ਲੱਕੜ ਮੰਡੀ ਵਿੱਚ ਫੈਕਟਰੀ ਨੂੰ ਅੱਗ ਲੱਗੀ
ਇੱਥੋਂ ਦੀ ਲੱਕੜ ਮੰਡੀ ਵਿੱਚ ਜੇ ਬੀ ਟਿੰਬਰ ਫੈਕਟਰੀ ਵਿੱਚ ਦੇਰ ਰਾਤ ਅੱਗ ਲੱਗ ਗਈ। ਲੱਕੜ ਸੁੱਕੀ ਹੋਣ ਕਾਰਨ ਪੂਰੀ ਫੈਕਟਰੀ ਕੁਝ ਹੀ ਸਮੇਂ ਵਿੱਚ ਅੱਗ ਦੀ ਲਪੇਟ ਵਿੱਚ ਆ ਗਈ। ਹਾਲਾਂਕਿ ਫੈਕਟਰੀ ਤਿੰਨ ਹਿੱਸਿਆਂ ਵਿੱਚ ਵੰਡੀ ਹੋਈ ਹੈ, ਪਰ ਜਿੱਥੇ ਅੱਗ ਲੱਗੀ ਉੱਥੇ ਲੱਕੜ ਦੇ ਬਕਸੇ ਬਣਾਉਣ ਦਾ ਕੰਮ ਕੀਤਾ ਜਾਂਦਾ ਹੈ। ਸੂਚਨਾ ਮਿਲਣ ’ਤੇ ਫਾਇਰ ਬ੍ਰਿਗੇਡ ਕਰਮਚਾਰੀ ਮੌਕੇ ’ਤੇ ਪਹੁੰਚੇ ਤੇ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰਨੀ ਸ਼ੁਰੂ ਕਰ ਦਿੱਤੀ। ਅੱਗ ਦੀਆਂ ਲਪਟਾਂ ਇੰਨੀਆਂ ਉੱਚੀਆਂ ਤੇ ਭਿਆਨਕ ਸਨ ਕਿ ਫੈਕਟਰੀ ਦੇ ਅੰਦਰ ਜਾਣਾ ਵੀ ਬਹੁਤ ਮੁਸ਼ਕਲ ਸੀ। ਕਾਫ਼ੀ ਮੁਸ਼ਕਲ ਤੋਂ ਬਾਅਦ ਕਰਮਚਾਰੀਆਂ ਨੇ ਫੈਕਟਰੀ ਦੇ ਇੱਕ ਹਿੱਸੇ ਦਾ ਦਰਵਾਜ਼ਾ ਖੋਲ੍ਹਿਆ ਤੇ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ। ਅੱਠ ਘੰਟੇ ਬਾਅਦ ਵੀ ਅੱਗ ’ਤੇ ਪੂਰੀ ਤਰ੍ਹਾਂ ਕਾਬੂ ਨਹੀਂ ਪਾਇਆ ਜਾ ਸਕਿਆ। ਅੱਗ ਨੂੰ ਬੁਝਾਉਣ ਦੀਆਂ ਕੋਸ਼ਿਸ਼ਾਂ ਜਾਰੀ ਹੀ ਸਿ ਕਿ ਫੈਕਟਰੀ ਦਾ ਇੱਕ ਹਿੱਸਾ ਸਾਹਮਣੇ ਡਿੱਗ ਗਿਆ, ਜਿਸ ਕਾਰਨ ਫਾਇਰ ਕਰਮਚਾਰੀਆਂ ਦੇ ਸਾਹਮਣੇ ਇੱਕ ਹੋਰ ਵੱਡੀ ਚੁਣੌਤੀ ਆ ਗਈ। ਫੈਕਟਰੀ ਦਾ ਇੱਕ ਹਿੱਸਾ ਢਹਿ ਜਾਣ ਦੇ ਬਾਵਜੂਦ, ਫਾਇਰ ਕਰਮਚਾਰੀ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰਦੇ ਰਹੇ। ਖ਼ਬਰ ਲਿਖੇ ਜਾਣ ਤੱਕ ਫਾਇਰ ਬ੍ਰਿਗੇਡ ਕਰਮਚਾਰੀਆਂ ਨੇ ਅੱਗ ’ਤੇ ਕਾਫ਼ੀ ਹੱਦ ਤੱਕ ਕਾਬੂ ਪਾ ਲਿਆ ਹੈ ਤੇ ਜੇ ਸੀ ਬੀ ਦੀ ਮਦਦ ਨਾਲ ਲੱਕੜ ਨੂੰ ਇੱਧਰ-ਉੱਧਰ ਕਰ ਕੇ ਜਗ੍ਹਾ ਨੂੰ ਸਾਫ਼ ਅਤੇ ਠੰਢਾ ਕੀਤਾ ਜਾ ਰਿਹਾ ਹੈ। ਹਾਲੇ ਤੱਕ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗਿਆ। ਹਾਲੇ ਤੱਕ ਕੋਈ ਜਾਨੀ ਨੁਕਸਾਨ ਦੀ ਜਾਣਕਾਰੀ ਨਹੀਂ ਹੈ।