ਪੁਲੀਸ ਮੁਕਾਬਲੇ ਤੋਂ ਬਾਅਦ ਪੰਜ ਹਥਿਆਰਬੰਦ ਕਾਬੂ
ਰੋਹਤਕ ਪੁਲੀਸ ਦੀ ਸੀ.ਆਈ.ਏ.-1 ਟੀਮ ਨੇ ਸ਼ੁੱਕਰਵਾਰ ਤੜਕੇ ਜੱਸਿਆ-ਧਮਾਰ ਸੜਕ ’ਤੇ ਗੋਲੀਬਾਰੀ ਤੋਂ ਬਾਅਦ ਪੰਜ ਹਥਿਆਰਬੰਦ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਮੁਕਾਬਲਾ ਸਵੇਰੇ 5:10 ਵਜੇ ਦੇ ਕਰੀਬ ਹੋਇਆ ਜਦੋਂ ਪੁਲੀਸ ਟੀਮ ਰੁਟੀਨ ਗਸ਼ਤ ਡਿਊਟੀ ’ਤੇ ਸੀ। ਦੱਸਿਆ ਜਾਂਦਾ ਹੈ ਕਿ ਗੋਲੀਬਾਰੀ ਦੌਰਾਨ ਇੱਕ ਮੁਲਜ਼ਮ ਜ਼ਖ਼ਮੀ ਹੋ ਗਿਆ ਹੈ।
ਮੁਲਜ਼ਮਾਂ ਦੀ ਪਛਾਣ ਸਾਹਿਲ ਅਤੇ ਮੋਹਿਤ ਉਰਫ਼ ਕਾਲਾ ਵਾਸੀ ਖੇੜੀ ਸਾਂਪਲਾ, ਪ੍ਰਵੀਨ, ਗੌਰਵ ਸ਼ਰਮਾ ਅਤੇ ਸੰਨੀ ਉਰਫ਼ ਚਮਰਾ ਵਾਸੀ ਸਾਂਪਲਾ ਵਜੋਂ ਹੋਈ ਹੈ।
ਸੂਤਰਾਂ ਅਨੁਸਾਰ ਪੁਲੀਸ ਕਰਮਚਾਰੀਆਂ ਨੇ ਪੰਜ ਵਿਅਕਤੀਆਂ ਨੂੰ ਲੈ ਕੇ ਜਾ ਰਹੀ ਇੱਕ ਸ਼ੱਕੀ ਬਲੈਨੋ ਕਾਰ ਨੂੰ ਦੇਖਿਆ। ਜਦੋਂ ਟੀਮ ਜਾਂਚ ਲਈ ਵਾਹਨ ਦੇ ਨੇੜੇ ਪਹੁੰਚੀ, ਤਾਂ ਕਾਰ ਸਵਾਰਾਂ ਨੇ ਕਥਿਤ ਤੌਰ ’ਤੇ ਪੁਲੀਸ ’ਤੇ ਗੋਲੀਬਾਰੀ ਕਰ ਦਿੱਤੀ। ਆਤਮ-ਰੱਖਿਆ ਵਿੱਚ ਪੁਲੀਸ ਨੇ ਜਵਾਬੀ ਕਾਰਵਾਈ ਕੀਤੀ ਅਤੇ ਇਸ ਦੌਰਾਨ ਇੱਕ ਮੁਲਜ਼ਮ ਦੀ ਸੱਜੀ ਲੱਤ ਵਿੱਚ ਗੋਲੀ ਲੱਗੀ।
ਸੂਤਰਾਂ ਨੇ ਕਿਹਾ, “ ਪੰਜੇ ਸ਼ੱਕੀਆਂ ਨੂੰ ਮੌਕੇ ’ਤੇ ਹੀ ਗ੍ਰਿਫ਼ਤਾਰ ਕਰ ਲਿਆ ਗਿਆ। ਉਨ੍ਹਾਂ ਦੇ ਕਬਜ਼ੇ 'ਚੋਂ ਇੱਕ ਦੇਸੀ ਪਿਸਤੌਲ, ਤਿੰਨ ਜ਼ਿੰਦਾ ਕਾਰਤੂਸ, ਇੱਕ ਤਲਵਾਰ, ਤਿੰਨ ਸੋਟੀਆਂ ਅਤੇ ਇੱਕ ਬਲੈਨੋ ਕਾਰ ਬਰਾਮਦ ਕੀਤੀ ਹੈ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਤਿੰਨ ਵਿਅਕਤੀਆਂ ਦਾ ਅਪਰਾਧਿਕ ਪਿਛੋਕੜ ਹੈ, ਜਿਨ੍ਹਾਂ ਖ਼ਿਲਾਫ਼ ਕਤਲ ਦੀ ਕੋਸ਼ਿਸ਼, ਲੁੱਟ-ਖੋਹ, ਖੋਹ ਅਤੇ ਅਸਲਾ ਐਕਟ ਦੀ ਉਲੰਘਣਾ ਦੇ ਦੋਸ਼ਾਂ ਤਹਿਤ ਕਈ ਕੇਸ ਦਰਜ ਹਨ।”
ਸੂਤਰਾਂ ਨੇ ਅੱਗੇ ਦੱਸਿਆ ਕਿ ਪੁੱਛਗਿੱਛ ਦੌਰਾਨ ਇਹ ਖੁਲਾਸਾ ਹੋਇਆ ਕਿ ਇਹ ਸਮੂਹ ਕਥਿਤ ਤੌਰ 'ਤੇ ਦੋ ਵਿਅਕਤੀਆਂ—ਅਕਸ਼ੈ, ਜੋ ਇਸ ਸਮੇਂ ਵਿਦੇਸ਼ ਵਿੱਚ ਰਹਿ ਰਿਹਾ ਹੈ, ਅਤੇ ਝੱਜਰ ਦੇ ਨਰੇਸ਼ ਦੇ ਨਿਰਦੇਸ਼ਾਂ 'ਤੇ ਕੰਮ ਕਰ ਰਿਹਾ ਸੀ। ਦੱਸਿਆ ਜਾਂਦਾ ਹੈ ਕਿ ਮੁਲਜ਼ਮਾਂ ਨੂੰ ਇੱਕ ਸਥਾਨਕ ਕਾਰੋਬਾਰੀ ਦੀ ਕੱਪੜੇ ਦੀ ਦੁਕਾਨ ’ਤੇ ਗੋਲੀਬਾਰੀ ਕਰਨ ਦਾ ਕੰਮ ਸੌਂਪਿਆ ਗਿਆ ਸੀ। ਸੂਤਰਾਂ ਨੇ ਅੱਗੇ ਕਿਹਾ ਕਿ ਯੋਜਨਾਬੱਧ ਹਮਲੇ ਦੇ ਪਿੱਛੇ ਦੇ ਨੈੱਟਵਰਕ ਅਤੇ ਮਨੋਰਥਾਂ ਦਾ ਪਤਾ ਲਗਾਉਣ ਲਈ ਅਗਲੇਰੀ ਜਾਂਚ ਜਾਰੀ ਹੈ।
 
 
             
            