ਸ਼ਹੀਦੀ ਦਿਹਾੜੇ ਮੌਕੇ ਦਿੱਲੀ ਤੇ ਐੱਨ ਸੀ ਆਰ ’ਚ ਸਮਾਗਮ
ਨੌਵੇਂ ਗੁਰੂ ਤੇਗ ਬਹਾਦਰ ਅਤੇ ਭਾਈ ਮਤੀ ਦਾਸ, ਭਾਈ ਸਤੀ ਦਾਸ ਤੇ ਭਾਈ ਦਿਆਲਾ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਮੌਕੇ ਦਿੱਲੀ ਤੋਂ ਇਲਾਵਾ ਐੱਨ ਸੀ ਆਰ (ਕੌਮੀ ਰਾਜਧਾਨੀ ਖੇਤਰ) ਵਿੱਚ ਵੀ ਧਾਰਮਿਕ ਸਮਾਗਮ ਕਰਵਾਏ ਗਏ। ਫਰੀਦਾਬਾਦ ਦੀ ਪ੍ਰਮੁੱਖ ਸਿੰਘ ਸਭਾ ਸੈਕਟਰ-15 ਦੀ ਪ੍ਰਬੰਧਕ ਕਮੇਟੀ ਵੱਲੋਂ ਕਰਵਾਏ ਤਿੰਨ ਰੋਜ਼ਾ ਸਮਾਗਮ ਦੀ ਅੱਜ ਦੇਰ ਸ਼ਾਮ ਸਮਾਪਤੀ ਹੋ ਗਈ। ਗੁਰਦੁਆਰੇ ਦੀ ਪ੍ਰਧਾਨ ਰਾਣਾ ਕੌਰ ਭੱਟੀ (ਸਾਬਕਾ ਮੈਂਬਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ) ਨੇ ਦੱਸਿਆ ਕਿ ਬੇਬੇ ਨਾਨਕੀ ਇਸਤਰੀ ਸਤਿਸੰਗ ਸਭਾ ਵੱਲੋਂ ਕੀਰਤਨ ਕੀਤਾ ਗਿਆ। ਇਸ ਤੋਂ ਇਲਾਵਾ ਭਾਈ ਸੁਰਿੰਦਰ ਸਿੰਘ, ਭਾਈ ਚਰਨਜੀਤ ਸਿੰਘ ਹੀਰਾ (ਦਿੱਲੀ ਵਾਲੇ) ਅਤੇ ਭਾਈ ਸਤਨਾਮ ਸਿੰਘ ਕੋਹਾੜਕਾ (ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ) ਨੇ ਰਸਭਿੰਨਾ ਕੀਰਤਨ ਕਰ ਕੇ ਸੰਗਤ ਨੂੰ ਨਿਹਾਲ ਕੀਤਾ।
ਇਸ ਦੌਰਾਨ ਲਾਲ ਕਿਲ੍ਹਾ ਮੈਦਾਨ ਵਿੱਚ ਸਮਾਗਮ ਦੇ ਦੂਜੇ ਦਿਨ ਦਿੱਲੀ ਸਰਕਾਰ ਦੇ ਕੈਬਨਿਟ ਮੰਤਰੀ ਅਸ਼ੀਸ਼ ਸੂਦ ਨੇ ਗੁਰੂ ਸਾਹਿਬ ਦੀ ਜੀਵਨੀ ’ਤੇ ਆਧਾਰਿਤ ਪੁਸਤਕ ਸੰਗਤ ਨੂੰ ਸਮਰਪਿਤ ਕੀਤੀ। ਦਿੱਲੀ ਵਿਖੇ ਹੋਏ ਸਮਾਗਮਾਂ ਦੌਰਾਨ ਵੀ ਸ਼ਰਧਾਲੂਆਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਲਾਲ ਕਿਲ੍ਹਾ ਸਮਾਗਮ ਵਿੱਚ ਤਿੰਨੇ ਦਿਨ ਹਾਜ਼ਰੀ ਭਰੀ ਅਤੇ ਸੰਗਤੀ ਰੂਪ ਵਿੱਚ ਸੇਵਾ ਕੀਤੀ। ਸਮਾਗਮ ਵਿੱਚ ਗੁਰਿੰਦਰ ਸਿੰਘ ਆਹੂਜਾ (ਜਨਰਲ ਸਕੱਤਰ), ਅਮਰਜੀਤ ਸਿੰਘ, ਨਵਜੀਤ ਸਿੰਘ ਬਿੰਦਰਾ, ਗੁਰਮੀਤ ਸਿੰਘ ਬਿੰਦਰਾ, ਨਰਿੰਦਰ ਸਿੰਘ ਬੱਗਾ, ਜਤਿੰਦਰ ਕੌਰ, ਰਜਿੰਦਰ ਨਾਗਪਾਲ, ਇੰਦਰਜੀਤ ਸਿੰਘ ਅਤੇ ਨਰਿੰਦਰ ਸਿੰਘ ਆਹੂਜਾ ਆਦਿ ਸ਼ਾਮਲ ਹੋਏ।
ਸਕੂਲ ’ਚ ਸ਼ਹੀਦੀ ਦਿਹਾੜਾ ਮਨਾਇਆ
ਪੱਛਮੀ ਦਿੱਲੀ ਦੇ ਰਾਜੌਰੀ ਗਾਰਡਨ ਸਥਿਤ ਗੁਰੂ ਨਾਨਕ ਪਬਲਿਕ ਸਕੂਲ ਵਿੱਚ ਨੌਵੀਂ ਪਾਤਸ਼ਾਹੀ ਗੁਰੂ ਤੇਗ ਬਹਾਦਰ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਨੇ ਬੜੀ ਸ਼ਰਧਾ ਨਾਲ ਗੁਰੂ ਸਾਹਿਬ ਦੀ ਬਾਣੀ ਸਲੋਕ ਮਹੱਲਾ ਨੌਵਾਂ ਦਾ ਗਾਇਨ ਕੀਤਾ ਅਤੇ ਗੁਰੂ ਇਤਿਹਾਸ ਨਾਲ ਸਬੰਧਿਤ ਕਵਿਤਾਵਾਂ ਪੇਸ਼ ਕੀਤੀਆਂ। ਪ੍ਰੋਗਰਾਮ ਦੌਰਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ ਕੇ ਅਤੇ ਪ੍ਰਸਿੱਧ ਕਹਾਣੀਕਾਰ ਡਾ. ਮਨਪ੍ਰੀਤ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਬੱਚਿਆਂ ਦਾ ਹੌਸਲਾ ਵਧਾਇਆ ਅਤੇ ਉਨ੍ਹਾਂ ਨੂੰ ਸਿੱਖ ਇਤਿਹਾਸ ਬਾਰੇ ਜਾਣਕਾਰੀ ਹਾਸਲ ਕਰਕੇ ਗੁਰੂ ਘਰ ਨਾਲ ਜੁੜੇ ਰਹਿਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਗੁਰਦੁਆਰਾ ਰਾਜੌਰੀ ਗਾਰਡਨ ਦੇ ਪ੍ਰਧਾਨ ਹਰਮਨਜੀਤ ਸਿੰਘ ਸਕੂਲ ਦੇ ਚੇਅਰਮੈਨ ਬਲਦੀਪ ਸਿੰਘ ਰਾਜਾ ਅਤੇ ਮੈਨੇਜਰ ਜਗਜੀਤ ਸਿੰਘ ਨੇ ਵੱਖ-ਵੱਖ ਖੇਤਰਾਂ ਵਿੱਚ ਨਾਮਣਾ ਖੱਟਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ।
