ਸੜਕ ਹਾਦਸੇ ’ਚ ਚਾਰ ਗੰਭੀਰ ਜ਼ਖ਼ਮੀ
ਸ਼ਹਿਰ ਦੇ ਸਿਰਸਾ ਰੋਡ ’ਤੇ ਅੱਜ ਸ਼ਾਮ ਇੱਕ ਇਨੋਵਾ, ਮੋਟਰ ਸਾਈਕਲ ਅਤੇ ਸਕੂਟੀ ਦੀ ਟੱਕਰ ਹੋ ਗਈ ਜਿਸ ਕਾਰਨ ਚਾਰ ਲੋਕ ਗੰਭੀਰ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਏਲਨਾਬਾਦ ਸਿਵਲ ਹਸਪਤਾਲ ਵਿੱਚ ਮੁੱਢਲੀ ਸਹਾਇਤਾ ਤੋਂ ਬਾਅਦ ਸਿਰਸਾ ਲਈ ਰੈਫਰ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਇੱਕ ਇਨੋਵਾ ਸਿਰਸਾ ਤੋਂ ਏਲਨਾਬਾਦ ਆ ਰਹੀ ਸੀ ਜਦੋਂ ਉਹ ਸਿਰਸਾ ਰੋਡ ’ਤੇ ਸਥਿਤ ਮਿੱਠੀ ਸੁਰੇਰਾ ਬੱਸ ਸਟੈਂਡ ਤੋਂ ਥੋੜ੍ਹਾ ਅੱਗੇ ਇੱਕ ਪੈਟਰੋਲ ਪੰਪ ਦੇ ਸਾਹਮਣੇ ਪਹੁੰਚੀ ਤਾਂ ਹਾਦਸਾ ਵਾਪਰ ਗਿਆ। ਜਾਣਕਾਰੀ ਅਨੁਸਾਰ ਤਿੰਨ ਮੋਟਰ ਸਾਈਕਲ ਸਵਾਰ ਪੈਟਰੋਲ ਪੰਪ ਤੋਂ ਪੈਟਰੋਲ ਭਰਵਾ ਕੇ ਜਿਵੇਂ ਹੀ ਸਿਰਸਾ ਰੋਡ ’ਤੇ ਚੜ੍ਹੇ ਤਾਂ ਸਾਹਮਣੇ ਤੋਂ ਆ ਰਹੀ ਇੱਕ ਇਨੋਵਾ ਨਾਲ ਆਹਮੋ-ਸਾਹਮਣੇ ਟਕਰਾ ਗਏ। ਇਹ ਟੱਕਰ ਐਨੀ ਜ਼ਬਰਦਸਤ ਸੀ ਕਿ ਮੋਟਰ ਸਾਈਕਲ ਨੂੰ ਮੌਕੇ 'ਤੇ ਹੀ ਅੱਗ ਲੱਗ ਗਈ ਅਤੇ ਮੋਟਰਸਾਈਕਲ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਿਆ। ਇਨੋਵਾ ਗੱਡੀ ਬੇਕਾਬੂ ਹੋ ਕੇ ਸਾਹਮਣੇ ਆ ਰਹੀ ਸਕੂਟੀ ਵਿੱਚ ਜਾ ਟਕਰਾਈ ਜਿਸ ਕਾਰਨ ਸਕੂਟੀ ਸਵਾਰ ਵੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਘਟਨਾ ਦਾ ਪਤਾ ਲੱਗਦਿਆਂ ਹੀ ਪੁਲੀਸ ਟੀਮ ਅਤੇ ਫਾਇਰ ਬ੍ਰਿਗੇਡ ਦੀ ਗੱਡੀ ਮੌਕੇ 'ਤੇ ਪਹੁੰਚੀ ਅਤੇ ਜ਼ਖਮੀਆਂ ਨੂੰ ਸਿਵਲ ਹਸਪਤਾਲ ਏਲਨਾਬਾਦ ਪਹੁਚਾਇਆ ਗਿਆ ਜਿੱਥੋਂ ਉਨ੍ਹਾਂ ਨੂੰ ਮੁੱਢਲੇ ਇਲਾਜ ਤੋਂ ਬਾਅਦ ਸਿਰਸਾ ਰੈਫਰ ਕਰ ਦਿੱਤਾ ਗਿਆ।