ਕਿਸਾਨਾਂ ਨੇ ਟਰੰਪ ਅਤੇ ਮੋਦੀ ਦੇ ਪੁਤਲੇ ਸਾੜੇ
ਭਾਰਤੀ ਕਿਸਾਨ ਯੂਨੀਅਨ ਟਿਕੈਤ ਨੇ ਅੱਜ ਅਮਰੀਕੀ ਰਾਸ਼ਟਰਪਤੀ ਟਰੰਪ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੁਤਲੇ ਸਾੜੇ ਹਨ। ਇਸ ਦੌਰਾਨ ਕਿਸਾਨਾਂ ਨੇ ‘ਕਾਰਪੋਰੇਟ ਭਜਾਓ, ਦੇਸ਼ ਬਚਾਓ’ ਦੇ ਨਾਅਰੇ ਲਾ ਕੇ ਪ੍ਰਦਰਸ਼ਨ ਕੀਤਾ। ਕਿਸਾਨਾਂ ਨੇ ਜਗਾਧਰੀ ਪੁਰਾਣੀ ਅਦਾਲਤ ਤੋਂ ਟਰੈਕਟਰਾਂ, ਕਾਰਾਂ, ਮੋਟਰਸਾਈਕਲਾਂ ’ਤੇ ਤਿਰੰਗਾ ਝੰਡਾ ਅਤੇ ਕਿਸਾਨੀ ਝੰਡਾ ਲਗਾਇਆ ਅਤੇ ਡਿਪਟੀ ਕਮਿਸ਼ਨਰ ਦਫ਼ਤਰ ਤੱਕ ਮਾਰਚ ਕੱਢਿਆ। ਕਿਸਾਨਾਂ ਨੇ ਡਿਪਟੀ ਕਮਿਸ਼ਨਰ ਰਾਹੀਂ ਰਾਸ਼ਟਰਪਤੀ ਨੂੰ ਮੰਗ ਪੱਤਰ ਭੇਜ ਕੇ ਵਿਰੋਧ ਪ੍ਰਗਟ ਕੀਤਾ ਜਿਸ ਵਿੱਚ ਮੰਗ ਕੀਤੀ ਗਈ ਕਿ ਭਾਰਤ ਸਰਕਾਰ ਅਮਰੀਕਾ ਨਾਲ ਮੁਕਤ ਵਪਾਰ ਸਮਝੌਤਾ ਨਹੀਂ ਚਾਹੁੰਦੀ। ਇਸ ਦੇ ਨਾਲ ਹੀ ਕਿਹਾ ਗਿਆ ਕਿ ਅਮਰੀਕਾ ਵੱਲੋਂ ਲਾਏ ਗਏ 25 ਫ਼ੀਸਦ ਅਤੇ 50 ਫ਼ੀਸਦ ਟੈਰਿਫ ਦਾ ਕਿਸਾਨ ਸਖ਼ਤ ਵਿਰੋਧ ਕਰਦੇ ਹਨ। ਕਿਸਾਨ ਯੁਨੀਅਨਾਂ ਮੁਤਾਬਕ ਅਮਰੀਕਾ ਨੇ ਪ੍ਰੋਸੈਸਡ ਭੋਜਨ, ਡੇਅਰੀ, ਸਬਜ਼ੀਆਂ ਅਤੇ ਫਲਾਂ ਦੀ ਦਰਾਮਦ ਵਧਾ ਦਿੱਤੀ ਹੈ। ਭਾਰਤ ਵਿੱਚ ਫੂਡ ਪ੍ਰੋਸੈਸਿੰਗ ਵਿੱਚ ਵਿਦੇਸ਼ੀ ਨਿਵੇਸ਼ ਵੀ ਵਧਾਇਆ ਹੈ ਜਿਸ ਨਾਲ ਕਿਸਾਨਾਂ ਅਤੇ ਛੋਟੇ ਖੇਤੀਬਾੜੀ ਕਾਰੋਬਾਰਾਂ ਦੀ ਆਮਦਨ ਨੂੰ ਨੁਕਸਾਨ ਹੋਵੇਗਾ। ਇੰਨਾ ਹੀ ਨਹੀਂ ਸੋਇਆ, ਮੱਕੀ, ਕਪਾਹ ਦੇ ਅਨਾਜ ’ਤੇ ਵੱਡੇ ਪੱਧਰ ‘ਤੇ ਕੀਤਾ ਜਾਣ ਵਾਲਾ ਆਯਾਤ ਅਤੇ ਭਾਰਤੀ ਅਰਥਵਿਵਸਥਾ ਵਿੱਚ ਬਹੁ-ਰਾਸ਼ਟਰੀ ਕੰਪਨੀਆਂ ਨੂੰ ਪ੍ਰਭਾਵਿਤ ਕਰੇਗਾ। ਕਿਸਾਨਾਂ ਨੇ ਐਲਾਨ ਕੀਤਾ ਕਿ ਸੰਯੁਕਤ ਕਿਸਾਨ ਮੋਰਚਾ ਅਮਰੀਕੀ ਰਾਸ਼ਟਰਪਤੀ ਵੱਲੋਂ ਭਾਰਤ ’ਤੇ ਲਗਾਏ ਗਏ 25 ਫ਼ੀਸਦ ਟੈਕਸ ਨੂੰ ਭਾਰਤ ਦੀ ਪ੍ਰਭੂਸੱਤਾ ‘ਤੇ ਹਮਲਾ ਮੰਨਦਾ ਹੈ ਅਤੇ ਇਸ ਦਾ ਸਖ਼ਤ ਵਿਰੋਧ ਕਰਦਾ ਹੈ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਦੀਆਂ ਨੀਤੀਆਂ ਕਾਰਪੋਰੇਟ ਮੁਨਾਫ਼ੇ ਅਤੇ ਰਾਜਨੀਤਿਕ ਭ੍ਰਿਸ਼ਟਾਚਾਰ ਨੂੰ ਪੂਰੀ ਤਰ੍ਹਾਂ ਉਤਸ਼ਾਹਿਤ ਕਰ ਰਹੀਆਂ ਹਨ। ਇਸ ਤੋਂ ਇਲਾਵਾ ਜੰਗਲਾਤ ਅਧਿਕਾਰ ਐਕਟ 2006 ਨੂੰ ਇਸ ਦੀ ਅਸਲ ਭਾਵਨਾ ਵਿੱਚ ਲਾਗੂ ਕੀਤਾ ਜਾਣਾ ਚਾਹੀਦਾ ਹੈ। ਨਿਰਦੋਸ਼ ਲੋਕਾਂ ਵਿਰੁੱਧ ਝੂਠੇ ਕੇਸ ਦਰਜ ਕਰਨਾ ਬੰਦ ਕੀਤਾ ਜਾਣਾ ਚਾਹੀਦਾ ਹੈ, ਸਾਰੇ ਝੂਠੇ ਕੇਸ ਵਾਪਸ ਲਏ ਜਾਣੇ ਚਾਹੀਦੇ ਹਨ ਅਤੇ ਗ੍ਰਿਫ਼ਤਾਰ ਕੀਤੇ ਅਤੇ ਕੈਦ ਕੀਤੇ ਗਏ ਲੋਕਾਂ ਨੂੰ ਰਿਹਾਅ ਕੀਤਾ ਜਾਣਾ ਚਾਹੀਦਾ ਹੈ। ਇਸ ਵਿਰੋਧ ਪ੍ਰਦਰਸ਼ਨ ਨੂੰ ਐਡਵੋਕੇਟ ਸਾਹਿਬ ਸਿੰਘ, ਐਡਵੋਕੇਟ ਧਰਮਪਾਲ ਚੌਹਾਨ, ਪਿਆਰੇ ਲਾਲ ਤੰਵਰ, ਮਹੀਪਾਲ ਚਮਰੌੜੀ, ਨਾਇਬ ਸਿੰਘ, ਮਾਨਸਿੰਘ, ਦੀਪ ਰਾਣਾ, ਵਿਜੇਪਾਲ, ਅਸ਼ੋਕ ਕੁਮਾਰ, ਸੁਭਾਸ਼ ਹੰਡੋਲ, ਪ੍ਰਦੀਪ ਨਾਗਲਾ, ਰਮੇਸ਼ ਢਿੱਲੋਂ ਅਤੇ ਹੋਰਾਂ ਨੇ ਵੀ ਸੰਬੋਧਨ ਕੀਤਾ।