ਆਰੀਆ ਕਾਲਜ ਦੀਆਂ ਵਿਦਿਆਰਥਣਾਂ ਵੱਲੋਂ ਵਿਦਿਅਕ ਦੌਰਾ
ਇੱਥੋਂ ਦੇ ਆਰੀਆ ਕੰਨਿਆ ਕਾਲਜ ਦੇ ਇਤਿਹਾਸ ਵਿਭਾਗ ਵੱਲੋਂ ਅੱਜ ਵਿਦਿਆਰਥਣਾਂ ਨੂੰ ਅਜਾਇਬ ਘਰ ਅਤੇ ਆਰਟ ਗੈਲਰੀ ਚੰਡੀਗੜ੍ਹ ਦਾ ਵਿਦਿਅਕ ਦੌਰਾ ਕਰਵਾਇਆ ਗਿਆ। ਇਸ ਦੌਰੇ ਵਿੱਚ 28 ਵਿਦਿਆਰਥਣਾਂ ਨੇ ਹਿੱਸਾ ਲਿਆ। ਇਸ ਵਿਦਿਅਕ ਦੌਰੇ ਦਾ ਉਦੇਸ਼ ਇਤਿਹਾਸ ਨੂੰ ਦਿਲਚਸਪ ਬਣਾਉਣਾ ਅਤੇ ਇਤਿਹਾਸਕ ਲਿਖਤ ਲਈ ਤੱਥਾਂ ਦੀ ਚੋਣ ਕਰਨਾ ਸੀ। ਵਿਦਿਆਰਥਣਾਂ ਨੇ ਅਜਾਇਬ ਘਰ ਵਿਚ ਵੱਖ-ਵੱਖ ਸਮੇਂ ਦੇ ਦਸਤਾਵੇਜ਼ਾਂ ਦਾ ਅਧਿਅਨ ਕੀਤਾ ਤੇ ਅਜਾਇਬ ਘਰ ਵਿਚ ਵਿਰਾਸਤ ਵਜੋਂ ਸੁਰਖਿੱਅਤ ਰੱਖੀਆਂ ਗਈਆਂ ਵਿਲੱਖਣ ਕਲਾ ਕ੍ਰਿਤੀਆਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਕਾਲਜ ਦੀ ਪ੍ਰਿੰਸੀਪਲ ਡਾ. ਆਰਤੀ ਤ੍ਰੇਹਨ ਨੇ ਵਿਦਿਆਰਥਣਾਂ ਨੂੰ ਟੂਰ ’ਤੇ ਜਾਣ ਤੋਂ ਪਹਿਲਾਂ ਵਧਾਈ ਦਿੱਤੀ ਤੇ ਕਿਹਾ ਕਿ ਅਜੇਹੇ ਵਿਦਿਅਕ ਦੌਰੇ ਵਿਸ਼ੇ ਦੀ ਡੂੰਘਾਈ ਦਾ ਮੁਲਾਂਕਣ ਕਰਨ ਅਤੇ ਗਿਆਨ ਪ੍ਰਾਪਤ ਕਰਨ ਦਾ ਇੱਕ ਸਾਧਨ ਹਨ, ਜਿਸ ਨਾਲ ਵਿਦਿਆਰਥਣਾਂ ਦੀ ਸਿੱਖਿਆ ਵਧੇਰੇ ਦਿਲਚਸਪ ਅਤੇ ਸਮਝ ਆਸਾਨ ਹੋ ਜਾਂਦੀ ਹੈ। ਟੂਰ ਇੰਚਾਰਜ ਪੰਜਾਬੀ ਵਿਭਾਗ ਦੀ ਮੁਖੀ ਡਾ. ਸਿਮਰਜੀਤ ਕੌਰ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਵਿਦਿਆਰਥਣਾਂ ਨੇ ਅਜਾਇਬ ਘਰ ਅਤੇ ਆਰਟ ਗੈਲਰੀ ਦਾ ਦੌਰਾ ਕੀਤਾ ਤੇ ਵੱਖ-ਵੱਖ ਸਮੇਂ ਦੇ ਸਿੱਕਿਆਂ ਨੂੰ ਦੇਖਿਆ। ਗੈਲਰੀ ਵਿਚ ਹਰਿਆਣਾ ਦੀ ਸਿੰਧੂ ਘਾਟੀ ਸਭਿਅਤਾ ਤੇ ਵੱਖ-ਵੱਖ ਬੋਧੀ ਮੂਰਤੀਆਂ, ਜਿਨ੍ਹਾਂ ’ਚ ਖਾਸ ਕਰ ਕੇ ਭਗਵਾਨ ਬੁੱਧ ਦੀ ਮੂਰਤੀ ਦਾ ਅਧਿਐਨ ਕੀਤਾ। ਇਸ ਤੋਂ ਬਾਅਦ ਸਾਰੀਆਂ ਵਿਦਿਆਰਥਣਾਂ ਤੇ ਅਧਿਆਪਕਾਂ ਨੇ ਗੁਰੂ ਗੋਬਿੰਦ ਸਿੰਘ ਜੀ ਨਾਲ ਸਬੰਧਿਤ ਗੁਰੁਦੁਆਰਾ ਨਾਢਾ ਸਾਹਿਬ ਮੱਥਾ ਟੇਕਿਆ।