ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਮੁੱਖ ਮੰਤਰੀ ਨੂੰ ਕਾਲੇ ਝੰਡੇ ਵਿਖਾਉਣ ਲਈ ਡੱਬਵਾਲੀ ਜਾਂਦੇ ਕਿਸਾਨ ਪੁਲੀਸ ਨੇ ਏਲਨਾਬਾਦ ਵਿੱਚ ਹੀ ਰੋਕੇ

ਭਾਜਪਾ ਆਗੂ ਅਮੀਰ ਚੰਦ ਮਹਿਤਾ ਦੇ ਭਰੋਸੇ ਤੋਂ ਬਾਅਦ ਕਿਸਾਨਾਂ ਨੇ ਫੈਸਲਾ ਬਦਲਿਆ
Advertisement
ਹਲਕੇ ਦੀਆਂ ਫਲੱਡੀ ਨਹਿਰਾਂ ਦੀਆਂ ਟੇਲਾਂ ’ਤੇ ਪਾਣੀ ਨਾ ਮਿਲਣ ਦੇ ਰੋਸ ਵਜੋਂ ਪਿਛਲੇ 15 ਦਿਨਾਂ ਤੋਂ ਆਪਣੀਆਂ ਮੰਗਾਂ ਦੇ ਹੱਲ ਲਈ ਧਰਨੇ ’ਤੇ ਬੈਠੇ ਕਿਸਾਨ ਅੱਜ ਸਵੇਰੇ 4 ਵਜੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੂੰ ਕਾਲੇ ਝੰਡੇ ਦਿਖਾਉਣ ਲਈ ਏਲਨਾਬਾਦ ਦੇ ਸ਼ਹੀਦ ਊਧਮ ਸਿੰਘ ਚੌਕ ’ਤੇ ਇਕੱਠੇ ਹੋਣੇ ਸ਼ੁਰੂ ਹੋ ਗਏ। ਇਹ ਸਾਰੇ ਕਿਸਾਨ ਡੱਬਵਾਲੀ ਵਿੱਚ ਯੂਥ ਮੈਰਾਥਨ ਪ੍ਰੋਗਰਾਮ ਵਿੱਚ ਪਹੁੰਚੇ ਮੁੱਖ ਮੰਤਰੀ ਨੂੰ ਕਾਲੇ ਝੰਡੇ ਵਿਖਾਉਣ ਲਈ ਰਵਾਨਾ ਹੋ ਹੀ ਰਹੇ ਸਨ ਕਿ ਇਸ ਦੌਰਾਨ ਸੂਚਨਾ ਮਿਲਣ 'ਤੇ ਪੁਲੀਸ ਨੇ ਉਨ੍ਹਾਂ ਨੂੰ ਸ਼ਹੀਦ ਊਧਮ ਸਿੰਘ ਚੌਕ ਵਿੱਚ ਹੀ ਰੋਕ ਲਿਆ। ਏਲਨਾਬਾਦ ਦੇ ਭਾਜਪਾ ਆਗੂ ਅਮੀਰ ਚੰਦ ਮਹਿਤਾ ਨੂੰ ਜਦੋਂ ਇਹ ਜਾਣਕਾਰੀ ਮਿਲੀ ਤਾਂ ਉਹ ਮੌਕੇ ’ਤੇ ਪਹੁੰਚੇ ਅਤੇ ਉਨ੍ਹਾਂ ਕਿਸਾਨਾਂ ਨੂੰ ਵਿਰੋਧ ਨਾ ਕਰਨ ਤੇ ਮੰਗਾਂ ਮੰਨਣ ਦਾ ਭਰੋਸਾ ਦਿੱਤਾ।

ਮਹਿਤਾ ਨੇ ਕਿਹਾ ਕਿ ਉਹ ਟੇਲਾਂ ਤੱਕ ਪਾਣੀ ਪਹੁੰਚਣ ਦੀ ਮੰਗ ਮੁੱਖ ਮੰਤਰੀ ਦੇ ਸਾਹਮਣੇ ਰੱਖਣਗੇ ਅਤੇ ਸਮੱਸਿਆ ਦਾ ਹੱਲ ਕਰਵਾਉਣਗੇ ਜੇਕਰ ਫਿਰ ਵੀ ਟੇਲਾਂ ਤੱਕ ਪਾਣੀ ਨਾ ਪਹੁੰਚਿਆ ਤਾਂ ਉਹ ਖੁਦ ਵੀ ਕਿਸਾਨਾਂ ਨਾਲ ਧਰਨੇ ’ਤੇ ਬੈਠਣਗੇ। ਇਸ ਤੋਂ ਬਾਅਦ ਕਿਸਾਨਾਂ ਨੇ ਆਪਸੀ ਵਿਚਾਰ-ਵਟਾਂਦਰੇ ਤੋਂ ਬਾਅਦ ਮੁੱਖ ਮੰਤਰੀ ਨੂੰ ਕਾਲੇ ਝੰਡੇ ਦਿਖਾਉਣ ਦਾ ਫੈਸਲਾ ਟਾਲ ਦਿੱਤਾ ਅਤੇ ਟੇਲਾਂ ’ਤੇ ਚੱਲ ਰਹੇ ਧਰਨੇ ਉੱਤੇ ਹੀ ਵਾਪਸ ਪਹੁੰਚ ਗਏ। ਇਸ ਦੌਰਾਨ ਕਿਸਾਨਾਂ ਨੇ ਕਿਹਾ ਕਿ ਟੇਲਾਂ ਤੱਕ ਪਾਣੀ ਨਾ ਮਿਲਣ ਕਾਰਨ ਅੱਠ ਪਿੰਡਾਂ ਦੇ ਕਿਸਾਨ ਪ੍ਰਭਾਵਿਤ ਹੋ ਰਹੇ ਹਨ ਅਤੇ ਉਨ੍ਹਾਂ ਦੀਆਂ ਫਸਲਾਂ ਸੁੱਕ ਰਹੀਆਂ ਹਨ ਪਰ ਵਿਭਾਗ ਦੇ ਅਧਿਕਾਰੀ ਉਨ੍ਹਾਂ ਦੀ ਗੱਲ ਨਹੀਂ ਸੁਣ ਰਹੇ। ਅਜੇ ਤੱਕ ਉਨ੍ਹਾਂ ਦੀ ਸਮੱਸਿਆ ਦੇ ਹੱਲ ਲਈ ਕੋਈ ਠੋਸ ਕਦਮ ਨਹੀਂ ਚੁੱਕਿਆ ਗਿਆ।

Advertisement

ਇਸ ਦੌਰਾਨ ਕਿਸਾਨਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਕੀਤੀਆਂ ਗਈਆਂ ਤਾਂ ਉਹ ਅੰਦੋਲਨ ਤੇਜ਼ ਕਰਨਗੇ ਅਤੇ ਮੁੱਖ ਮੰਤਰੀ ਦੇ ਸਿਰਸਾ ਪਹੁੰਚਣ ’ਤੇ ਉਨ੍ਹਾਂ ਨੂੰ ਕਾਲੇ ਝੰਡੇ ਦਿਖਾਉਣਗੇ। ਫਿਲਹਾਲ ਸੀਨੀਅਰ ਭਾਜਪਾ ਆਗੂ ਅਮੀਰ ਚੰਦ ਮਹਿਤਾ ਨੇ ਕਿਸਾਨਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀਆਂ ਮੰਗਾਂ ’ਤੇ ਸਕਾਰਾਤਮਕ ਕਾਰਵਾਈ ਦਾ ਭਰੋਸਾ ਦਿੱਤਾ ਹੈ।

 

 

Advertisement
Show comments