ਫਰੀਦਾਬਾਦ: ਦਿੱਲੀ ਧਮਾਕੇ ਤੋਂ ਬਾਅਦ ਪੁਲੀਸ ਵੱਲੋਂ ਵੱਡੇ ਪੱਧਰ ’ਤੇ ਤਲਾਸ਼ੀ ਮੁਹਿੰਮ!
ਫਰੀਦਾਬਾਦ ਦੇ ਕੁਝ ਹਿੱਸਿਆਂ ਵਿੱਚ ਵੱਡੇ ਪੱਧਰ ’ਤੇ ਤਲਾਸ਼ੀ ਮੁਹਿੰਮ ਚਲਾਈ ਗਈ। ਇਹ ਕਾਰਵਾਈ ਇੱਕ ਦਿਨ ਬਾਅਦ ਕੀਤੀ ਗਈ ਜਦੋਂ ਇੱਥੇ ਇੱਕ ਕਸ਼ਮੀਰੀ ਡਾਕਟਰ ਦੇ ਦੋ ਕਿਰਾਏ ਦੇ ਕਮਰਿਆਂ ਵਿੱਚੋਂ ਵੱਡੀ ਮਾਤਰਾ ਵਿੱਚ ਵਿਸਫੋਟਕ, ਜਲਣਸ਼ੀਲ ਸਮੱਗਰੀ ਅਤੇ ਹਥਿਆਰ ਬਰਾਮਦ ਕੀਤੇ ਗਏ ਸਨ।
ਦਿੱਲੀ ਵਿੱਚ ਲਾਲ ਕਿਲ੍ਹੇ ਨੇੜੇ ਸੋਮਵਾਰ ਸ਼ਾਮ ਨੂੰ ਹੋਏ ਧਮਾਕੇ, ਜਿਸ ਵਿੱਚ 12 ਲੋਕ ਮਾਰੇ ਗਏ ਸਨ, ਦੀ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਸਦੇ ਤਾਰ ਫਰੀਦਾਬਾਦ ਵਿੱਚ ਸਾਹਮਣੇ ਆਏ ਕਥਿਤ ਅਤਿਵਾਦੀ ਮਾਡਿਊਲ ਨਾਲ ਜੁੜੇ ਹੋਏ ਹਨ।
ਇਹ ਧਮਾਕਾ ਉਸ ਸਮੇਂ ਹੋਇਆ ਜਦੋਂ ਜੈਸ਼-ਏ-ਮੁਹੰਮਦ ਅਤੇ ਅੰਸਾਰ ਗਜ਼ਵਤ-ਉਲ-ਹਿੰਦ ਨਾਲ ਜੁੜੇ ਇੱਕ ਵਾਈਟ ਕਾਲਰ ਅਤਿਵਾਦੀ ਮਾਡਿਊਲ ਦਾ ਪਰਦਾਫਾਸ਼ ਹੋਇਆ।
ਇਹ ਮਾਡਿਊਲ ਕਸ਼ਮੀਰ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਤੱਕ ਫੈਲਿਆ ਹੋਇਆ ਸੀ, ਅਤੇ ਇਸ ਦੌਰਾਨ ਤਿੰਨ ਡਾਕਟਰਾਂ ਸਮੇਤ ਅੱਠ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ 2,900 ਕਿਲੋ ਵਿਸਫੋਟਕ ਜ਼ਬਤ ਕੀਤਾ ਗਿਆ।
ਸੋਮਵਾਰ ਨੂੰ ਗ੍ਰਿਫ਼ਤਾਰ ਕੀਤੇ ਗਏ ਲੋਕਾਂ ਵਿੱਚ ਡਾ. ਮੁਜ਼ੱਮਿਲ ਗਨਾਈ ਅਤੇ ਡਾ. ਸ਼ਾਹੀਨ ਸਈਦ ਸ਼ਾਮਲ ਹਨ, ਜੋ ਦੋਵੇਂ ਫਰੀਦਾਬਾਦ ਦੀ ਅਲ ਫਲਾਹ ਯੂਨੀਵਰਸਿਟੀ ਨਾਲ ਜੁੜੇ ਹੋਏ ਹਨ। ਇਸ ਯੂਨੀਵਰਸਿਟੀ ਤੋਂ 360 ਕਿਲੋ ਅਮੋਨੀਅਮ ਨਾਈਟ੍ਰੇਟ ਬਰਾਮਦ ਕੀਤਾ ਗਿਆ ਸੀ।
ਪੁਲੀਸ ਨੇ ਮੰਗਲਵਾਰ ਨੂੰ ਦੱਸਿਆ ਕਿ ਇੱਕ ਟੀਮ ਯੂਨੀਵਰਸਿਟੀ ਵਿੱਚ ਡੇਰਾ ਲਾਈ ਬੈਠੀ ਹੈ, ਜਿੱਥੇ ਕਸ਼ਮੀਰੀ ਡਾਕਟਰ, ਮੁਜ਼ੱਮਿਲ ਗਨਾਈ, ਪਿਛਲੇ ਸਾਢੇ ਤਿੰਨ ਸਾਲਾਂ ਤੋਂ ਰਹਿ ਰਿਹਾ ਸੀ, ਅਤੇ ਉਹ ਉੱਥੋਂ ਦੇ ਸਟਾਫ ਅਤੇ ਡਾਕਟਰਾਂ ਤੋਂ ਪੁੱਛਗਿੱਛ ਕਰ ਰਹੇ ਹਨ।
ਹਰਿਆਣਾ ਦੇ ਫਰੀਦਾਬਾਦ ਜ਼ਿਲ੍ਹੇ ਦੇ ਧੌਜ ਵਿੱਚ ਸਥਿਤ ਅਲ ਫਲਾਹ ਯੂਨੀਵਰਸਿਟੀ, ਜੋ ਦਿੱਲੀ ਤੋਂ ਲਗਭਗ 45 ਕਿਲੋਮੀਟਰ ਦੂਰ ਹੈ, ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (UGC) ਦੁਆਰਾ ਮਾਨਤਾ ਪ੍ਰਾਪਤ ਇੱਕ ਪ੍ਰਾਈਵੇਟ ਸੰਸਥਾ ਹੈ।
ਡਾ. ਉਮਰ ਨਬੀ, ਜੋ ਲਾਲ ਕਿਲ੍ਹੇ ਨੇੜੇ ਧਮਾਕੇ ਵਾਲੀ ਕਾਰ ਚਲਾ ਰਿਹਾ ਸੀ, ਉਹ ਵੀ ਅਲ ਫਲਾਹ ਯੂਨੀਵਰਸਿਟੀ ਨਾਲ ਜੁੜਿਆ ਹੋਇਆ ਸੀ। ਮੰਨਿਆ ਜਾਂਦਾ ਹੈ ਕਿ ਨਬੀ ਦੀ ਧਮਾਕੇ ਵਿੱਚ ਮੌਤ ਹੋ ਗਈ ਹੈ।
ਅਧਿਕਾਰੀਆਂ ਨੇ ਦੱਸਿਆ ਕਿ 800 ਤੋਂ ਵੱਧ ਪੁਲੀਸ ਕਰਮਚਾਰੀਆਂ ਨੇ ਮੰਗਲਵਾਰ ਨੂੰ ਯੂਨੀਵਰਸਿਟੀ ਦੇ ਆਲੇ-ਦੁਆਲੇ ਦੇ ਇਲਾਕੇ ਦੀ ਤਲਾਸ਼ੀ ਲਈ। ਤਲਾਸ਼ੀ ਦੌਰਾਨ ਪੁਲੀਸ ਕਰਮਚਾਰੀਆਂ ਦੇ ਨਾਲ ਬੰਬ ਨਿਰੋਧਕ ਦਸਤਾ ਵੀ ਮੌਜੂਦ ਸੀ।
ਫਰੀਦਾਬਾਦ ਦੇ ਪੁਲੀਸ ਕਮਿਸ਼ਨਰ ਸਤਿੰਦਰ ਗੁਪਤਾ ਨੇ ਕਿਹਾ, “ ਸਾਡਾ ਤਲਾਸ਼ੀ ਅਭਿਆਨ ਜਾਰੀ ਹੈ ਪੁਲੀਸ ਟੀਮਾਂ ਨੇ ਅੱਜ 50 ਤੋਂ ਵੱਧ ਲੋਕਾਂ ਤੋਂ ਪੁੱਛਗਿੱਛ ਕੀਤੀ... ਤਲਾਸ਼ੀ ਮੁਹਿੰਮ ਆਉਣ ਵਾਲੇ ਦਿਨਾਂ ਵਿੱਚ ਵੀ ਜ਼ਿਲ੍ਹੇ ਦੇ ਵੱਖ-ਵੱਖ ਇਲਾਕਿਆਂ ਵਿੱਚ ਜਾਰੀ ਰਹੇਗੀ।”
ਸੂਤਰਾਂ ਨੇ ਦੱਸਿਆ ਕਿ ਲਾਲ ਕਿਲ੍ਹੇ ਨੇੜੇ ਧਮਾਕੇ ਵਾਲੀ ਕਾਰ ਦੇ ਸਬੰਧ ਵਿੱਚ ਗੁਰੂਗ੍ਰਾਮ ਤੋਂ ਤਿੰਨ ਅਤੇ ਫਰੀਦਾਬਾਦ ਤੋਂ ਇੱਕ ਵਿਅਕਤੀ ਨੂੰ ਪੁੱਛਗਿੱਛ ਲਈ ਪੁਲੀਸ ਲੈ ਗਈ ਹੈ।
ਉਨ੍ਹਾਂ ਦਾਅਵਾ ਕੀਤਾ ਕਿ ਫਰੀਦਾਬਾਦ ਦਾ ਵਿਅਕਤੀ ਇੱਕ ਕਾਰ ਡੀਲਰ ਸੀ ਅਤੇ ਰਾਜਧਾਨੀ ਵਿੱਚ ਸੋਮਵਾਰ ਸ਼ਾਮ ਦੇ ਧਮਾਕੇ ਵਿੱਚ ਵਰਤੇ ਗਏ ਵਾਹਨ ਦੀ ਵਿਕਰੀ ਵਿੱਚ ਸ਼ਾਮਲ ਦੱਸਿਆ ਜਾਂਦਾ ਹੈ।
ਪੁਲੀਸ ਦਿਨੇਸ਼ ਤੋਂ ਵੀ ਪੁੱਛਗਿੱਛ ਕਰ ਰਹੀ ਹੈ ਕਿਉਂਕਿ ਧਮਾਕੇ ਵਿੱਚ ਵਰਤੀ ਗਈ ਕਾਰ ਦਾ ਪਹਿਲਾ ਮਾਲਕ 2016 ਤੋਂ 2020 ਦੇ ਵਿਚਕਾਰ ਉਸਦਾ ਕਿਰਾਏਦਾਰ ਸੀ।
ਸੂਤਰਾਂ ਨੇ ਦੱਸਿਆ ਕਿ ਪੁੱਛਗਿੱਛ ਲਈ ਲਏ ਗਏ ਤੀਜੇ ਵਿਅਕਤੀ ਦਾ ਨਾਂ ਮੁਹੰਮਦ ਸਲਮਾਨ ਹੈ, ਜੋ ਕਾਰ ਦਾ ਮਾਲਕ ਸੀ, ਪਰ ਬਾਅਦ ਵਿੱਚ ਉਸਨੇ ਇਸਨੂੰ ਕਿਸੇ ਹੋਰ ਨੂੰ ਵੇਚਣ ਦਾ ਦਾਅਵਾ ਕੀਤਾ।
ਉਨ੍ਹਾਂ ਅੱਗੇ ਕਿਹਾ ਕਿ ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਕੀ ਅਲ ਫਲਾਹ ਯੂਨੀਵਰਸਿਟੀ ਕੈਂਪਸ ਵਿੱਚ ਡਾ. ਮੁਜ਼ੱਮਿਲ ਨੂੰ ਅਲਾਟ ਕੀਤਾ ਗਿਆ ਕਮਰਾ ਉਸ ਵੱਲੋਂ ਕੋਈ ਅਤਿਵਾਦੀ ਸਾਜ਼ਿਸ਼ ਰਚਣ ਲਈ ਵਰਤਿਆ ਗਿਆ ਸੀ।
ਇਸ ਦੌਰਾਨ, ਹਰਿਆਣਾ ਦੇ ਪੁਲੀਸ ਡਾਇਰੈਕਟਰ ਜਨਰਲ, ਓ.ਪੀ. ਸਿੰਘ ਨੇ ਮੰਗਲਵਾਰ ਨੂੰ X ’ਤੇ ਇੱਕ ਪੋਸਟ ਵਿੱਚ ਕਿਹਾ, “ ਸੂਬੇ ਵਿੱਚ ਸਥਿਤੀ ਸ਼ਾਂਤੀਪੂਰਨ ਹੈ। ਪੁਲੀਸ ਅਤੇ ਹੋਰ ਏਜੰਸੀਆਂ ਹਾਈ ਅਲਰਟ ’ਤੇ ਹਨ।”
ਇੱਕ ਹੋਰ ਪੋਸਟ ਵਿੱਚ, ਉਨ੍ਹਾਂ ਨੇ ਫਰੀਦਾਬਾਦ ਵਿੱਚ ਤਾਜ਼ਾ ਵਿਸਫੋਟਕਾਂ ਦੀ ਬਰਾਮਦਗੀ ਬਾਰੇ ਖ਼ਬਰਾਂ ਨੂੰ ਖਾਰਜ ਕਰਦਿਆਂ ਕਿਹਾ, “ਫਰੀਦਾਬਾਦ ਵਿੱਚ ਦੀਵਾਲੀ ਦੇ ਪਟਾਕੇ ਜ਼ਬਤ ਕੀਤੇ ਗਏ ਹਨ। ਇਹ ਵਿਸਫੋਟਕਾਂ ਦੀ ਬਰਾਮਦਗੀ ਨਹੀਂ ਹੈ।”
ਉਨ੍ਹਾਂ ਕਿਹਾ,ਕਿ ਹਰਿਆਣਾ ਵਿੱਚ ਸਥਿਤੀ ਪੂਰੀ ਤਰ੍ਹਾਂ ਸ਼ਾਂਤੀਪੂਰਨ ਹੈ। ਏਜੰਸੀਆਂ ਹਾਈ ਅਲਰਟ 'ਤੇ ਹਨ। ਅਫਵਾਹਾਂ ਨਾ ਫੈਲਾਓ ਅਤੇ ਨਾ ਹੀ ਉਨ੍ਹਾਂ 'ਤੇ ਵਿਸ਼ਵਾਸ ਕਰੋ।
ਇਸ ਦੌਰਾਨ, ਹਰਿਆਣਾ ਵਿੱਚ ਵਧੇ ਹੋਏ ਅਲਰਟ ਦੇ ਹਿੱਸੇ ਵਜੋਂ, ਪੁਲੀਸ ਸੋਮਵਾਰ ਸ਼ਾਮ ਤੋਂ ਸੂਬੇ ਦੀਆਂ ਸਰਹੱਦਾਂ ’ਤੇ ਵਾਹਨਾਂ ਦੇ ਨਾਲ-ਨਾਲ ਸਾਰੇ ਜਨਤਕ ਆਵਾਜਾਈ, ਪਾਰਕਿੰਗ ਖੇਤਰਾਂ, ਹੋਟਲਾਂ ਅਤੇ ਧਰਮਸ਼ਾਲਾਵਾਂ ਦੀ ਜਾਂਚ ਕਰ ਰਹੀ ਹੈ, ਜਦੋਂ ਕਿ ਭੀੜ ਵਾਲੀਆਂ ਥਾਵਾਂ ਅਤੇ ਜ਼ਰੂਰੀ ਅਦਾਰਿਆਂ ’ਤੇ ਚੌਕਸੀ ਵਧਾ ਦਿੱਤੀ ਗਈ ਹੈ। ਰੇਲਵੇ ਸਟੇਸ਼ਨਾਂ ’ਤੇ ਵੀ ਸੁਰੱਖਿਆ ਵਧਾ ਦਿੱਤੀ ਗਈ ਹੈ, ਜਿੱਥੇ ਚੈਕਿੰਗ ਤੇਜ਼ ਕਰ ਦਿੱਤੀ ਗਈ ਹੈ।
