ਲੇਖ ਲਿਖਣ ਅਤੇ ਕਾਰਟੂਨ ਬਣਾਉਣ ਦੇ ਮੁਕਾਬਲੇ
ਇੱਥੋਂ ਦੇ ਸ੍ਰੀ ਗੁਰੂ ਨਾਨਕ ਪ੍ਰੀਤਮ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ਾਹਬਾਦ ਵਿਚ ਕਰਵਾਏ ਬਲਾਕ ਪੱਧਰੀ ਲੇਖ ਲਿਖਣ ਅਤੇ ਕਾਰਟੂਨ ਮੇਕਿੰਗ ਦੇ ਮੁਕਾਬਲਿਆਂ ਵਿੱਚ ਹਿੱਸਾ ਲਿਆ। ਵਿਦਿਆਰਥਣਾਂ ਨੇ ਮੁਕਾਬਲਿਆਂ ਵਿੱਚ ਸਾਨਦਾਰ ਪ੍ਰਦਰਸ਼ਨ ਕਰ ਕੇ ਆਪਣੇ ਸਕੂਲ ਦਾ ਨਾਂ ਰੌਸ਼ਨ ਕੀਤਾ ਹੈ। ਇਹ ਜਾਣਕਾਰੀ ਦਿੰਦੇ ਹੋਏ ਸਕੂਲ ਦੀ ਪ੍ਰਿੰਸੀਪਲ ਦੀਪਾਂਸ਼ ਕੌਰ ਨੇ ਦੱਸਿਆ ਕਿ ਇਸ ਬਲਾਕ ਪੱਧਰੀ ਮੁਕਾਬਲੇ ਵਿਚ ਸਕੂਲ ਦੀ 12ਵੀਂ ਜਮਾਤ ਦੀ ਵਿਦਿਆਰਥਣ ਅਨੂ ਨੇ ਲੇਖ ਲਿਖਣ ਵਿਚ ਪਹਿਲਾ ਅਤੇ ਸੱਤਵੀਂ ਕਲਾਸ ਦੀ ਸਮਨਪ੍ਰੀਤ ਨੇ ਕਾਰਟੂਨ ਮੇਕਿੰਗ ਮੁਕਾਬਲੇ ਵਿਚ ਦੂਜਾ ਸਥਾਨ ਪ੍ਰਾਪਤ ਕਰ ਕੇ ਸਕੂਲ ਦਾ ਨਾਂ ਰੁਸ਼ਨਾਇਆ ਹੈ। ਇਨ੍ਹਾਂ ਵਿਦਿਆਰਥਣਾਂ ਦੀ ਇਸ ਉਪਲਭਦੀ ’ਤੇ ਸਕੂਲ ਪ੍ਰਸ਼ਾਸਨ ਦੀ ਸਰਪ੍ਰਸਤ ਤਵਿੰਦਰ ਕੌਰ, ਸਕੂਲ ਸੁਸਾਇਟੀ ਦੇ ਪ੍ਰਧਾਨ ਕੁਲਵੰਤ ਸਿੰਘ, ਪ੍ਰਧਾਨ ਰਮਨਦੀਪ ਸਿੰਘ, ਮੈਨੇਜਰ ਮਹਿੰਦਰਜੀਤ ਸਿੰਘ, ਮੀਤ ਪ੍ਰਧਾਨ ਗੁਰਪਾਸ਼ਨਾ ਸੰਧੂ ਅਤੇ ਹੋਰਨਾਂ ਨੇ ਜੇਤੂ ਵਿਦਿਆਰਥਣਾਂ ਅਤੇ ਉਨਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ। ਸਕੂਲ ਦੀ ਪ੍ਰਿੰਸੀਪਲ ਦੀਪਂਸ਼ ਕੌਰ ਨੇ ਕਿਹਾ ਕਿ ਇਸ ਤਰ੍ਹਾਂ ਦੇ ਮੁਕਾਬਲਿਆਂ ਵਿਚ ਹਿੱਸਾ ਲੈਣ ਨਾਲ ਵਿਦਿਆਰਥਣਾਂ ਦੇ ਹੌਸਲੇ ਬੁਲੰਦ ਹੁੰਦੇ ਹਨ ਅਤੇ ਉਨ੍ਹਾਂ ਵਿੱਚ ਜੀਵਨ ’ਚ ਅੱਗੇ ਵਧਣ ਦੀ ਲਗਨ ਪੈਦਾ ਹੁੰਦੀ ਹੈ। ਉਨ੍ਹਾਂ ਨੇ ਆਸ ਪ੍ਰਗਟ ਕੀਤੀ ਕਿ ਭਵਿੱਖ ਵਿਚ ਵੀ ਉਹ ਅਜਿਹੇ ਮੁਕਾਬਲਿਆਂ ਵਿਚ ਹਿੱਸਾ ਲੈ ਕੇ ਮਾਣ ਹਾਸਲ ਕਰਨਗੀਆਂ, ਸਕੂਲ ਅਤੇ ਆਪਣੇ ਮਾਪਿਆਂ ਦਾ ਨਾਂ ਰੌਸ਼ਨ ਕਰਨਗੀਆਂ।