Rohtak ASI Suicide ਮਾਮਲੇ ਵਿਚ ਐੱਫਆਈਆਰ ਦਰਜ
ਹਰਿਆਣਾ ਦੇ ਸੀਨੀਅਰ ਆਈ ਪੀ ਐੱਸ ਅਧਿਕਾਰੀ ਵਾਈ ਪੂਰਨ ਕੁਮਾਰ ’ਤੇ ਕਥਿਤ ਤੌਰ ’ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਗਾ ਕੇ ਖੁਦਕੁਸ਼ੀ ਕਰਨ ਵਾਲੇ ਏ ਐੱਸ ਆਈ ਸੰਦੀਪ ਕੁਮਾਰ ਦੇ ਪਰਿਵਾਰ ਨੇ ਐੱਫ ਆਈ ਆਰ ਦਰਜ ਹੋਣ ਮਗਰੋਂ ਉਸ ਦਾ ਪੋਸਟਮਾਰਟਮ ਕਰਵਾਉਣ ਲਈ ਦੇਹ ਪੁਲੀਸ ਨੂੰ ਸੌਂਪ ਦਿੱਤੀ ਹੈ। ਉਂਝ ਐੱਫ ਆਈ ਆਰ ’ਚ ਦਰਜ ਕਿਸੇ ਨਾਮ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਹੈ। ਸੰਦੀਪ ਕੁਮਾਰ ਦਾ ਭਲਕੇ ਪੋਸਟਮਾਰਟਮ ਹੋਵੇਗਾ।
ਇਸ ਤੋਂ ਪਹਿਲਾਂ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਪਰਿਵਾਰ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਪਰਿਵਾਰ ਨੇ ਕਿਹਾ ਸੀ ਕਿ ਜਦੋਂ ਤੱਕ ਸੰਦੀਪ ਦੇ ਖੁਦਕੁਸ਼ੀ ਨੋਟ ਵਿੱਚ ਨਾਮਜ਼ਦ ਵਿਅਕਤੀਆਂ ਵਿਰੁੱਧ ਐੱਫ ਆਈ ਆਰ ਦਰਜ ਨਹੀਂ ਹੁੰਦੀ, ਉਦੋਂ ਤੱਕ ਲਾਸ਼ ਪੁਲੀਸ ਨੂੰ ਨਹੀਂ ਸੌਂਪੀ ਜਾਵੇਗੀ।
ਇਹ ਵੀ ਪੜ੍ਹੋ: ਰੋਹਤਕ ਪੀਜੀਆਈ ਵਿੱਚ ਏਐੱਸਆਈ ਸੰਦੀਪ ਕੁਮਾਰ ਦਾ ਪੋਸਟਮਾਰਟਮ ਸ਼ੁਰੂ
ਪਰਿਵਾਰ ਨੂੰ ਮਿਲਣ ਗਏ ਮੁੱਖ ਮੰਤਰੀ ਦੇ ਨਾਲ ਹਰਿਆਣਾ ਦੇ ਕੈਬਨਿਟ ਮੰਤਰੀ ਕ੍ਰਿਸ਼ਨ ਲਾਲ ਪੰਵਾਰ ਅਤੇ ਮਹਿਪਾਲ ਢਾਂਡਾ ਵੀ ਮੌਜੂਦ ਸਨ। ਸ੍ਰੀ ਸੈਣੀ ਨੇ ਪਰਿਵਾਰ ਨਾਲ ਦੁੱਖ ਵੰਡਾਉਂਦਿਆਂ ਉਕਤ ਮਾਮਲੇ ਵਿੱਚ ਬਣਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਸੀ। ਉਧਰ, ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਵੀ ਪੀੜਤ ਪਰਿਵਾਰ ਨਾਲ ਮੁਲਾਕਾਤ ਕੀਤੀ। ਉਨ੍ਹਾਂ ਇਸ ਮਾਮਲੇ ਦੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਮੌਜੂਦਾ ਜੱਜ ਦੀ ਨਿਗਰਾਨੀ ਹੇਠ ਜਾਂਚ ਕਰਵਾਉਣ ਦੀ ਮੰਗ ਕੀਤੀ।
ਇਕ ਹੋਰ ਆਗੂ ਅਭੈ ਚੌਟਾਲਾ ਨੇ ਵੀ ਪਰਿਵਾਰ ਨਾਲ ਮੁਲਾਕਾਤ ਕਰ ਕੇ ਕਿਹਾ ਕਿ ਪਹਿਲਾਂ ਹਰਿਆਣਾ ਦੇ ਏ ਡੀ ਜੀ ਪੀ ਅਤੇ ਹੁਣ ਏ ਐੱਸ ਆਈ ਵੱਲੋਂ ਖੁਦਕੁਸ਼ੀ ਕੀਤੀ ਗਈ ਜੋ ਸੂਬਾ ਸਰਕਾਰ ਦੀ ਅਣਗਹਿਲੀ ਦਾ ਨਤੀਜਾ ਹੈ। ਉਨ੍ਹਾਂ ਮੁੱਖ ਮੰਤਰੀ ਨਾਇਬ ਸੈਣੀ ਦੇ ਅਸਤੀਫ਼ੇ ਦੀ ਮੰਗ ਕਰਦਿਆਂ ਕਿਹਾ ਕਿ ਮਾਮਲੇ ਦੀ ਨਿਆਂਇਕ ਜਾਂਚ ਕਰਵਾ ਕੇ ਬਣਦੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।