ਆਫ਼ਤ ਵਿੱਚ ਹਰ ਵਿਅਕਤੀ ਪੰਜਾਬ ਨਾਲ ਖੜ੍ਹਾ ਹੈ: ਅਨੁਰਾਧਾ ਸੈਣੀ
ਨਗਰ ਪਰਿਸ਼ਦ ਜੀਂਦ ਦੀ ਚੇਅਰਪਰਸਨ ਡਾ. ਅਨੁਰਾਧਾ ਸੈਣੀ ਨੇ ਕਿਹਾ ਹੈ ਕਿ ਹੜ੍ਹਾਂ ਕਾਰਨ ਪੰਜਾਬ ਨੂੰ ਭਾਰੀ ਨੁਕਸਾਨ ਹੋਇਆ ਹੈ। ਉਨ੍ਹਾਂ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਅਪਣੀ ਇੱਕ ਮਹੀਨੇ ਦੀ ਤਨਖ਼ਾਹ ਅਤੇ 3,22,101 ਰੁਪਏ ਦੀ ਸਹਾਇਤਾ ਰਾਸ਼ੀ ਸੀ.ਐੱਮ. ਰਾਹਤ ਫ਼ੰਡ ਵਿੱਚ ਦਿੱਤੀ ਹੈ। ਉਨ੍ਹਾਂ ਕਿਹਾ ਕਿ ਹੜ੍ਹ ਕਾਰਨ ਹੋਏ ਨੁਕਸਾਨ ਨੂੰ ਲੈਕੇ ਹਰਿਆਣਾ ਸਰਕਾਰ ਅਤੇ ਹਰਿਆਣਾ ਦਾ ਹਰ ਵਿਅਕਤੀ ਪੰਜਾਬ ਦੇ ਨਾਲ ਖੜਿ੍ਹਆ ਹੈ। ਸੀ.ਐੱਮ. ਸੈਣੀ ਨੇ ਪੰਜਾਬ ਅਤੇ ਜੰਮੂ ਕਸ਼ਮੀਰ ਨੂੰ ਪੰਜ-ਪੰਜ ਕਰੋੜ ਰੁਪਏ ਦੀ ਆਰਥਿਕ ਸਹਾਇਤਾ ਦਿੱਤੀ, ਉੱਥੇ ਜੀਂਦ ਨਗਰ ਪਰਿਸ਼ਦ ਦੇ ਸਾਰੇ ਕਰਮਚਾਰੀਆਂ, ਅਧਿਕਾਰੀਆਂ ਅਤੇ ਮੈਂਬਰਾਂ ਨੇ ਵੀ ਸੀ.ਐੱਮ, ਰਾਹਤ ਫ਼ੰਡ ਵਿੱਚ ਅਪਣਾ ਯੋਗਦਾਨ ਪਾਇਆ ਹੈ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਦੁੱਖ ਦੀ ਘੜੀ ਵਿੱਚ ਅਪਣਾ ਵੱਧ ਤੋਂ ਵੱਧ ਸਹਿਯੋਗ ਦੇਣ। ਉਨ੍ਹਾਂ ਜੀਂਦ ਸ਼ਹਿਰ ਦੇ ਵਿਕਾਸ ਉੱਤੇ ਅਪਣੀ ਗੱਲ ਕਰਦਿਆਂ ਅੱਗੇ ਕਿਹਾ ਕਿ ਨਗਰ ਪਰਿਸ਼ਦ ਸ਼ਹਿਰ ਨੂੰ ਸੁੰਦਰ ਬਣਾਉਣ ਅਤੇ ਹੋਰ ਵਿਕਾਸ ਕਾਰਜਾਂ ਲਈ 4 ਕਰੋੜ, 30 ਲੱਖ ਤੇ 45 ਹਜ਼ਾਰ ਰੁਪਏ ਖਰਚ ਕਰੇਗੀ। ਬਰਸਾਤ ਦਾ ਸੀਜ਼ਨ ਖਤਮ ਹੋਣ ਮਗਰੋਂ ਟੁੱਟੀਆਂ ਸੜਕਾਂ ਨੂੰ ਦਰੁਸਤ ਕੀਤਾ ਜਾਵੇਗਾ। ਇਸ ਯੋਜਨਾ ਵਿੱਚ ਪੰਛੀਆਂ ਲਈ ਟਾਵਰ ਵੀ ਸਥਾਪਿਤ ਕੀਤੇ ਜਾਣਗੇ ਤਾਂ ਜੋ ਪੰਛੀਆਂ ਨੂੰ ਉਨ੍ਹਾਂ ਦੇ ਰੈਣ-ਬਸੇਰੇ ਦੇ ਨਾਲ-ਨਾਲ ਉਨ੍ਹਾਂ ਨੂੰ ਦਾਣਾ-ਪਾਣੀ ਵੀ ਮਿਲ ਸਕੇ। ਉਨ੍ਹਾਂ ਆਮ ਲੋਕਾਂ ਨੂੰ ਸ਼ਹਿਰ ਵਿੱਚ ਸਾਫ ਵਾਤਾਵਰਨ ਬਣਾ ਕੇ ਰੱਖਣ ਦੀ ਅਪੀਲ ਕੀਤੀ। ਇਸ ਮੌਕੇ ਉਨ੍ਹਾਂ ਨਾਲ ਮੀਤ ਪ੍ਰਧਾਨ ਹਰਵਿੰਦਰ ਕੌਸ਼ਿਕ, ਸੁਰਿੰਦਰ ਸਿੰਘ ਅਤੇ ਹੋਰ ਅਧਿਕਾਰੀ ਹਾਜ਼ਰ ਸਨ।