ਭਾਊ ਗੈਂਗ ਨੇ ਲਈ ਯੂਟਿਊਬਰ ਐਲਵਿਸ਼ ਯਾਦਵ ਘਰ ’ਤੇ ਹਮਲੇ ਦੀ ਜ਼ਿੰਮੇਵਾਰੀ
ਭਾਊ ਗੈਂਗ ਨਾਲ ਜੁੜੇ ਗੈਂਗਸਟਰ ਨੀਰਜ ਫਰੀਦਪੁਰ ਅਤੇ ਭਾਊ ਰਿਟੋਲੀਆ ਨੇ ਗੁਰੂਗ੍ਰਾਮ ਵਿੱਚ ਯੂਟਿਊਬਰ ਐਲਵਿਸ਼ ਯਾਦਵ ਦੇ ਘਰ ਦੇ ਬਾਹਰ ਗੋਲੀਬਾਰੀ ਦੀ ਜ਼ਿੰਮੇਵਾਰੀ ਲਈ ਹੈ। ਇਸ ਗੈਂਗ ਦਾ ਆਗੂ ਪੁਰਤਗਾਲ-ਅਧਾਰਤ ਭਗੌੜਾ ਗੈਂਗਸਟਰ ਹਿਮਾਂਸ਼ੂ ਭਾਊ ਹੈ। ਹਮਲੇ ਦਾ ਉਦੇਸ਼ ਕਥਿਤ ਤੌਰ ’ਤੇ ਐਲਵਿਸ਼ ਯਾਦਵ ਦੁਆਰਾ ਗੈਰ-ਕਾਨੂੰਨੀ ਸੱਟੇਬਾਜ਼ੀ ਐਪਸ ਦਾ ਪ੍ਰਚਾਰ ਕਰਨਾ ਹੈ। ਗੈਂਗ ਨੇ ਇਕ ਪੋਸਟ ਵਿੱਚ ਕਿਹਾ ਕਿ ਇਨ੍ਹਾਂ ਐਪਸ ਨੇ ਬਹੁਤ ਸਾਰੇ ਘਰ ਤਬਾਹ ਕਰ ਦਿੱਤੇ ਹਨ।
ਇੰਸਟਾਗ੍ਰਾਮ ’ਤੇ ਇੱਕ ਯੂਜ਼ਰ ਹੈਂਡਲ ਭਾਊ ਰਿਟੋਲੀਆ ਨੇ ਪੋਸਟ ਕੀਤਾ, “ਸਾਰਿਆਂ ਨੂੰ ਸ਼ੁਭਕਾਮਨਾਵਾਂ। ਅੱਜ ਐਲਵੀਸ਼ ਯਾਦਵ ਦੇ ਘਰ 'ਤੇ ਗੋਲੀਬਾਰੀ ਹੋਈ। ਇਹ ਨੀਰਜ ਫਰੀਦਪੁਰ ਅਤੇ ਭਾਊ ਰਿਟੋਲੀਆ ਦੁਆਰਾ ਕੀਤੀ ਗਈ ਸੀ। ਅੱਜ ਅਸੀਂ ਆਪਣੀ ਮੌਜੂਦਗੀ ਦਾ ਖੁਲਾਸਾ ਕੀਤਾ ਹੈ। ਐਲਵੀਸ਼ ਯਾਦਵ ਨੇ ਗੈਰ-ਕਾਨੂੰਨੀ ਸੱਟੇਬਾਜ਼ੀ ਐਪਸ ਨੂੰ ਉਤਸ਼ਾਹਿਤ ਕਰਕੇ ਬਹੁਤ ਸਾਰੇ ਘਰ ਤਬਾਹ ਕਰ ਦਿੱਤੇ ਹਨ। ਇਹ ਸੋਸ਼ਲ ਮੀਡੀਆ ’ਤੇ ਅਜਿਹੇ ਸਾਰੇ ਕੀੜਿਆਂ ਲਈ ਚੇਤਾਵਨੀ ਹੈ ਜਿਵੇਂ ਕਿ ਐਲਵੀਸ਼ ਯਾਦਵ, ਜੋ ਵੀ ਇਨ੍ਹਾਂ ਐਪਸ ਨੂੰ ਉਤਸ਼ਾਹਿਤ ਕਰਦਾ ਹੈ, ਸਾਵਧਾਨ ਰਹੋ, ਕਿਸੇ ਵੀ ਸਮੇਂ ਕਾਲ ਜਾਂ ਗੋਲੀ ਆ ਸਕਦੀ ਹੈ। ਸੁਚੇਤ ਰਹੋ।”
ਗਾਇਕ ਫ਼ਾਜ਼ਿਲਪੁਰੀਆ ’ਤੇ ਹਮਲੇ ਦੇ ਕੁਝ ਦਿਨਾਂ ਮਗਰੋਂ ਅਣਪਛਾਤੇੇ ਹਮਲਾਵਰਾਂ ਨੇ ਅੱਜ ਸਵੇਰੇ 5-6 ਵਜੇ ਦੇ ਕਰੀਬ ਯੂਟਿਊਬਰ ਤੇ ਰਿਐਲਿਟੀ ਸ਼ੋਅ ‘ਬਿੱਗ ਬੌਸ’ ਦੇ ਜੇਤੂ ਸਿਧਾਰਥ ਯਾਦਵ ਉਰਫ਼ ਐਲਵਿਸ਼ ਯਾਦਵ ਦੇ ਘਰ ’ਤੇ ਗੋਲੀਆਂ ਚਲਾਈਆਂ ਹਨ। ਹਮਲਾਵਰਾਂ ਨੇ ਤਿੰਨ ਤੋਂ ਚਾਰ ਰੌਂਦ ਫਾਇਰ ਕੀਤੇ। ਹਮਲੇ ਮੌਕੇ ਐਲਵਿਸ਼ ਘਰ ਵਿਚ ਮੌਜੂਦ ਨਹੀਂ ਸੀ। ਪੁਲੀਸ ਵੱਲੋਂ ਮੌਕੇ ’ਤੇ ਪੁੱਜ ਕੇ ਜਾਂਚ ਕੀਤੀ ਜਾ ਰਹੀ ਹੈ।
ਪੁਲੀਸ ਮੁਤਾਬਕ ਹਮਲਾ ਸਵੇਰੇ 5:30 ਵਜੇ ਦੇ ਕਰੀਬ ਯਾਦਵ ਦੇ ਸੈਕਟਰ 57 ਵਿਚਲੇ ਘਰ ’ਤੇ ਹੋਇਆ। ਗੋਲੀਆਂ ਘਰ ਦੀ ਜ਼ਮੀਨੀ ਤੇ ਪਹਿਲੀ ਮੰਜ਼ਿਲ ’ਤੇ ਵੱਜੀਆਂ। ਹਮਲੇ ਮੌਕੇ ਯਾਦਵ ਦੇ ਕੁਝ ਪਰਿਵਾਰਕ ਮੈਂਬਰ ਤੇ ਗਾਰਡ ਮੌਜੂਦ ਸਨ, ਪਰ ਫਾਇਰਿੰਗ ਵਿਚ ਕਿਸੇ ਸੱਟ ਫੇਟ ਤੋਂ ਬਚਾਅ ਰਿਹਾ।
ਗੁਰੂਗ੍ਰਾਮ ਪੁਲੀਸ ਦੇ ਪੀਆਰਓ ਸੰਦੀਪ ਕੁਮਾਰ ਨੇ ਕਿਹਾ, ‘‘ਨਕਾਬਧਾਰੀ ਅਨਸਰਾਂ ਨੇ ਗੁਰੂਗ੍ਰਾਮ ਦੇ ਸੈਕਟਰ 57 ਵਿਚ ਯੂਟਿਊਬਰ ਤੇ ਬਿੱਗ ਬੌਸ ਓਟੀਟਅ ਜੇਤੂ ਐਲਵਿਸ਼ ਯਾਦ ਦੇ ਘਰ ਦੇ ਬਾਹਰ ਫਾਇਰਿੰਗ ਕੀਤੀ।’’ ਪੁਲੀਸ ਮੁਤਾਬਕ ਯਾਦਵ ਤੋਂ ਅਜੇ ਰਸਮੀ ਪੁੱਛਗਿੱਛ ਕੀਤੀ ਜਾਣੀ ਹੈ।