ਔਰਤਾਂ ਨੂੰ ਸੰਤੁਲਿਤ ਖੁਰਾਕ ਬਾਰੇ ਜਾਗਰੂਕ ਕੀਤਾ
ਕੁਰੂਕਸ਼ੇਤਰ ਦੇ ਮੈਂਬਰ ਪਾਰਲੀਮੈਂਟ ਨਵੀਨ ਜਿੰਦਲ ਦੀ ਪਹਿਲਕਦਮੀ ’ਤੇ ਬਹਿਲੋਲਪੁਰ ਸਥਿਤ ਮਹਾਤਮਾ ਜਯੋਤੀਬਾ ਫੂਲੇ ਉਦਯੋਗਿਕ ਸਿਖਲਾਈ ਸੰਸਥਾ ਵਿੱਚ ‘ਏਕ ਥਾਲੀ ਪੋਸ਼ਣ ਵਾਲੀ’ ਨਾਂ ਦਾ ਵਿਸ਼ੇਸ਼ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ। ਇਸ ਮੌਕੇ ਨਵੀਨ ਜਿੰਦਲ ਫਾਊਂਡੇਸ਼ਨ ਨੇ ਔਰਤਾਂ ਨੂੰ ਪੌਸ਼ਟਿਕ ਥਾਲੀ ਪਰੋਸ ਕੇ ਉਨ੍ਹਾਂ ਨੂੰ ਸਿਹਤ ਪ੍ਰਤੀ ਜਾਗਰੂਕ ਕੀਤਾ। ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਔਰਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਪੋਸ਼ਣ ਪੱਧਰ ਨੂੰ ਬਿਹਤਰ ਬਣਾਉਣਾ, ਸੰਤੁਲਿਤ ਖੁਰਾਕ ਦੀ ਮਹੱਤਤਾ ਨੂੰ ਉਜਾਗਰ ਕਰਨਾ ਅਤੇ ਪੇਂਡੂ ਭਾਈਚਾਰੇ ਵਿੱਚ ਸਿਹਤ ਪ੍ਰਤੀ ਜਾਗਰੂਕਤਾ ਵਧਾਉਣਾ ਹੈ। ਨੇੜਲੇ ਪਿੰਡਾਂ ਦੀਆਂ ਔਰਤਾਂ ਨੇ ਇਸ ਵਿੱਚ ਵੱਧ-ਚੜ੍ਹ ਕੇ ਹਿੱਸਾ ਲਿਆ। ਪ੍ਰੋਗਰਾਮ ਦੌਰਾਨ ਮਾਹਿਰਾਂ ਨੇ ਔਰਤਾਂ ਨੂੰ ਪੌਸ਼ਟਿਕ ਥਾਲੀ ਦੇ ਜ਼ਰੂਰੀ ਤੱਤਾਂ ਬਾਰੇ ਜਾਣਕਾਰੀ ਦਿੱਤੀ ਅਤੇ ਇਹ ਵੀ ਦਿਖਾਇਆ ਕਿ ਇੱਕ ਸਧਾਰਨ ਰਸੋਈ ਵਿੱਚ ਹੀ ਸੰਤੁਲਿਤ ਅਤੇ ਪੌਸ਼ਟਿਕ ਭੋਜਨ ਕਿਵੇਂ ਤਿਆਰ ਕੀਤਾ ਜਾ ਸਕਦਾ ਹੈ। ਇਸ ਮੌਕੇ ਨਵੀਨ ਜਿੰਦਲ ਫਾਊਂਡੇਸ਼ਨ ਦੇ ਕ੍ਰਿਸ਼ਨ ਸਿੰਘ ਸੈਣੀ ਨੇ ਕਿਹਾ ਕਿ ਇਹ ਪਹਿਲਕਦਮੀ ਸੰਸਦ ਮੈਂਬਰ ਨਵੀਨ ਜਿੰਦਲ ਦੇ ‘ਇੱਕ ਪੌਸ਼ਟਿਕ ਭਾਰਤ, ਇੱਕ ਸਿਹਤਮੰਦ ਭਾਰਤ’ ਦੇ ਸੁਪਨੇ ਨੂੰ ਸਾਕਾਰ ਕਰਨ ਵੱਲ ਇੱਕ ਠੋਸ ਕਦਮ ਹੈ। ਉਨ੍ਹਾਂ ਕਿਹਾ ਕਿ ਹਰ ਔਰਤ ਨੂੰ ਆਪਣੇ ਪਰਿਵਾਰ ਦੀ ਸਿਹਤ ਦੀ ਰਖਵਾਲਾ ਬਣਨਾ ਚਾਹੀਦਾ ਹੈ, ਕਿਉਂਕਿ ਚੰਗੀ ਸਿਹਤ ਦਵਾਈਆਂ ਨਾਲ ਨਹੀਂ, ਸਗੋਂ ਰੋਜ਼ਾਨਾ ਦੀ ਪੌਸ਼ਟਿਕ ਖੁਰਾਕ ਨਾਲ ਹੀ ਸ਼ੁਰੂ ਹੁੰਦੀ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਇਹ ਪਹਿਲਕਦਮੀ ਔਰਤਾਂ ਅਤੇ ਬੱਚਿਆਂ ਦੇ ਸਰੀਰਕ ਤੇ ਮਾਨਸਿਕ ਵਿਕਾਸ ਵਿੱਚ ਵੀ ਅਹਿਮ ਯੋਗਦਾਨ ਪਾਵੇਗੀ। ਪ੍ਰੋਗਰਾਮ ਵਿੱਚ ਸ਼ਾਮਲ ਹੋਈਆਂ ਔਰਤਾਂ ਨੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ।
