‘ਗੁਰੂ ਤੇਗ ਬਹਾਦਰ ਦਾ ਮਨੁੱਖੀ ਹੱਕਾਂ ਦੀ ਰਾਖੀ ਲਈ ਯੋਗਦਾਨ’ ਵਿਸ਼ੇ ’ਤੇ ਸਮਾਗਮ
ਯੂਨਾਈਟਿਡ ਪੰਜਾਬੀ ਆਰਗੇਨਾਈਜੇਸ਼ਨ (ਯੂ ਪੀ ਓ) ਵੱਲੋਂ ਚੰਡੀਗੜ੍ਹ ਸਾਹਿਤ ਅਕਾਦਮੀ ਦੇ ਸਹਿਯੋਗ ਨਾਲ ‘ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਮਨੁੱਖੀ ਹੱਕਾਂ ਦੀ ਰਾਖੀ ਲਈ ਯੋਗਦਾਨ’ ਵਿਸ਼ੇ ਸਬੰਧੀ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਨਾਮਵਰ ਚਿੰਤਕਾਂ, ਲੇਖਕਾਂ ਅਤੇ ਬੁੱਧੀਜੀਵੀਆਂ ਨੇ ਭਾਗ ਲਿਆ।
ਯੂ ਪੀ ਓ ਸੰਸਥਾ ਦੇ ਫਾਊਂਡਰ ਹਰਵਿੰਦਰ ਸਿੰਘ (ਚੰਡੀਗੜ੍ਹ) ਨੇ ਆਈਆਂ ਸ਼ਖ਼ਸੀਅਤਾਂ ਦਾ ਸੁਆਗਤ ਕੀਤਾ। ਨਾਮਵਰ ਚਿੰਤਕ ਅਤੇ ਮਨੁੱਖੀ ਅਧਿਕਾਰ ਕਾਰਕੁਨ ਡਾ. ਪਿਆਰਾ ਲਾਲ ਗਰਗ ਨੇ ਕਿਹਾ ਕਿ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਦਾ ਵਿਲੱਖਣ ਪੱਖ ਇਹ ਹੈ ਕਿ ਇਹ ਸ਼ਹਾਦਤ ਨਿੱਜੀ ਮਨੁੱਖੀ ਅਧਿਕਾਰਾਂ ਦੀ ਬਜਾਇ ਸਮਾਜ ਦੀ ਪੀੜਤ ਲੋਕਾਈ ਦੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਦਿੱਤੀ ਗਈ। ਉਨ੍ਹਾਂ ਕਿਹਾ ਕਿ ਗੁਰੂ ਜੀ ਦੀ ਸ਼ਹਾਦਤ ਗੁਰਬਾਣੀ ਵਿੱਚ ਪੇਸ਼ ਕੀਤੇ ਵੱਡੇ ਮਾਨਵੀ ਸਰੋਕਾਰਾਂ ਲਈ ਜਬਰ-ਜ਼ੁਲਮ ਖ਼ਿਲਾਫ਼ ਬਿਨਾਂ ਕਿਸੇ ਭੈਅ ਤੋਂ ਅਡੋਲ ਅਤੇ ਅਡਿੱਗ ਰਹਿਣ ਵਾਲੇ ਦਰਸ਼ਨ ਨੂੰ ਅਮਲੀ ਰੂਪ ਦੇਣ ਵਾਲੀ ਅਨੂਠੀ ਅਤੇ ਅਦੁੱਤੀ ਮਿਸਾਲ ਹੈ।
ਪੰਜਾਬ ਸਰਦਾਰ ਦੇ ਸੇਵਾਮੁਕਤ ਪ੍ਰਿੰਸੀਪਲ ਸਕੱਤਰ ਜਸਪਾਲ ਸਿੰਘ ਨੇ ਕਿਹਾ ਕਿ ਵਿਦਵਾਨਾਂ ਨੂੰ ਇਹ ਖੋਜ ਕਰਨ ਦੀ ਲੋੜ ਹੈ ਕਿ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਨੇ ਵਿਸ਼ਵ ਦੇ ਹੋਰਨਾਂ ਹਿੱਸਿਆਂ ਵਿੱਚ ਮਨੁੱਖੀ ਅਧਿਕਾਰਾਂ ਸਬੰਧੀ ਪਹਿਲਕਦਮੀਆਂ ’ਤੇ ਕੀ ਅਸਰ ਪਾਇਆ। ਡਾ. ਮਨਮੋਹਨ ਨੇ ਇਸ ਸ਼ਹਾਦਤ ਦੇ ਪਿੱਛੇ ਧਾਰਮਿਕ ਕਾਰਨਾਂ ਤੋਂ ਇਲਾਵਾ ਤਤਕਾਲੀ ਆਰਥਿਕ ਕਾਰਨਾਂ ਦੀ ਵੀ ਨਿਸ਼ਾਨਦੇਹੀ ਕੀਤੀ। ਨਾਮਵਰ ਲੇਖਕ ਜੰਗ ਬਹਾਦਰ ਗੋਇਲ ਨੇ ਕਿਹਾ ਕਿ ਗੁਰੂ ਸਾਹਿਬ ਨੂੰ ਮਨੁੱਖੀ ਅਧਿਕਾਰਾਂ ਦੀ ਰਖਵਾਲੀ ਦਾ ਪੈਗੰਬਰ ਕਿਹਾ ਜਾ ਸਕਦਾ ਹੈ। ਇਸ ਮੌਕੇ ਦਿਲਬਾਗ ਸਿੰਘ, ਪਰਮਿੰਦਰ ਸਿੰਘ ਗਿੱਲ, ਪਾਲ ਅਜਨਬੀ, ਪਰਮਜੀਤ ਮਾਨ, ਕੁਲਵਿੰਦਰ ਸਿੰਘ ਅਤੇ ਮਨਪ੍ਰੀਤ ਸਿੰਘ ਹਾਜ਼ਰ ਸਨ। ਮੰਚ ਸੰਚਾਲਨ ਕਵੀ ਜਗਦੀਪ ਸਿੱਧੂ ਨੇ ਕੀਤਾ।
