ਮੋਘੇ ਉੱਚੇ ਕਰਨ ਖ਼ਿਲਾਫ਼ ਕਿਸਾਨਾਂ ਵੱਲੋਂ ਧਰਨਾ
ਪਿੰਡ ਚੌਟਾਲਾ ਦੇ ਕਿਸਾਨਾਂ ਦੇ ਲੰਬੇ ਸੰਘਰਸ਼ ਤੋਂ ਬਾਅਦ ਟੇਲ ਤੱਕ ਪਾਣੀ ਪਹੁੰਚਾਉਣ ਦੀ ਸਰਕਾਰੀ ਕਵਾਇਦ ਹੁਣ ਵਿਚਕਾਰਲੇ ਪਿੰਡਾਂ ’ਤੇ ਭਾਰੀ ਪੈ ਰਹੀ ਹੈ। ਚੌਟਾਲਾ ਡਿਸਟ੍ਰੀਬਿਊਟਰੀ ਟੇਲ ’ਤੇ ਪਾਣੀ ਪਹੁੰਚਾਉਣ ਲਈ ਸਿੰਜਾਈ ਵਿਭਾਗ ਨੇ ਮਾਈਨਰ ਦੇ ਕਈ ਮੋਘੇ ਉੱਚੇ ਕੀਤੇ ਹਨ, ਜਿਸ ਨਾਲ ਜੰਡਵਾਲਾ ਬਿਸ਼ਨੋਈਆਂ, ਸੁਖੇਰਾਖੇੜਾ, ਆਸਾਖੇੜਾ ਅਤੇ ਭਾਰੂਖੇੜਾ ਦੇ ਕਿਸਾਨਾਂ ਵਿੱਚ ਡੂੰਘਾ ਰੋਸ ਹੈ। ਕਿਸਾਨਾਂ ਨੇ ਅੱਜ ਆਪਣੇ ਖੇਤੀ ਮੋਘੇ ਬੰਦ ਕਰਕੇ ਅਣਮਿੱਥੇ ਸਮੇਂ ਦਾ ਧਰਨਾ ਲਗਾ ਦਿੱਤਾ। ਕਿਸਾਨਾਂ ਨੇ ਜੰਡਵਾਲਾ-ਆਸਾਖੇੜਾ ਲਿੰਕ ਸੜਕ ਕਿਨਾਰੇ ਟੈਂਟ ਗੱਡ ਕੇ ਲੰਗਰ ਲਈ ਰਸਦ ਦਾ ਪ੍ਰਬੰਧ ਸ਼ੁਰੂ ਕਰ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਬੀਤੇ ਦੋ ਸਾਲਾਂ ਤੋਂ ਪਿੰਡ ਚੌਟਾਲਾ ਵਿੱਚ ਸਿੰਜਾਈ ਅਤੇ ਪੀਣ ਵਾਲੇ ਪਾਣੀ ਦੀ ਕਿੱਲਤ ਆ ਰਹੀ ਹੈ। ਪਿਛਲੇ ਦਿਨੀਂ ਕਿਸਾਨਾਂ ਨੇ ਡੇਢ ਹਫ਼ਤਾ ਟੇਲ ’ਤੇ ਧਰਨਾ ਦਿੱਤਾ ਸੀ। ਮਾਮਲਾ ਸਿੰਜਾਈ ਮੰਤਰੀ ਸ਼ਰੂਤੀ ਸਿੰਘ ਤੱਕ ਪਹੁੰਚਿਆ, ਜਿਨ੍ਹਾਂ ਸਥਾਨਕ ਵਿਧਾਇਕ ਆਦਿੱਤਿਆ ਦੇਵੀਲਾਲ ਦੀ ਅਗਵਾਈ ਹੇਠਲੇ ਮਿਲੇ ਕਿਸਾਨ ਵਫ਼ਦ ਨੂੰ ਸਮੱਸਿਆ ਦੇ ਹੱਲ ਦਾ ਭਰੋਸਾ ਦਿੱਤਾ ਸੀ, ਜਿਸ ਤੋਂ ਬਾਅਦ ਵਿਭਾਗ ਸਰਗਰਮ ਹੋਇਆ ਅਤੇ ਮੋਘਿਆਂ ਦੀ ਦਰੁੱਸਤੀ ਦਾ ਕਾਰਜ ਵਿੱਢ ਦਿੱਤਾ। ਜੰਡਵਾਲਾ ਬਿਸ਼ਨੋਈਆਂ ਦੇ ਸਾਬਕਾ ਸਰਪੰਚ ਵਿਸਵਾਮਿੱਤਰ ਨੇ ਕਿਹਾ ਕਿ 21 ਦਿਨ ਬਾਅਦ ਸਿਰਫ ਤਿੰਨ ਘੰਟੇ ਪਾਣੀ ਆਉਂਦਾ ਹੈ, ਜਿਸ ਨਾਲ ਮੁਸ਼ਕਲ ਨਾਲ ਪੌਣਾ ਏਕੜ ਜ਼ਮੀਨ ਦੀ ਸਿੰਜਾਈ ਹੁੰਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਟੇਲ ਦਾ ਪਾਣੀ ਪੱਧਰ ਵਧਾਉਣਾ ਚਾਹੀਦਾ ਹੈ।
‘ਨਿਯਮਾਂ ਅਨੁਸਾਰ ਮੋਘੇ ਦਰੁਸਤ ਕੀਤੇ’
ਸਿੰਜਾਈ ਵਿਭਾਗ ਦੇ ਕਾਰਜਕਾਰੀ ਇੰਜਨੀਅਰ ਮਨਦੀਪ ਬੈਣੀਵਾਲ ਨੇ ਕਿਹਾ ਕਿ ਚੌਟਾਲਾ ਡਿਸਟ੍ਰੀਬਿਊਟਰੀ 35-40 ਸਾਲ ਪੁਰਾਣੀ ਹੈ ਅਤੇ ਮੋਘੇ ਨਿਯਮਾਂ ਤਹਿਤ ਦਰੁਸਤ ਕੀਤੇ ਗਏ ਹਨ। ਉਨ੍ਹਾਂ ਮੋਘਿਆਂ ’ਚ ਤਬਦੀਲੀ ਨਾਲ ਪਾਣੀ ਘੱਟ ਹੋਣ ਦੀ ਸੰਭਾਵਨਾ ਨੂੰ ਖਾਰਜ ਕੀਤਾ।