ਅੰਬਾਲਾ ’ਚ ਪੰਜ ਹੋਰ ਨਵੀਆਂ ਏ.ਸੀ. ਈ-ਬੱਸਾਂ ਲੋਕਲ ਰੂਟਾਂ ’ਤੇ ਚਲਾਉਣ ਦੀ ਹੋਈ ਸ਼ੁਰੂਆਤ
ਹਰਿਆਣਾ ਦੇ ਟਰਾਂਸਪੋਰਟ ਮੰਤਰੀ ਅਨਿਲ ਵਿੱਜ ਨੇ ਅੰਬਾਲਾ ਵਾਸੀਆਂ ਨੂੰ ਵੱਡਾ ਤੋਹਫ਼ਾ ਦਿੰਦਿਆਂ ਪੰਜ ਨਵੀਆਂ ਈ-ਬੱਸਾਂ ਲੋਕਲ ਰੂਟਾਂ ‘ਤੇ ਚਲਾਉਣ ਦੀ ਸ਼ੁਰੂਆਤ ਕੀਤੀ ਹੈ। ਇਸ ਨਾਲ ਅੰਬਾਲਾ ਵਿੱਚ ਈ-ਬੱਸਾਂ ਦੀ ਗਿਣਤੀ ਹੁਣ 15 ਹੋ ਗਈ ਹੈ।
ਵਿੱਜ ਨੇ ਕਿਹਾ ਕਿ ਇਹ ਬੱਸਾਂ ਸਿਰਫ਼ ਆਰਾਮਦਾਇਕ ਯਾਤਰਾ ਹੀ ਨਹੀਂ ਦੇਣਗੀਆਂ, ਸਗੋਂ ਵਾਤਾਵਰਣ ਦੀ ਸਾਂਭ ਸੰਭਾਲ ਵੱਲ ਵੀ ਮਹੱਤਵਪੂਰਨ ਕਦਮ ਹਨ।
ਉਨ੍ਹਾਂ ਦੱਸਿਆ ਕਿ ਮਹਾਂਨਗਰਾਂ ਦੀ ਤਰ੍ਹਾਂ ਹੁਣ ਅੰਬਾਲਾ ਵਿੱਚ ਵੀ ਲੋਕਲ ਸੇਵਾ ਨੂੰ ਪੂਰੀ ਤਰ੍ਹਾਂ ਏ.ਸੀ. ਈ-ਬੱਸਾਂ ’ਚ ਬਦਲਣ ਦੀ ਯੋਜਨਾ ਹੈ। ਯਾਤਰੀਆਂ ਨੂੰ ਸੁਵਿਧਾਜਨਕ ਉਡੀਕ ਸਥਾਨ ਮਿਲਣ, ਇਸ ਲਈ ਸ਼ਹਿਰ ਦੇ 23 ਸਥਾਨਾਂ ’ਤੇ ਆਧੁਨਿਕ ਬੱਸ ਕਿਊ ਸ਼ੈਲਟਰ ਤਿਆਰ ਹੋ ਰਹੇ ਹਨ, ਜਿਨ੍ਹਾਂ ਵਿੱਚ ਬੈਠਣ ਲਈ ਬੈਂਚ, ਪੱਖੇ ਅਤੇ ਲਾਈਟਾਂ ਦੀ ਸੁਵਿਧਾ ਹੋਵੇਗੀ।
ਵਿੱਜ ਨੇ ਕਿਹਾ ਕਿ ਉਨ੍ਹਾਂ ਦੇ ਯਤਨਾਂ ਨਾਲ ਲਗਭਗ 25 ਸਾਲ ਬਾਅਦ ਅੰਬਾਲਾ ਵਿੱਚ ਲੋਕਲ ਬੱਸ ਸੇਵਾ ਮੁੜ ਸ਼ੁਰੂ ਹੋਈ। ਪਿਛਲੇ ਸਾਲ 1 ਨਵੰਬਰ ਨੂੰ 10 ਮਿਨੀ ਬੱਸਾਂ ਨਾਲ ਇਹ ਸੇਵਾ ਸ਼ੁਰੂ ਕੀਤੀ ਗਈ ਸੀ, ਜਿਸ ਵਿੱਚ ਹੁਣ ਤੱਕ 15 ਈ-ਬੱਸਾਂ ਸ਼ਾਮਲ ਹੋ ਗਈਆਂ ਹਨ।
ਇਹ ਬੱਸਾਂ ਅੰਬਾਲਾ ਸ਼ਹਿਰ ਤੋਂ ਅੰਬਾਲਾ ਛਾਉਣੀ, ਮਹੇਸ਼ਨਗਰ, ਬਬਿਆਲ, ਬੋਹ, ਡਿਫੈਂਸ ਕਾਲੋਨੀ, ਕਲਰਹੇੜੀ, ਸ਼ਾਸਤਰੀ ਕਾਲੋਨੀ, ਸ਼ਾਹਪੁਰ, ਐੱਮ.ਐੱਮ. ਹਸਪਤਾਲ ’ਤੇ ਹੋਰ ਇਲਾਕਿਆਂ ਵੱਲ ਚੱਲ ਰਹੀਆਂ ਹਨ। ਇਹ ਸੇਵਾ ਅੰਬਾਲਾ ਵਿੱਚ ਸਾਫ਼-ਸੁਥਰੇ, ਆਰਾਮਦਾਇਕ ਅਤੇ ਆਧੁਨਿਕ ਆਵਾਜਾਈ ਪ੍ਰਣਾਲੀ ਵੱਲ ਇੱਕ ਵੱਡਾ ਕਦਮ ਹੈ।
