ਅਰੋੜਵੰਸ਼ ਸੇਵਾ ਸਦਨ ਦਾ ਨੀਂਹ ਪੱਥਰ ਰੱਖਿਆ
ਰਾਜ ਸਭਾ ਮੈਂਬਰ ਸੁਭਾਸ਼ ਬਰਾਲਾ ਨੇ ਅੱਜ ਰਤੀਆ ਵਿੱਚ ਉਸਾਰੇ ਜਾਣ ਵਾਲੇ ‘ਸ੍ਰੀ ਅਰੋੜਵੰਸ਼ ਸੇਵਾ ਸਦਨ’ ਦੇ ਨੀਂਹ ਪੱਥਰ ਰੱਖਣ ਦੇ ਸਮਾਗਮ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਹ ਪਵਿੱਤਰ ਸਮਾਗਮ ਸੰਤ ਹੰਸਦਾਸ ਅਤੇ ਮਹਾਮੰਡਲੇਸ਼ਵਰ ਸਵਾਮੀ ਰਾਘਵ ਦੇਵ ਮਹਾਰਾਜ ਦੇ ਆਸ਼ੀਰਵਾਦ ਨਾਲ ਕਰਵਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਜਾਪ ਅਤੇ ਪ੍ਰਾਰਥਨਾ ਨਾਲ ਹੋਈ, ਜਿਸ ਮਗਰੋਂ ਬਰਾਲਾ ਨੇ ਨੀਂਹ ਪੱਥਰ ਰੱਖਣ ਦੀ ਰਸਮ ਅਦਾ ਕੀਤੀ।
ਇਸ ਮੌਕੇ ਸੰਬੋਧਨ ਕਰਦਿਆਂ ਬਰਾਲਾ ਨੇ ਅਰੋੜਾ ਭਾਈਚਾਰੇ ਵੱਲੋਂ ਲੰਮੇ ਸਮੇਂ ਤੋਂ ਕੀਤੇ ਜਾ ਰਹੇ ਸਮਾਜਿਕ, ਵਿਦਿਅਕ, ਧਾਰਮਿਕ ਅਤੇ ਲੋਕ ਭਲਾਈ ਦੇ ਕਾਰਜਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਅਰੋੜਵੰਸ਼ ਭਾਈਚਾਰਾ ਹਮੇਸ਼ਾ ਏਕਤਾ, ਸਹਿਯੋਗ, ਸੇਵਾ ਅਤੇ ਉੱਚੀਆਂ ਕਦਰਾਂ-ਕੀਮਤਾਂ ਦੀ ਮਿਸਾਲ ਰਿਹਾ ਹੈ। ਲੋੜਵੰਦ ਪਰਿਵਾਰਾਂ ਦੀ ਮਦਦ, ਸਿੱਖਿਆ ਦੇ ਪਸਾਰ, ਧਾਰਮਿਕ ਸਮਾਗਮਾਂ ਅਤੇ ਸਮਾਜਿਕ ਸਦਭਾਵਨਾ ਲਈ ਭਾਈਚਾਰੇ ਦੇ ਯਤਨ ਸ਼ਲਾਘਾਯੋਗ ਹਨ।
ਸੰਸਦ ਮੈਂਬਰ ਨੇ ਕਿਹਾ ਕਿ ਸੇਵਾ ਸਦਨ ਦੀ ਉਸਾਰੀ ਸਿਰਫ਼ ਇੱਟਾਂ-ਗਾਰੇ ਦੀ ਬਣਤਰ ਨਹੀਂ ਹੈ, ਸਗੋਂ ਇਹ ਉਨ੍ਹਾਂ ਮਨੁੱਖੀ ਕਦਰਾਂ-ਕੀਮਤਾਂ ਅਤੇ ਪਰੰਪਰਾਵਾਂ ਦਾ ਵਿਸਥਾਰ ਹੈ, ਜਿਨ੍ਹਾਂ ’ਤੇ ਅਰੋੜਾ ਭਾਈਚਾਰਾ ਵਰ੍ਹਿਆਂ ਤੋਂ ਪਹਿਰਾ ਦਿੰਦਾ ਆ ਰਿਹਾ ਹੈ। ਇਹ ਕੇਂਦਰ ਨਾ ਸਿਰਫ਼ ਲੋੜਵੰਦਾਂ ਲਈ ਆਸਰਾ ਅਤੇ ਸਹਾਇਤਾ ਦਾ ਸਾਧਨ ਬਣੇਗਾ, ਸਗੋਂ ਨੌਜਵਾਨ ਪੀੜ੍ਹੀ ਵਿੱਚ ਅਨੁਸ਼ਾਸਨ ਤੇ ਸੇਵਾ ਭਾਵਨਾ ਪੈਦਾ ਕਰਨ ਵਿੱਚ ਵੀ ਅਹਿਮ ਭੂਮਿਕਾ ਨਿਭਾਏਗਾ।
