ਸਮੁੱਚਾ ਪੰਜਾਬ ਹੜ੍ਹਾਂ ਦੀ ਮਾਰ ਹੇਠ
ਭਿਆਨਕ ਹੜ੍ਹਾਂ ਨੇ ਹੁਣ ਸਮੁੱਚਾ ਪੰਜਾਬ ਆਪਣੀ ਲਪੇਟ ’ਚ ਲੈ ਲਿਆ ਹੈ। ਪਹਿਲਾਂ ਪਹਾੜਾਂ ਦੇ ਪਾਣੀ ਨੇ ਮਾਰ ਕੀਤੀ ਸੀ ਅਤੇ ਹੁਣ ਸੂਬੇ ’ਚ ਪਏ ਭਾਰੀ ਮੀਂਹ ਕਾਰਨ ਸੂਬੇ ਦਾ ਹਰ ਜ਼ਿਲ੍ਹਾ ਹੜ੍ਹਾਂ ਤੋਂ ਪ੍ਰਭਾਵਿਤ ਹੋ ਗਿਆ ਹੈ। ਸੂਬੇ ’ਚ 1400 ਪਿੰਡ ਹੜ੍ਹਾਂ ਦੀ ਮਾਰ ਝੱਲ ਰਹੇ ਹਨ ਜਦੋਂ ਕਿ ਗੁਰਦਾਸਪੁਰ ਜ਼ਿਲ੍ਹਾ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ ਜਿੱਥੋਂ ਦੇ 324 ਪਿੰਡ ਲਪੇਟ ’ਚ ਆਏ ਹਨ। ਅੰਮ੍ਰਿਤਸਰ ਦੇ 135 ਪਿੰਡ ਅਤੇ ਹੁਸ਼ਿਆਰਪੁਰ ਦੇ 119 ਪਿੰਡ ਹੜ੍ਹਾਂ ਕਾਰਨ ਪ੍ਰਭਾਵਿਤ ਹੋਏ ਹਨ। ਸਰਕਾਰੀ ਰਿਪੋਰਟ ਅਨੁਸਾਰ ਹੜ੍ਹਾਂ ਕਾਰਨ ਹੁਣ ਤੱਕ 30 ਜਾਨਾਂ ਚਲੀਆਂ ਗਈਆਂ ਹਨ। ਲੁਧਿਆਣਾ ਜ਼ਿਲ੍ਹੇ ’ਚ ਅੱਜ ਤਿੰਨ ਬੱਚੇ ਕਰੰਟ ਲੱਗਣ ਅਤੇ ਛੱਤ ਡਿੱਗਣ ਕਾਰਨ ਮੌਤ ਦੇ ਮੂੰਹ ਜਾ ਪਏ ਹਨ। ਸੂਬੇ ਦੇ 3.54 ਲੱਖ ਲੋਕ ਹੜ੍ਹਾਂ ਤੋਂ ਪ੍ਰਭਾਵਿਤ ਹਨ। ਹੁਣ ਤੱਕ ਪਾਣੀ ’ਚ ਫਸੇ 19,597 ਵਿਅਕਤੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਜਾ ਚੁੱਕਾ ਹੈ ਅਤੇ 171 ਰਾਹਤ ਕੈਂਪਾਂ ’ਚ 5,167 ਲੋਕ ਪਹੁੰਚਾਏ ਗਏ ਹਨ। ਸੂਬੇ ’ਚ ਹੜ੍ਹਾਂ ਦਾ ਖ਼ਤਰਾ ਹਾਲੇ ਘਟਿਆ ਨਹੀਂ ਹੈ ਕਿਉਂਕਿ ਘੱਗਰ ਦਾ ਪਾਣੀ ਹੁਣ ਖ਼ਤਰੇ ਦੇ ਨਿਸ਼ਾਨ ਨੇੜੇ ਪਹੁੰਚ ਗਿਆ ਹੈ ਜਦੋਂ ਕਿ ਸਤਲੁਜ ਦਰਿਆ ’ਚ ਵਧੇ ਪਾਣੀ ਨੇ ਸੈਂਕੜੇ ਪਿੰਡਾਂ ਦੇ ਲੋਕਾਂ ਦੀ ਨੀਂਦ ਉਡਾ ਦਿੱਤੀ ਹੈ।
ਬੇਸ਼ੱਕ ਮੀਂਹ ਦੀ ਤੇਜ਼ ਰਫ਼ਤਾਰ ਨੂੰ ਠੱਲ੍ਹ ਪਈ ਹੈ ਪ੍ਰੰਤੂ ਕਪੂਰਥਲਾ ਤੇ ਰੋਪੜ ਜ਼ਿਲ੍ਹੇ ’ਚ ਸਤਲੁਜ ਨੇੜਲੇ ਖ਼ਿੱਤਿਆਂ ਦੇ ਲੋਕਾਂ ਨੂੰ ਅਲਰਟ ਕਰ ਦਿੱਤਾ ਗਿਆ ਹੈ। ਸਿਵਲ ਤੇ ਪੁਲੀਸ ਪ੍ਰਸ਼ਾਸਨ ਸਤਲੁਜ ’ਤੇ ਬਣੇ ਬੰਨ੍ਹਾਂ ’ਤੇ ਨਜ਼ਰ ਰੱਖ ਰਹੇ ਹਨ। ਮੌਸਮ ਵਿਭਾਗ ਨੇ ਭਲਕੇ ਪਠਾਨਕੋਟ ਤੇ ਗੁਰਦਾਸਪੁਰ ’ਚ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਪਹਾੜਾਂ ਤੋਂ ਇਲਾਵਾ ਪੰਜਾਬ ’ਚ ਪਈ ਬਾਰਸ਼ ਨੇ ਸਤਲੁਜ ਤੇ ਘੱਗਰ ’ਚ ਪਾਣੀ ਦੀ ਮਾਤਰਾ ਇਕਦਮ ਵਧਾ ਦਿੱਤੀ ਹੈ।
ਵੇਰਵਿਆਂ ਅਨੁਸਾਰ ਘੱਗਰ ’ਚ ਮੀਂਹ ਦੇ ਪਾਣੀ ਅਤੇ ਟਾਂਗਰੀ-ਮਾਰਕੰਡਾ ਦੇ ਪਾਣੀ ਨੇ ਉਛਾਲ ਲਿਆਂਦਾ ਹੈ। ਜਲ ਸਰੋਤ ਵਿਭਾਗ ਨੇ ਘੱਗਰ ’ਤੇ 24 ਘੰਟੇ ਲਈ ਮੁਲਾਜ਼ਮਾਂ ਤੇ ਅਫ਼ਸਰਾਂ ਦੀ ਤਾਇਨਾਤੀ ਕਰ ਦਿੱਤੀ ਹੈ। ਘੱਗਰ ’ਚ ਅੱਜ ਸਵੇਰੇ 8,722 ਕਿਊਸਕ ਪਾਣੀ ਆਇਆ ਸੀ ਪ੍ਰੰਤੂ ਪਿਛਲੇ ਦਿਨਾਂ ’ਚ 70 ਹਜ਼ਾਰ ਕਿਊਸਕ ਪਾਣੀ ਚੱਲਣ ਕਰਕੇ ਖਨੌਰੀ ਲਾਗੇ ਪਾਣੀ ਖ਼ਤਰੇ ਦੇ ਨਿਸ਼ਾਨ ਨੂੰ ਛੂਹ ਗਿਆ ਹੈ। ਖਨੌਰੀ ’ਚ 748 ਫੁੱਟ ’ਤੇ ਖ਼ਤਰੇ ਦਾ ਨਿਸ਼ਾਨ ਹੈ ਅਤੇ ਇਸ ਵੇਲੇ ਪਾਣੀ 747.8 ਫੁੱਟ ’ਤੇ ਪਹੁੰਚ ਗਿਆ ਹੈ। ਸਰਦੂਲਗੜ੍ਹ ਕੋਲ ਖ਼ਤਰੇ ਦਾ ਨਿਸ਼ਾਨ 20 ਫੁੱਟ ’ਤੇ ਹੈ ਅਤੇ ਪਾਣੀ 19.3 ਫੁੱਟ ਤੱਕ ਚੜ੍ਹ ਗਿਆ ਹੈ।
ਘੱਗਰ ਲਈ ਵੱਡਾ ਖ਼ਤਰਾ ਟਾਂਗਰੀ ਤੇ ਮਾਰਕੰਡਾ ਨਦੀ ਬਣੀ ਹੈ। ਟਾਂਗਰੀ ਖ਼ਤਰੇ ਦੇ ਨਿਸ਼ਾਨ ਨੂੰ ਪਾਰ ਕਰ ਗਈ ਹੈ ਅਤੇ ਇਸ ਵੇਲੇ 41,396 ਕਿਊਸਕ ਪਾਣੀ ਚੱਲ ਰਿਹਾ ਹੈ। ਮਾਰਕੰਡਾ ’ਚ ਖ਼ਤਰੇ ਦੇ ਨਿਸ਼ਾਨ 22 ਫੁੱਟ ਦੀ ਥਾਂ ’ਤੇ ਇਸ ਵੇਲੇ 21.4 ਫੁੱਟ ਪਾਣੀ ਚੱਲ ਰਿਹਾ ਹੈ। ਕੈਬਨਿਟ ਮੰਤਰੀਆਂ ਬਰਿੰਦਰ ਕੁਮਾਰ ਗੋਇਲ ਅਤੇ ਅਮਨ ਅਰੋੜਾ ਨੇ ਅੱਜ ਘੱਗਰ ਦੇ ਖ਼ਤਰੇ ਦੇ ਮੱਦੇਨਜ਼ਰ ਪਿੰਡ ਮਕਰੋੜ ਸਾਹਿਬ ਕੋਲ ਘੱਗਰ ਦੇ ਪਾਣੀ ਦਾ ਜਾਇਜ਼ਾ ਲਿਆ। ਪਟਿਆਲਾ, ਸੰਗਰੂਰ ਤੇ ਮਾਨਸਾ ਜ਼ਿਲ੍ਹਿਆਂ ’ਚ ਘੱਗਰ ਨੇ ਲੋਕਾਂ ਦੇ ਸਾਹ ਸੂਤ ਦਿੱਤੇ ਹਨ। ਮਾਲਵਾ ਖ਼ਿੱਤਾ ਇਸ ਵੇਲੇ ਘੱਗਰ ਕਾਰਨ ਜੋਖ਼ਮ ’ਚੋਂ ਗੁਜ਼ਰ ਰਿਹਾ ਹੈ। ਸਤਲੁਜ ਦਰਿਆ ਦਾ ਪਾਣੀ ਵੀ ਖ਼ਤਰੇ ਦੇ ਨਿਸ਼ਾਨ ’ਤੇ ਚੱਲ ਰਿਹਾ ਹੈ। ਭਾਖੜਾ ਡੈਮ ’ਚ ਪਾਣੀ ਦਾ ਪੱਧਰ 1677.29 ਫੁੱਟ ਹੈ ਅਤੇ ਪਹਾੜਾਂ ’ਚੋਂ ਹਾਲੇ ਵੀ ਇੱਕ ਲੱਖ ਕਿਊਸਕ ਪਾਣੀ ਦੀ ਡੈਮ ’ਚ ਆਮਦ ਹੈ। ਭਾਖੜਾ ’ਚੋਂ ਸਤਲੁਜ ’ਚ ਇਸ ਵੇਲੇ 65 ਹਜ਼ਾਰ ਕਿਊਸਕ ਪਾਣੀ ਛੱਡਿਆ ਜਾ ਰਿਹਾ ਹੈ। ਕੰਢੀ ਖੇਤਰ ’ਚ ਮੀਂਹ ਪੈਣ ਕਾਰਨ ਚੋਆਂ ਦਾ ਪਾਣੀ 24 ਘੰਟੇ ਤੋਂ ਇਕੱਠਾ ਹੋ ਕੇ ਸਤਲੁਜ ਵਿੱਚ ਪੈ ਰਿਹਾ ਹੈ ਜਿਸ ਨਾਲ ਸਤਲੁਜ ’ਚ ਪਾਣੀ 80 ਹਜ਼ਾਰ ਕਿਊਸਕ ਹੋ ਗਿਆ ਹੈ। ਚਿੱਟੀ ਵੇਈਂ ਤੇ ਕਾਲੀ ਵੇਈਂ ਵੀ ਓਵਰਫ਼ਲੋਅ ਹੋ ਗਈ ਹੈ ਅਤੇ ਚਿੱਟੀ ਵੇਈਂ ਦਾ ਪਾਣੀ ਵੀ ਗਿੱਦੜਪਿੰਡੀ ਕੋਲ ਸਤਲੁਜ ’ਚ ਪਿਆ ਹੈ। ਗਿੱਦੜਪਿੰਡੀ ਕੋਲ ਸਤਲੁਜ ’ਚ ਡੇਢ ਲੱਖ ਕਿਊਸਕ ਪਾਣੀ ਚੱਲ ਰਿਹਾ ਹੈ।
ਦੂਜੇ ਪਾਸੇ ਪੌਂਗ ਡੈਮ ਤੋਂ ਪਾਣੀ ਘਟਾਏ ਜਾਣ ਦੇ ਬਾਵਜੂਦ ਬਿਆਸ ਦਰਿਆ ’ਚ ਪਾਣੀ ਪੌਣੇ ਦੋ ਲੱਖ ਕਿਊਸਕ ਹੋ ਗਿਆ ਹੈ। ਪੰਜਾਬ ਸਰਕਾਰ ਦੀ ਬੇਚੈਨੀ ਵਧਣੀ ਸ਼ੁਰੂ ਹੋ ਗਈ ਹੈ ਕਿਉਂਕਿ ਹਰੀਕੇ ਕੋਲ ਬਿਆਸ ਤੇ ਸਤਲੁਜ ਦਾ ਪਾਣੀ ਮਿਲ ਕੇ ਤਿੰਨ ਲੱਖ ਕਿਊਸਕ ਨੂੰ ਪਾਰ ਕਰ ਚੁੱਕਾ ਹੈ। ਸਤਲੁਜ ਦਰਿਆ ’ਤੇ ਰੋਪੜ ਦੇ ਚਮਕੌਰ ਸਾਹਿਬ ਕੋਲ ਅਤੇ ਇਸੇ ਤਰ੍ਹਾਂ ਨਵਾਂਸ਼ਹਿਰ ਵਿੱਚ ਇੱਕ ਥਾਂ ਤੋਂ ਪੱਥਰਾਂ ਦੀ ਕੰਧ ਵਹਿਣ ਲੱਗ ਪਈ ਹੈ ਜਿਸ ਨੂੰ ਰੋਕਣ ਲਈ ਕੰਮ ਚੱਲ ਰਿਹਾ ਹੈ। ਰੋਪੜ ਦੇ ਪਿੰਡ ਦਾਊਦਪੁਰ ਕੋਲ ਪਾੜ ਪੈਣ ਦਾ ਖ਼ਤਰਾ ਬਣ ਗਿਆ ਹੈ ਜਿਸ ਕਾਰਨ ਫ਼ੌਜ ਸੱਦਣੀ ਪਈ ਹੈ।
ਪੰਜਾਬ ਸਰਕਾਰ ਲਈ ਹੁਣ ਘੱਗਰ ਤੇ ਸਤਲੁਜ ਪ੍ਰੀਖਿਆ ਵਾਂਗ ਹਨ। ਇਸੇ ਤਰ੍ਹਾਂ ਮੁੜ ਬਾਰਸ਼ ਪੈਣ ਕਾਰਨ ਰਾਵੀ ਦਰਿਆ ਦਾ ਪਾਣੀ ਵੀ ਮੁੜ ਡਰਾਉਣ ਲੱਗ ਪਿਆ ਹੈ। ਇਹ ਫ਼ਿਕਰ ਵਾਲੀ ਗੱਲ ਹੈ ਕਿ ਰਾਵੀ ਦਰਿਆ ਦੇ ਕਈ ਬੰਨ੍ਹ ਪਾਣੀ ’ਚ ਰੁੜ੍ਹ ਗਏ ਹਨ ਅਤੇ ਇਸ ਵੇਲੇ ਪੌਣੇ ਦੋ ਲੱਖ ਕਿਊਸਕ ਪਾਣੀ ਰਾਵੀ ਵਿੱਚ ਵਹਿ ਰਿਹਾ ਹੈ। ਅਜਨਾਲਾ ਨੇੜਲੇ ਸੱਕੀ ਨਾਲੇ ਦਾ ਪਾਣੀ ਹੁਣ ਅੱਗੇ ਨਿਕਲਣ ਕਰਕੇ ਇਲਾਕੇ ’ਚ ਪਾਣੀ ਦਾ ਫਲੋਅ ਘਟਿਆ ਹੈ। ਹੜ੍ਹਾਂ ਦੀ ਕਰੋਪੀ ਦਾ ਸਭ ਤੋਂ ਵੱਧ ਸਾਹਮਣਾ ਪਠਾਨਕੋਟ, ਡੇਰਾ ਬਾਬਾ ਨਾਨਕ ਅਤੇ ਅਜਨਾਲਾ ਨੂੰ ਕਰਨਾ ਪਿਆ ਹੈ। ਫ਼ਾਜ਼ਿਲਕਾ ਦੇ ਦਰਜਨ ਪਿੰਡ ਸਤਲੁਜ ਦਰਿਆ ਤੇ ਪਿੰਡ ਕਾਵਾਂਵਾਲੀ ਕੋਲ ਪੁਲ ਓਵਰਫਲੋਅ ਹੋ ਗਿਆ ਹੈ ਜਿਸ ਨਾਲ ਦਰਜਨਾਂ ਪਿੰਡਾਂ ਦਾ ਸੰਪਰਕ ਪੰਜ-ਛੇ ਦਿਨਾਂ ਤੋਂ ਕੱਟਿਆ ਹੋਇਆ ਹੈ। ਰਣਜੀਤ ਸਾਗਰ ਡੈਮ ’ਚੋਂ ਵੀ ਪਾਣੀ ਸੰਜਮ ਨਾਲ ਹੀ 42,089 ਕਿਊਸਕ ਛੱਡਿਆ ਜਾ ਰਿਹਾ ਹੈ। ਬੀਬੀਐੱਮਬੀ ਨਵੇਂ ਹਾਲਾਤ ’ਚ ਮੁੜ ਮੀਟਿੰਗ ਬੁਲਾ ਸਕਦਾ ਹੈ। ਸਮੁੱਚੇ ਹੜ੍ਹ ਪ੍ਰਭਾਵਿਤ ਖੇਤਰਾਂ ’ਚ ਸਿਆਸੀ ਧਿਰਾਂ ਤੋਂ ਇਲਾਵਾ ਆਮ ਲੋਕਾਂ ਅਤੇ ਸਮਾਜ ਸੇਵੀਆਂ ਵੱਲੋਂ ਰਾਹਤ ਕਾਰਜ ਕੀਤੇ ਜਾ ਰਹੇ ਹਨ। ਫ਼ੌਜ, ਐੱਨ ਡੀ ਆਰ ਐੱਫ ਅਤੇ ਪੁਲੀਸ ਦੀਆਂ ਟੀਮਾਂ ਵੀ ਰਾਹਤ ਕੰਮਾਂ ’ਚ ਜੁੱਟੀਆਂ ਹੋਈਆਂ ਹਨ।
ਹੰਗਾਮੀ ਹਾਲਾਤ ’ਚ ਡੀਸੀਜ਼ ਨੂੰ ਫ਼ੈਸਲੇ ਲੈਣ ਦੇ ਅਧਿਕਾਰ ਦਿੱਤੇ
ਪੰਜਾਬ ਸਰਕਾਰ ਨੇ ਪੂਰੇ ਸੂਬੇ ਦੇ ਹੜ੍ਹ ਦੀ ਮਾਰ ਹੇਠ ਆਉਣ ਮਗਰੋਂ ਆਫ਼ਤ ਪ੍ਰਬੰਧਨ ਐਕਟ, 2025 ਤਹਿਤ ਐਮਰਜੈਂਸੀ ਪ੍ਰਕਿਰਿਆਵਾਂ ਨੂੰ ਸਰਗਰਮ ਕਰ ਦਿੱਤਾ ਹੈ। ਮੁੱਖ ਸਕੱਤਰ ਕੇ ਏ ਪੀ ਸਿਨਹਾ ਵੱਲੋਂ ਅੱਜ ਦੇਰ ਰਾਤ ਜਾਰੀ ਕੀਤੇ ਗਏ ਹੁਕਮ ਵਿੱਚ ਡਿਪਟੀ ਕਮਿਸ਼ਨਰਾਂ ਨੂੰ ਕਿਸੇ ਵੀ ਖ਼ਤਰਨਾਕ ਆਫ਼ਤ ਦੀ ਸਥਿਤੀ ਵਿੱਚ ਆਪਣੇ ਆਪ ਕਾਰਵਾਈ ਕਰਨ ਦਾ ਅਧਿਕਾਰ ਦਿੱਤਾ ਗਿਆ ਹੈ। ਪੀਡਬਲਿਊਡੀ, ਜਲ ਸਰੋਤ ਅਤੇ ਬਿਜਲੀ ਵਿਭਾਗਾਂ ਨੂੰ ਜੰਗੀ ਪੱਧਰ ’ਤੇ ਮੁਰੰਮਤ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
ਨੰਗਲ ਡੈਮ ਦੇ 26 ਫਲੱਡ ਗੇਟ ਖੋਲ੍ਹੇ
ਨੰਗਲ (ਬਲਵਿੰਦਰ ਰੈਤ): ਭਾਖੜਾ ਡੈਮ ਵਿੱਚ ਲਗਾਤਾਰ ਵਧ ਰਹੇ ਪਾਣੀ ਨੂੰ ਲੈ ਕੇ ਬੀ ਬੀ ਐੱਮ ਬੀ ਵਿਭਾਗ ਨੇ ਨੰਗਲ ਡੈਮ ਦੇ 26 ਫਲੱਡ ਗੇਟ ਖੋਲ੍ਹ ਕੇ ਸਤਲੁਜ ਦਰਿਆ ਵਿੱਚ 51 ਹਜ਼ਾਰ ਕਿਊਸਕ ਪਾਣੀ ਛੱਡਿਆ ਜਿਸ ਨਾਲ ਦਰਿਆ ਨੇ ਅੱਜ ਵਿਰਾਟ ਰੂਪ ਧਾਰਨ ਕਰ ਲਿਆ। ਸ੍ਰੀ ਆਨੰਦਪੁਰ ਹਾਈਡਲ ਚੈਨਲ ਨਹਿਰ ਵਿੱਚ ਮਹਿਜ਼ 4000 ਕਿਊਸਕ ਪਾਣੀ ਛੱਡਿਆ ਗਿਆ ਹੈ। ਇਹ ਨਹਿਰ ਕਈ ਥਾਵਾਂ ਤੋਂ ਪਾੜ ਪੈਣ ਕਾਰਨ ਬੰਦ ਕਰ ਦਿੱਤੀ ਗਈ ਸੀ। ਭਾਖੜਾ ਨਹਿਰ ਵਿੱਚ 9000 ਕਿਊਸਕ ਪਾਣੀ ਛੱਡਿਆ ਜਾ ਰਿਹਾ ਹੈ। ਅੱਜ ਭਾਖੜਾ ਡੈਮ ਵਿੱਚ ਪਾਣੀ ਦਾ ਪੱਧਰ 1674.72 ਰਿਕਾਰਡ ਕੀਤਾ ਗਿਆ। ਸਤਲੁਜ ਦਰਿਆ ਕੰਢੇ ਵਸੇ ਪਿੰਡਾਂ ਬੇਲਾ ਧਿਆਨੀ, ਬੇਲਾ ਰਾਮਗੜ੍ਹ, ਬੇਲਾ ਸ਼ਿਵ ਸਿੰਘ, ਪੱਤੀ ਟੇਕ ਸਿੰਘ, ਹਰਸਾ ਬੇਲਾ ਸਮੇਤ ਦਰਜਨ ਪਿੰਡ ਪਾਣੀ ਦੀ ਮਾਰ ਹੇਠ ਹਨ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਗਿਆ ਹੈ। ਇਨ੍ਹਾਂ ਪਿੰਡਾਂ ਦਾ ਇਲਾਕੇ ਨਾਲੋਂ ਸੰਪਰਕ ਟੁੱਟ ਚੁੱਕਾ ਹੈ। ਲੋਕਾਂ ਦੀ ਸਹਾਇਤਾ ਲਈ ਐੱਨ ਡੀ ਆਰ ਐੱਫ ਦੀਆਂ ਟੀਮਾਂ ਪਹੁੰਚ ਗਈਆਂ ਹਨ ਅਤੇ ਡੀ ਸੀ ਵਰਜੀਤ ਵਾਲੀਆ ਵੱਲੋਂ ਪੂਰੇ ਖੇਤਰ ’ਤੇ ਨਜ਼ਰ ਰੱਖੀ ਜਾ ਰਹੀ ਹੈ। ਇਲਾਕੇ ਦੇ ਨਾਮਵਾਰ ਗੋਤਾਖੋਰ ਕਮਲਪ੍ਰੀਤ ਸਿੰਘ ਸੈਣੀ ਨੇ ਆਪਣੀ 10 ਮੈਂਬਰਾਂ ਦੀ ਟੀਮ ਨਾਲ ਲਗਪਗ 15 ਪਿੰਡਾਂ ਦਾ ਮੁਆਇਨਾ ਕੀਤਾ ਅਤੇ ਕਿਸ਼ਤੀ ਰਾਹੀਂ ਮੁੱਢਲੀ ਸਹਾਇਤਾ ਦਿੱਤੀ ਜਾ ਰਹੀ ਹੈ। ਮੰਤਰੀ ਅਤੇ ਸਥਾਨਕ ਵਿਧਾਇਕ ਹਰਜੋਤ ਸਿੰਘ ਬੈਂਸ ਪੀੜਤ ਲੋਕਾਂ ਨਾਲ ਡਟ ਕੇ ਖੜ੍ਹੇ ਹਨ।
ਪੰਜਾਬ ਵਿੱਚ ਕਿਸਾਨਾਂ ਨੂੰ 3000 ਕਰੋੜ ਦਾ ਨੁਕਸਾਨ
ਚੰਡੀਗੜ੍ਹ (ਚਰਨਜੀਤ ਭੁੱਲਰ): ਪੰਜਾਬ ’ਚ ਹੜ੍ਹਾਂ ਦੀ ਮਾਰ ਨੇ ਸਭ ਤੋਂ ਵੱਡਾ ਝਟਕਾ ਕਿਸਾਨੀ ਨੂੰ ਦਿੱਤਾ ਹੈ, ਜਿਨ੍ਹਾਂ ਦੀ ਹੁਣ ਤੱਕ ਕਰੀਬ ਤਿੰਨ ਹਜ਼ਾਰ ਕਰੋੜ ਰੁਪਏ ਦੀ ਫ਼ਸਲ ਨੁਕਸਾਨੀ ਜਾ ਚੁੱਕੀ ਹੈ। ਗੈਰ-ਸਰਕਾਰੀ ਤੌਰ ’ਤੇ ਦੇਖੀਏ ਤਾਂ ਇਹ ਵਿੱਤੀ ਸੱਟ ਹੋਰ ਵੀ ਕਿਤੇ ਵੱਡੀ ਹੈ। ਪੰਜਾਬ ਸਰਕਾਰ ਵੱਲੋਂ ਫ਼ਸਲੀ ਨੁਕਸਾਨ ਦਾ ਮੁੱਢਲਾ ਜਾਇਜ਼ਾ ਲਿਆ ਗਿਆ ਹੈ ਜਿਸ ਮੁਤਾਬਕ ਹੁਣ ਤੱਕ ਹੜ੍ਹਾਂ ਨਾਲ 4.33 ਲੱਖ ਏਕੜ ਰਕਬਾ ਪ੍ਰਭਾਵਿਤ ਹੋਇਆ ਹੈ। ਸਿਰਫ਼ ਚਾਰ ਜ਼ਿਲ੍ਹੇ ਮਾਲੇਰਕੋਟਲਾ, ਫ਼ਰੀਦਕੋਟ, ਨਵਾਂਸ਼ਹਿਰ ਅਤੇ ਫ਼ਤਿਹਗੜ੍ਹ ਸਾਹਿਬ ’ਚ ਹਾਲੇ ਤੱਕ ਫ਼ਸਲੀ ਨੁਕਸਾਨ ਸਾਹਮਣੇ ਨਹੀਂ ਆਇਆ ਹੈ। ਵੇਰਵਿਆਂ ਅਨੁਸਾਰ ਹੜ੍ਹਾਂ ਕਾਰਨ ਸਭ ਤੋਂ ਵੱਧ ਜ਼ਿਲ੍ਹਾ ਗੁਰਦਾਸਪੁਰ ’ਚ ਇੱਕ ਲੱਖ ਏਕੜ ਫ਼ਸਲ ਪ੍ਰਭਾਵਿਤ ਹੋਈ ਹੈ। ਜ਼ਿਲ੍ਹਾ ਅੰਮ੍ਰਿਤਸਰ ’ਚ 70,537 ਏਕੜ, ਜ਼ਿਲ੍ਹਾ ਮਾਨਸਾ ’ਚ 55,707 ਏਕੜ ਅਤੇ ਜ਼ਿਲ੍ਹਾ ਫ਼ਾਜ਼ਿਲਕਾ ’ਚ 41,548 ਏਕੜ ਫ਼ਸਲ ਨੁਕਸਾਨੀ ਗਈ ਹੈ। ਕਿਸਾਨਾਂ ਮੁਤਾਬਕ ਪ੍ਰਭਾਵਿਤ ਰਕਬਾ ਕਿਤੇ ਜ਼ਿਆਦਾ ਹੈ। ਮੁੱਢਲੇ ਜਾਇਜ਼ੇ ਅਨੁਸਾਰ ਹੜ੍ਹਾਂ ਤੇ ਮੀਂਹ ਕਾਰਨ ਸਭ ਤੋਂ ਵੱਧ ਝੋਨੇ ਦੀ 3.31 ਲੱਖ ਏਕੜ ਫ਼ਸਲ ਦਾ ਨੁਕਸਾਨ ਹੋ ਚੁੱਕਿਆ ਹੈ। ਪਹਿਲੀ ਅਕਤੂਬਰ ਤੋਂ ਝੋਨੇ ਦੀ ਫ਼ਸਲ ਦੀ ਸਰਕਾਰੀ ਖ਼ਰੀਦ ਸ਼ੁਰੂ ਹੋਣੀ ਹੈ ਅਤੇ ਇਸ ਵੇਲੇ ਝੋਨੇ ਦੀ ਫ਼ਸਲ ਜੋਬਨ ’ਤੇ ਸੀ। ਇਸੇ ਤਰ੍ਹਾਂ 21,545 ਏਕੜ ਗੰਨੇ ਦੀ ਫ਼ਸਲ ਮਾਰ ਹੇਠ ਆਈ ਹੈ ਜਦੋਂ ਕਿ 49,496 ਏਕੜ ਨਰਮੇ ਦੀ ਫ਼ਸਲ ਪ੍ਰਭਾਵਿਤ ਹੋਈ ਹੈ। ਨਰਮਾ ਪੱਟੀ ਲਈ ਇਹ ਬਾਰਸ਼ ਘਾਤਕ ਸਾਬਤ ਹੋਈ ਹੈ। ਮੱਕੀ ਦੀ 11,417 ਏਕੜ ਫ਼ਸਲ ਮਾਰ ਹੇਠ ਆਈ ਹੈ। ਬਾਕੀ ਫ਼ਸਲਾਂ ਹੇਠਲਾ 19,101 ਏਕੜ ਰਕਬਾ ਵੀ ਲਪੇਟ ਵਿੱਚ ਆਇਆ ਹੈ। ਪੰਜਾਬ ਸਰਕਾਰ ਨੇ ਫ਼ਸਲਾਂ ਦੇ ਸਰਕਾਰੀ ਭਾਅ ਦੇ ਹਿਸਾਬ ਨਾਲ ਨੁਕਸਾਨੇ ਗਏ ਰਕਬੇ ਦਾ ਹਿਸਾਬ-ਕਿਤਾਬ ਲਗਾਇਆ ਹੈ ਜੋ ਕਰੀਬ ਤਿੰਨ ਹਜ਼ਾਰ ਕਰੋੜ ਰੁਪਏ ਬਣਿਆ ਹੈ। ਸਰਹੱਦੀ ਜ਼ਿਲ੍ਹਿਆਂ ਦੇ ਖੇਤਾਂ ’ਚ ਕਾਫ਼ੀ ਰੇਤ ਵੀ ਇਕੱਠੀ ਹੋ ਗਈ ਹੈ ਜਿੱਥੇ ਹੁਣ ਦੁਬਾਰਾ ਫ਼ਸਲ ਦੀ ਬਿਜਾਂਦ ਕਰਨੀ ਔਖੀ ਹੋ ਸਕਦੀ ਹੈ। ਨਿਯਮਾਂ ਅਨੁਸਾਰ ਕਿਸਾਨਾਂ ਨੂੰ ਸੌ ਫ਼ੀਸਦੀ ਫ਼ਸਲੀ ਖ਼ਰਾਬਾ ਹੋਣ ਦੀ ਸੂਰਤ ਵਿੱਚ 15 ਹਜ਼ਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਮੁਆਵਜ਼ਾ ਮਿਲਣਾ ਹੈ। ਕਿਸਾਨ ਆਗੂ ਮੰਗ ਕਰ ਰਹੇ ਹਨ ਕਿ ਅਸਲ ਨੁਕਸਾਨ ਦੇ ਲਿਹਾਜ਼ ਨਾਲ ਹੀ ਮੁਆਵਜ਼ਾ ਦਿੱਤਾ ਜਾਵੇ। ਪ੍ਰਾਪਤ ਵੇਰਵਿਆਂ ਅਨੁਸਾਰ ਹੜ੍ਹ ਪ੍ਰਭਾਵਿਤ ਖੇਤਰਾਂ ’ਚ ਹੁਣ ਤੱਕ 365 ਪਸ਼ੂਆਂ ਦੀ ਮੌਤ ਹੋ ਚੁੱਕੀ ਹੈ। ਅੰਮ੍ਰਿਤਸਰ ਜ਼ਿਲ੍ਹੇ ’ਚ 57 ਹਜ਼ਾਰ ਪਸ਼ੂ ਪ੍ਰਭਾਵਿਤ ਹੋਏ ਹਨ। ਗੁਰਦਾਸਪੁਰ ਜ਼ਿਲ੍ਹੇ ’ਚ 17,900 ਮੁਰਗੀਆਂ ਅਤੇ ਹੋਰਾਂ ਦੀ ਮੌਤ ਦਾ ਸਮਾਚਾਰ ਹੈ। ਜ਼ਿਲ੍ਹੇ ’ਚ 254 ਪਸ਼ੂਆਂ ਦੀ ਮੌਤ ਹੋਈ ਹੈ ਜਦੋਂ ਕਿ ਪਠਾਨਕੋਟ ਜ਼ਿਲ੍ਹੇ ’ਚ 89 ਪਸ਼ੂ ਮਾਰੇ ਗਏ ਹਨ।
ਕੇਂਦਰ ਫ਼ਸਲੀ ਨੁਕਸਾਨ ਦੀ ਭਰਪਾਈ ਕਰੇ: ਖੁੱਡੀਆਂ
ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਫ਼ਸਲੀ ਨੁਕਸਾਨ ਦਾ ਇਹ ਮੁੱਢਲਾ ਅੰਕੜਾ ਹੈ ਅਤੇ ਨੁਕਸਾਨ ਦੀ ਅਸਲ ਜਾਣਕਾਰੀ ਵਿਸ਼ੇਸ਼ ਗਿਰਦਾਵਰੀ ਮਗਰੋਂ ਹੀ ਪਤਾ ਲੱਗੇਗੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਤੋਂ ਇਸ ਫ਼ਸਲੀ ਨੁਕਸਾਨ ਦੀ ਭਰਪਾਈ ਦੀ ਮੰਗ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪਾਣੀ ਦੀ ਮਾਰ ਲਗਾਤਾਰ ਵਧ ਰਹੀ ਹੈ ਅਤੇ ਫ਼ਸਲਾਂ ਪ੍ਰਭਾਵਿਤ ਹੋ ਰਹੀਆਂ ਹਨ।