ਸਿਰਸਾ ਦੇ ਮਹਿਲਾ ਥਾਣੇ ਬਾਹਰ ਧਮਾਕਾ
ਪ੍ਰਭੂ ਦਿਆਲ
ਇਥੋਂ ਦੇ ਮਹਿਲਾ ਥਾਣੇ ਦੇ ਬਾਹਰ ਦੇਰ ਰਾਤ ਧਮਾਕਾ ਹੋਇਆ। ਖੁਫੀਆ ਏਜੰਸੀਆਂ ਤੇ ਪੁਲੀਸ ਮੁਲਾਜ਼ਮਾਂ ਨੂੰ ਇਸ ਸਬੰਧੀ ਕੋਈ ਜਾਣਕਾਰੀ ਨਹੀਂ ਸੀ। ਧਮਾਕੇ ਦੀ ਵੀਡੀਓ ਵੀ ਵਾਇਰਲ ਹੋ ਰਹੀ ਹੈ। ਇਸ ਮਾਮਲੇ ’ਚ ਪੁਲੀਸ ਨੇ ਪੰਜ ਨੌਜਵਾਨਾਂ ਨੂੰ ਰਿਹਾਸਤ ਵਿੱਚ ਲਿਆ ਹੈ। ਧਮਾਕੇ ਦੀ ਜ਼ਿਮੇਵਾਰੀ ਖ਼ਾਲਿਸਤਾਨ ਲਿਬਰੇਸ਼ਨ ਆਰਮੀ ਵੱਲੋਂ ਲਈ ਗਈ ਹੈ। ਸੋਸ਼ਲ ਮੀਡੀਆ ’ਤੇ ਵਾਇਰਲ ਖ਼ਾਲਿਸਤਾਨੀ ਗਰੁੱਪ ਕਿੰਗ ਸ਼ੁੂਟਰ ਦੇ ਨਾਂ ’ਤੇ ਬਣੇ ਇੰਸਟਾਗ੍ਰਾਮ ਅਕਾਊਂਟ ’ਤੇ ਇਸ ਨੂੰ ਸ਼ੇਅਰ ਕੀਤਾ ਗਿਆ ਹੈ, ਜਿਸ ਤੋਂ ਪਤਾ ਲੱਗਦਾ ਹੈ ਹਮਲੇ ਦੀ ਸਾਜ਼ਿਸ਼ ਰਚੀ ਗਈ। ਹਾਲਾਂਕਿ ਇਸ ਧਮਾਕੇ ਨਾਲ ਕੋਈ ਜਾਨੀ-ਮਾਲੀ ਨੁਕਸਾਨ ਨਹੀਂ ਹੋਇਆ ਹੈ। ਧਮਾਕੇ ’ਚ ਜੋ ਸਮੱਗਰੀ ਮਿਲੀ ਹੈ, ਉਸ ਨੂੰ ਜਾਂਚ ਲਈ ਭੇਜਿਆ ਗਿਆ ਹੈ। ਪੁਲੀਸ ਤੇ ਖੁਫ਼ੀਆ ਏਜੰਸੀਆਂ ਦੀਆਂ ਟੀਮਾਂ ਸਬੂਤ ਇਕੱਠੇ ਕਰਨ ’ਚ ਲੱਗੀਆਂ ਹੋਈਆਂ ਹਨ। ਨੇੜੇ ਦੀਆਂ ਦੁਕਾਨਾਂ ਦੀਆਂ ਸੀਸੀਟੀਵੀ ਫੁਟੇਜ ਪੁਲੀਸ ਵੱਲੋਂ ਘੋਖੀ ਜਾ ਰਹੀ ਹੈ। ਇਸ ਮਾਮਲੇ ਵਿੱਚ ਪੁਲੀਸ ਨੇ ਪੰਜ ਨੌਜਵਾਨਾਂ ਨੂੰ ਹਿਰਾਸਤ ਵਿੱਚ ਲਿਆ ਹੈ। ਪੁਲੀਸ ਉਨ੍ਹਾਂ ਨੂੰ ਲੈ ਕੇ ਰਾਣੀਆਂ, ਖਾਰੀਆਂ ਤੇ ਕਈ ਹੋਰ ਥਾਵਾਂ ’ਤੇ ਨਿਸ਼ਾਨਦੇਹੀ ਕਰਵਾ ਰਹੀ ਹੈ। ਐੱਸ ਪੀ ਦੀਪਕ ਸਹਾਰਨ ਨੇ ਦੱਸਿਆ ਹੈ ਕਿ ਇਸ ਮਾਮਲੇ ਵਿੱਚ ਕੇਸ ਦਰਜ ਕਰ ਲਿਆ ਗਿਆ ਹੈ। ਪੰਜ ਵਿਅਕਤੀਆਂ ਨੂੰ ਰਿਹਾਸਤ ਵਿੱਚ ਲਿਆ ਗਿਆ ਹੈ।
