ਮੁੱਖ ਮੰਤਰੀ ਨਿਵਾਸ ਦਾ ਘਿਰਾਓ ਕਰਨ ਪੁੱਜੇ ਕਿਸਾਨ
ਸਤਨਾਮ ਸਿੰਘ
ਹਰਿਆਣਾ ਵਿਚ 15 ਸੰਤਬਰ ਤੋਂ ਝੋਨੇ ਦੀ ਖਰੀਦ ਸ਼ੁਰੂ ਕਰਨ ਦੀ ਮੰਗ ਨੂੰ ਲੈ ਕੇ ਸੂਬੇ ਭਰ ਦੇ ਕਿਸਾਨ ਮੁੱਖ ਮੰਤਰੀ ਨਿਵਾਸ ਦਾ ਘਿਰਾਓ ਕਰਨ ਲਈ ਕੁਰੂਕਸ਼ੇਤਰ ਪੁੱਜੇ। ਹਰਿਆਣਾ ਕਿਸਾਨ ਮਜ਼ਦੂਰ ਸੰਘਰਸ਼ ਦੇ ਬੈਨਰ ਹੇਠ ਕਿਸਾਨ ਸਵੇਰ ਤੋਂ ਹੀ ਪਿਪਲੀ ਅਨਾਜ ਮੰਡੀ ਵਿਚ ਇੱਕਠੇ ਹੋਣੇ ਸ਼ੁਰੂ ਹੋ ਗਏ। ਇਥੇ ਮੀਟਿੰਗ ਕਰਨ ਤੋਂ ਬਾਅਦ ਕਿਸਾਨ ਦੁਪਹਿਰ ਨੂੰ ਮੁੱਖ ਮੰਤਰੀ ਨਿਵਾਸ ਵੱਲ ਮਾਰਚ ਕਰਦੇ ਰਹੇ। ਹਾਲਾਂਕਿ, ਪੁਲਿਸ ਪ੍ਰਸ਼ਾਸ਼ਨ ਨੇ ਮੁੱਖ ਮੰਤਰੀ ਨਿਵਾਸ ਤੋਂ ਕੁਝ ਦੂਰੀ ’ਤੇ ਰਾਹ ਵਿਚ ਬੈਰੀਕੇਡ ਲਗਾ ਦਿੱਤੇ ਅਤੇ ਉਨ੍ਹਾਂ ਨੂੰ ਅੱਗੇ ਵੱਧਣ ਤੋਂ ਰੋਕ ਦਿੱਤਾ। ਇਹ ਜਾਣਕਾਰੀ ਭਾਰਤੀ ਕਿਸਾਨ ਯੂਨੀਅਨ ਸਰ ਛੋਟੂ ਰਾਮ ਦੇ ਬੁਲਾਰੇ ਬਹਾਦਰ ਮੇਹਲਾ ਬਾਲਦੀ ਨੇ ਦਿੱਤੀ। ਉਨ੍ਹਾਂ ਕਿਹਾ ਕਿ ਇਸ ਮੌਕੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨਾਲ ਗੱਲਬਾਤ ਕੀਤੀ ਅਤੇ ਨੌ ਸਤੰਬਰ ਨੂੰ ਸਰਕਾਰ ਨਾਲ ਗੱਲਬਾਤ ਕਰਨ ਦਾ ਭਰੋਸਾ ਦਿੱਤਾ। ਕਿਸਾਨ ਆਗੂਆਂ ਨੇ ਕਿਹਾ ਕਿ ਫ਼ਿਜ਼ੀ ਵਾਇਰਸ, ਮੀਂਹ ਅਤੇ ਪਾਣੀ ਭਰਨ ਨਾਲ ਨੁਕਸਾਨੀਆਂ ਗਈਆਂ ਫਸਲਾਂ ਲਈ ਮੁਆਵਜ਼ਾ, ਸਮਾਰਟ ਮੀਟਰ ਨਾ ਲਗਾਉਣਾ ਅਤੇ 15 ਸਤੰਬਰ ਤੋਂ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਕਰਨ ਦੀ ਮੰਗ ਜ਼ੋਰਦਾਰ ਢੰਗ ਨਾਲ ਉਠਾਈ ਜਾ ਰਹੀ ਹੈ। ਉਨਾਂ ਕਿਹਾ ਕਿ ਨੌ ਸਤੰਬਰ ਨੂੰ ਸਰਕਾਰ ਵਲੋਂ ਗੱਲਬਾਤ ਦਾ ਸੱਦਾ ਆਇਆ ਹੈ ਅਤੇ ਹਰੇਕ ਸਮੂਹ ’ਚ ਇਕ ਆਗੂ ਗੱਲਬਾਤ ਲਈ ਜਾਏਗਾ। ਜੇਕਰ ਗੱਲਬਾਤ ਅਸਫਲ ਰਹੀ ਤਾਂ ਫਿਰ ਮੀਟਿੰਗ ਕਰ ਕੇ ਅਗਲੇਰੇ ਅੰਦੋਲਨ ਦੀ ਰੂਪਰੇਖਾ ਉਲੀਕੀ ਜਾਵੇਗੀ।