਸਿੰਘ ਉਰਫ਼ ਮਾਖਾ ਦੇ ਬੈਂਕ ਖਾਤੇ ਵਿੱਚ 40 ਹਜ਼ਾਰ ਦੀ ਰਕਮ ਟਰਾਂਸਫਰ ਕਰ ਦਿੱਤੀ। 17 ਜੁਲਾਈ, 2025 ਨੂੰ ਤਿੰਨ ਔਰਤਾਂ ਅਤੇ ਦੋ ਆਦਮੀ ਰਤੀਆ ਦੇ ਇੱਕ ਢਾਬੇ ’ਤੇ ਪਹੁੰਚੇ, ਜਿਨ੍ਹਾਂ ਨੇ ਸੁਨੀਲ ਤੋਂ 20 ਹਜ਼ਾਰ ਨਕਦ ਲਏ ਅਤੇ ਕਿਹਾ ਕਿ ਉਹ ਲਾੜੀ ਨੂੰ ਪਾਰਲਰ ਲੈ ਜਾ ਰਹੇ ਹਨ, ਪਰ ਉਹ ਉੱਥੋਂ ਭੱਜ ਗਏ। ਮਾਮਲੇ ਦੀ ਜਾਣਕਾਰੀ ਮਿਲਦੇ ਹੀ ਪੁਲੀਸ ਨੇ ਕਾਰਵਾਈ ਕਰਦੇ ਹੋਏ ਕਥਿਤ ਦੋਸ਼ੀ ਮਲਕੀਤ ਸਿੰਘ ਉਰਫ਼ ਮਾਖਾ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕਰ ਲਿਆ। ਇਸ ਸਬੰਧ ਵਿੱਚ, ਹੁਣ ਮਹਿਲਾ ਸਹਿ-ਮੁਲਜ਼ਮ ਜਸਪਾਲ ਕੌਰ ਉਰਫ਼ ਰੇਲੀਨ, ਜੋ ਕਿ ਸੁਖਦੇਵ ਸਿੰਘ ਦੀ ਪਤਨੀ ਹੈ, ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲੀਸ ਸੁਪਰਡੈਂਟ ਨੇ ਜ਼ਿਲ੍ਹੇ ਦੇ ਲੋਕਾਂ ਨੂੰ ਸੁਚੇਤ ਕਰਦੇ ਹੋਏ ਕਿਹਾ ਕਿ ਅਜਿਹੇ ਗਰੋਹ ਹਰਿਆਣਾ ਸਮੇਤ ਵੱਖ-ਵੱਖ ਰਾਜਾਂ ਵਿੱਚ ਸਰਗਰਮ ਹਨ, ਜੋ ਅਣਵਿਆਹੇ ਮਰਦਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਭਾਵਨਾਤਮਕ ਤੌਰ ’ਤੇ ਗੁੰਮਰਾਹ ਕਰ ਕੇ ਉਨ੍ਹਾਂ ਦਾ ਸ਼ੋਸ਼ਣ ਕਰ ਰਹੇ ਹਨ।