‘ਵੰਦੇ ਮਾਤਰਮ’ ਨੂੰ ਸਮਰਪਿਤ ਸਮਾਗਮ
ਸਰਬਜੀਤ ਸਿੰਘ ਭੱਟੀ
ਅੰਬਾਲਾ ਵਿੱਚ ਵੰਦੇ ਮਾਤਰਮ ਦੇ 150 ਸਾਲ ਪੂਰੇ ਹੋਣ ’ਤੇ ਸੂਬਾ ਪੱਧਰੀ ਸਮਾਰੋਹ ਕੀਤਾ ਗਿਆ। ਇਸ ਵਿੱਚ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ‘ਵੰਦੇ ਮਾਤਰਮ’ ਕੇਵਲ ਗੀਤ ਨਹੀਂ, ਭਾਰਤ ਦੀ ਆਤਮਾ, ਧੜਕਨ ਅਤੇ ਕੌਮੀ ਸਵੈਮਾਣ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਇਹ ਉਹ ਗੀਤ ਹੈ ਜਿਸ ਨੇ ਗ਼ੁਲਾਮੀ ਵਿੱਚ ਜਕੜੇ ਭਾਰਤੀਆਂ ਨੂੰ ਹਿੰਮਤ, ਜਜ਼ਬਾ ਅਤੇ ਕੁਰਬਾਨੀ ਦੀ ਸ਼ਕਤੀ ਦਿੱਤੀ ਸੀ।
ਉਨ੍ਹਾਂ ਯਾਦ ਕਰਵਾਇਆ ਕਿ ਬੰਕਿਮ ਚੰਦਰ ਚਟੋਪਾਧਿਆਏ ਨੇ 1875 ਵਿੱਚ ਇਹ ਗੀਤ ਰਚਿਆ ਸੀ ਅਤੇ ਰਵਿੰਦਰ ਨਾਥ ਟੈਗੋਰ ਨੇ 1896 ਵਿੱਚ ਇਸ ਦਾ ਪਹਿਲੀ ਵਾਰ ਜਨਤਕ ਉਚਾਰਨ ਕੀਤਾ ਸੀ। 1905 ਦੇ ਬੰਗਾਲ ਵੰਡ ਅੰਦੋਲਨ ਦੌਰਾਨ ਇਹ ਗੀਤ ਕੌਮੀ ਜਾਗਰੂਕਤਾ ਦੀ ਲਹਿਰ ਬਣ ਕੇ ਉੱਭਰਿਆ ਜਿਸ ਕਾਰਨ ਅੰਗਰੇਜ਼ ਸਰਕਾਰ ਨੇ ਇਸ ਦੇ ਗਾਇਨ ’ਤੇ ਪਾਬੰਦੀ ਲਗਾਈ ਸੀ। ਸ੍ਰੀ ਸੈਣੀ ਨੇ ਕੁਝ ਰਾਜਨੀਤਕ ਧਿਰਾਂ ਵੱਲੋਂ ‘ਵੰਦੇ ਮਾਤਰਮ’ ’ਤੇ ਕੀਤੇ ਜਾ ਰਹੇ ਇਤਰਾਜ਼ ਦੀ ਨਿਖੇਧੀ ਕਰਦਿਆਂ ਇਸ ਨੂੰ ਦੇਸ਼ ਦੀ ਆਤਮਾ ਨਾ ਸਮਝਣ ਵਾਲਾ ਰਵੱਈਆ ਕਰਾਰ ਦਿੱਤਾ।
ਉਨ੍ਹਾਂ ਕਿਹਾ ਕਿ ਹਜ਼ਾਰਾਂ ਸੁਤੰਤਰਤਾ ਸੈਨਾਨੀਆਂ ਨੇ ਵੰਦੇ ਮਾਤਰਮ ਦਾ ਨਾਅਰਾ ਲੈਂਦੇ ਹੋਏ ਸ਼ਹਾਦਤ ਦਿੱਤੀ ਸੀ ਜੋ ਇਸ ਗੀਤ ਦੀ ਅਮਰ ਭਾਵਨਾ ਦਾ ਪ੍ਰਮਾਣ ਹੈ। ਇਸ ਦੌਰਾਨ ਨਵੀਂ ਦਿੱਲੀ ਵਿੱਚ ਹੋ ਰਹੇ ਮੁੱਖ ਸਮਾਰੋਹ ਦਾ ਲਾਈਵ ਪ੍ਰਸਾਰਨ ਦਿਖਾਇਆ ਗਿਆ। ਇਸ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੀਤ ਦੀ ਅਮਰ ਗੂੰਜ ਨੂੰ ਨਮਨ ਕੀਤਾ।
