ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

Explainer: ਸੂਰਜਮੁਖੀ ਕਾਸ਼ਤਕਾਰਾਂ ਤੋਂ ਕਮਿਸ਼ਨ ਏਜੰਟਾਂ ’ਤੇ ਕੀਤੀ ਨਾਜਾਇਜ਼ ਵਸੂਲੀ? ਮਾਮਲੇ ਦੀ ਜਾਂਚ ਸ਼ੁਰੂ

ਭਾਰਤੀ ਕਿਸਾਨ ਯੂਨੀਅਨ (ਚਡ਼ੂਨੀ) ਨੇ ਮਾਮਲੇ ਦੀ ਜਾਂਚ ਲਈ ਗਠਿਤ ਕਮੇਟੀ ਨੂੰ ਦਿੱਤੀ ਸ਼ਿਕਾਇਤ
Advertisement

ਭਾਰਤੀ ਕਿਸਾਨ ਯੂਨੀਅਨ (ਚੜੂਨੀ) ਵੱਲੋਂ ਸੂਰਜਮੁਖੀ ਖਰੀਦ ਸੀਜ਼ਨ ਦੌਰਾਨ ਕਮਿਸ਼ਨ ਏਜੰਟਾਂ ਵੱਲੋਂ ਕਿਸਾਨਾਂ ਤੋਂ ਨਾਜਾਇਜ਼ ਵਸੂਲੀ ਦੇ ਦੋਸ਼ ਲਗਾਉਣ ਤੋਂ ਕੁਝ ਦਿਨ ਬਾਅਦ, ਇਨ੍ਹਾਂ ਦੋਸ਼ਾਂ ਤੇ ਦਾਅਵਿਆਂ ਦੀ ਪੁਸ਼ਟੀ ਲਈ ਸ਼ਾਹਾਬਾਦ ਅਨਾਜ ਮੰਡੀ ਵਿੱਚ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ ਹੈ। ਕਿਸਾਨ ਯੂਨੀਅਨ ਨੇ ਸ਼ੁੱਕਰਵਾਰ ਨੂੰ ਮਾਮਲੇ ਦੀ ਜਾਂਚ ਲਈ ਗਠਿਤ ਪੈਨਲ ਅੱਗੇ ਆਪਣੀ ਸ਼ਿਕਾਇਤ ਪੇਸ਼ ਕੀਤੀ ਹੈ।

ਯੂਨੀਅਨ ਨੇ ਕੀ ਦੋਸ਼ ਲਗਾਏ ਸਨ?

ਭਾਰਤੀ ਕਿਸਾਨ ਯੂਨੀਅਨ (ਚੜੂਨੀ) ਨੇ ਬੀਤੇ ਜੂਨ ਮਹੀਨੇ ਵਿੱਚ ਸ਼ਿਕਾਇਤ ਕੀਤੀ ਸੀ, ਜਿਸ ਵਿੱਚ ਦੋਸ਼ ਲਗਾਇਆ ਗਿਆ ਸੀ ਕਿ ਸ਼ਾਹਾਬਾਦ ਅਨਾਜ ਮੰਡੀ ਦੇ ਕਮਿਸ਼ਨ ਏਜੰਟ ਸੂਰਜਮੁਖੀ ਕਾਸ਼ਤਕਾਰਾਂ ਤੋਂ ਜ਼ਬਰਦਸਤੀ 100 ਰੁਪਏ ਪ੍ਰਤੀ ਕੁਇੰਟਲ ਵਸੂਲਦੇ ਹਨ। ਯੂਨੀਅਨ ਨੇ ਇਹ ਵੀ ਦੋਸ਼ ਲਗਾਇਆ ਸੀ ਕਿ ਹਰਿਆਣਾ ਸਰਕਾਰ ਵੱਲੋਂ ਸੂਰਜਮੁਖੀ ਦੀਆਂ ਫਸਲਾਂ 'ਤੇ ਅਧਿਕਾਰਤ ਕਮਿਸ਼ਨ 2.5 ਫ਼ੀਸਦੀ ਤੋਂ ਘਟਾ ਕੇ 1 ਫ਼ੀਸਦੀ ਕਰਨ ਦੇ ਫੈਸਲੇ ਤੋਂ ਬਾਅਦ ਅਨਾਜ ਮੰਡੀ ਦੀਆਂ ਦੋਵੇਂ ਐਸੋਸੀਏਸ਼ਨਾਂ ਵੱਲੋਂ 100 ਰੁਪਏ ਪ੍ਰਤੀ ਕੁਇੰਟਲ ਵਸੂਲਣ ਦਾ ਫੈਸਲਾ ਲਿਆ ਗਿਆ ਸੀ। ਯੂਨੀਅਨ ਨੇ ਦੋਸ਼ ਲਗਾਇਆ ਕਿ ਇਹ ਵਾਧੂ 100 ਰੁਪਏ ਵਸੂਲਣ ਦਾ ਫੈਸਲਾ ਉਨ੍ਹਾਂ ਦੇ ਖਰਚਿਆਂ ਨੂੰ ਪੂਰਾ ਕਰਨ ਦੇ ਬਹਾਨੇ ਲਿਆ ਗਿਆ ਸੀ।

Advertisement

ਮਾਰਕੀਟ ਕਮੇਟੀ ਵੱਲੋਂ ਕੀ ਕਾਰਵਾਈ ਕੀਤੀ ਗਈ?

ਮਾਰਕੀਟ ਕਮੇਟੀ, ਸ਼ਾਹਾਬਾਦ ਨੇ ਮਾਮਲੇ ਦੀ ਜਾਂਚ ਲਈ ਪੰਜ ਮੈਂਬਰੀ ਪੈਨਲ ਕਾਇਮ ਕੀਤਾ ਸੀ। ਪੈਨਲ ਨੂੰ ਏਜੰਟ ਰਿਕਾਰਡਾਂ ਦੀ ਜਾਂਚ ਕਰਨ, ਕਿਸਾਨਾਂ ਅਤੇ ਏਜੰਟਾਂ ਦੋਵਾਂ ਦੇ ਬਿਆਨ ਦਰਜ ਕਰਨ ਅਤੇ 15 ਦਿਨਾਂ ਦੇ ਅੰਦਰ ਰਿਪੋਰਟ ਪੇਸ਼ ਕਰਨ ਲਈ ਕਿਹਾ ਗਿਆ ਹੈ। ਪੈਨਲ ਨੇ ਕਿਸਾਨਾਂ ਨੂੰ ਸ਼ੁੱਕਰਵਾਰ ਨੂੰ ਆਪਣੇ ਬਿਆਨ ਦਰਜ ਕਰਨ ਲਈ ਸੱਦਾ ਦਿੱਤਾ ਸੀ ਜਿਸ ਤੋਂ ਬਾਅਦ ਯੂਨੀਅਨ ਨੇ ਸ਼ਿਕਾਇਤ ਦਿੱਤੀ ਹੈ ਅਤੇ ਬਿਆਨ ਦਰਜ ਕਰਵਾਏ ਹਨ।

ਕੀ ਕਹਿੰਦੀ ਹੈ ਯੂਨੀਅਨ?

ਬੀਕੇਯੂ (ਚੜੂਨੀ) ਦੇ ਬੁਲਾਰੇ ਰਾਕੇਸ਼ ਬੈਂਸ ਨੇ ਕਿਹਾ ਕਿ ਮਾਰਕੀਟ ਕਮੇਟੀ ਨੇ ਮਾਮਲੇ ਵਿੱਚ ਕੋਈ ਗੰਭੀਰਤਾ ਨਹੀਂ ਦਿਖਾਈ ਅਤੇ ਮਾਮਲੇ ਦੀ ਜਾਂਚ ਕਰਨ ਲਈ ਪੈਨਲ ਸ਼ਿਕਾਇਤ ਦਰਜ ਹੋਣ ਤੋਂ ਲਗਭਗ ਇੱਕ ਮਹੀਨੇ ਬਾਅਦ ਗਠਿਤ ਕੀਤਾ ਗਿਆ ਸੀ। ਹਾਲਾਂਕਿ, ਕਮੇਟੀ ਨੇ ਪਹਿਲਾਂ ਦੋਵਾਂ ਐਸੋਸੀਏਸ਼ਨਾਂ ਨੂੰ ਨੋਟਿਸ ਜਾਰੀ ਕੀਤੇ ਸਨ, ਪਰ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਕਮਿਸ਼ਨ ਏਜੰਟਾਂ ਨੂੰ ਕਿਸਾਨਾਂ ਤੋਂ ਕੋਈ ਪੈਸਾ ਵਸੂਲਣ ਦਾ ਕੋਈ ਅਧਿਕਾਰ ਨਹੀਂ ਹੈ ਕਿਉਂਕਿ ਸਰਕਾਰ ਉਨ੍ਹਾਂ ਨੂੰ ਉਨ੍ਹਾਂ ਦੇ ਕੰਮ ਲਈ ਕਮਿਸ਼ਨ ਦਿੰਦੀ ਹੈ।

ਉਨ੍ਹਾਂ ਕਿਹਾ ਕਿ ਜੇ ਉਨ੍ਹਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਦਾ ਕਮਿਸ਼ਨ ਘੱਟ ਹੈ, ਤਾਂ ਉਨ੍ਹਾਂ ਨੂੰ ਸਰਕਾਰ ਕੋਲ ਇਤਰਾਜ਼ ਉਠਾਉਣ। ਕਮਿਸ਼ਨ ਏਜੰਟ ਕਿਸਾਨਾਂ 'ਤੇ ਦਬਾਅ ਪਾ ਰਹੇ ਹਨ ਅਤੇ ਉਨ੍ਹਾਂ ਨੂੰ ਧਮਕਾ ਰਹੇ ਹਨ ਕਿ ਜੇ ਉਨ੍ਹਾਂ ਵਿਰੁੱਧ ਕੋਈ ਸ਼ਿਕਾਇਤ ਕੀਤੀ ਗਈ ਤਾਂ ਉਹ ਭਵਿੱਖ ਵਿੱਚ ਉਨ੍ਹਾਂ ਦੀ ਫਸਲ ਨੂੰ ਨਹੀਂ ਸੰਭਾਲਣਗੇ। ਇਸ ਕਾਰਨ ਕਿਸਾਨਾਂ ਨੇ ਵੀ ਵਿਅਕਤੀਗਤ ਸ਼ਿਕਾਇਤਾਂ ਦਰਜ ਨਹੀਂ ਕਰਵਾਈਆਂ।

ਕਮਿਸ਼ਨ ਏਜੰਟ ਐਸੋਸੀਏਸ਼ਨ ਦਾ ਹੈ ਕੀ ਦਾਅਵਾ?

ਸ਼ਾਹਬਾਦ ਅਨਾਜ ਮੰਡੀ ਕਮਿਸ਼ਨ ਏਜੰਟ ਐਸੋਸੀਏਸ਼ਨ ਦੇ ਪ੍ਰਧਾਨ ਬਿੱਟੂ ਕਾਲੜਾ ਨੇ ਦੋਸ਼ਾਂ ਦਾ ਖੰਡਨ ਕਰਦਿਆਂ ਕਿਹਾ ਸੀ ਕਿ ਖਰੀਦ ਸੀਜ਼ਨ ਦੌਰਾਨ ਕਿਸੇ ਵੀ ਕਿਸਾਨ ਨੂੰ ਵਾਧੂ ਖਰਚ ਦੇਣ ਲਈ ਮਜਬੂਰ ਨਹੀਂ ਕੀਤਾ ਗਿਆ। ਇਹ ਸ਼ਿਕਾਇਤ ਯੂਨੀਅਨ ਦੇ ਮੈਂਬਰਾਂ ਨੇ ਕੀਤੀ ਸੀ, ਸੂਰਜਮੁਖੀ ਕਾਸ਼ਤਕਾਰਾਂ ਨੇ ਨਹੀਂ।

ਕਮਿਸ਼ਨ ਘਟਾਉਣ ਤੋਂ ਬਾਅਦ, ਕਮਿਸ਼ਨ ਏਜੰਟਾਂ ਨੇ ਖਰੀਦ ਪ੍ਰਕਿਰਿਆ ਵਿੱਚ ਹਿੱਸਾ ਨਾ ਲੈਣ ਦਾ ਫੈਸਲਾ ਕੀਤਾ ਸੀ, ਪਰ ਕਿਸਾਨਾਂ ਦੀ ਬੇਨਤੀ 'ਤੇ, ਏਜੰਟਾਂ ਨੇ ਖਰੀਦ ਜਾਰੀ ਰੱਖਣ ਦਾ ਫੈਸਲਾ ਕੀਤਾ। ਉਨ੍ਹਾਂ ਕਿਹਾ ਕਿ ਕਮਿਸ਼ਨ ਏਜੰਟਾਂ ਵੱਲੋਂ ਜਾਂਚ ਕਮੇਟੀ ਨੂੰ ਸਹਿਯੋਗ ਦਿੱਤਾ ਜਾਵੇਗਾ ਕਰਨਗੇ ਅਤੇ ਸਾਰੇ ਲੋੜੀਂਦੇ ਦਸਤਾਵੇਜ਼ ਮੁਹੱਈਆ ਕਰਵਾਏ ਜਾਣਗੇ।

ਕੀ ਬੋਲੇ ਮਾਰਕੀਟ ਕਮੇਟੀ ਸ਼ਾਹਬਾਦ ਦੇ ਅਧਿਕਾਰੀ?

ਮਾਰਕੀਟ ਕਮੇਟੀ, ਸ਼ਾਹਬਾਦ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਜਾਂਚ ਚੱਲ ਰਹੀ ਹੈ। ਕਿਸਾਨਾਂ ਅਤੇ ਏਜੰਟਾਂ ਦੋਵਾਂ ਦੇ ਬਿਆਨ ਦਰਜ ਕੀਤੇ ਜਾਣਗੇ ਅਤੇ ਉਸ ਮੁਤਾਬਕ ਕਾਰਵਾਈ ਕੀਤੀ ਜਾਵੇਗੀ।

Advertisement