ਪ੍ਰੋਗਰਾਮ ਦੌਰਾਨ ਮਹਿਲਾ ਪੁਲੀਸ ਅਧਿਕਾਰੀ ਵਿਦਿਆਰਥਣਾਂ ਨੂੰ ਸਵੈ-ਰੱਖਿਆ ਬਾਰੇ ਜਾਗਰੂਕ ਕਰਦੀ ਹੋਈ।
ਇੱਥੋਂ ਦੀ ਪੁਲੀਸ ਇਲਾਕੇ ਦੇ ਪੁਲੀਸ ਸੁਪਰਡੈਂਟ ਸਿਧਾਂਤ ਜੈਨ ਦੀ ਅਗਵਾਈ ਹੇਠ ਅਪਰਾਧੀਆਂ ਖ਼ਿਲਾਫ਼ ਲਗਾਤਾਰ ਸਖ਼ਤ ਮੁਹਿੰਮ ਚਲਾ ਰਹੀ ਹੈ। ਇਸ ਕੜੀ ਵਿੱਚ ਰਤੀਆ ਸਿਟੀ ਪੁਲੀਸ ਸਟੇਸ਼ਨ ਨੇ ਪਿੰਡ ਚਿੰਮੋ ਦੇ ਰਹਿਣ ਵਾਲੇ ਜਸਪਾਲ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਕਿ ਸਮੂਹਿਕ ਕੁੱਟਮਾਰ ਅਤੇ ਡਕੈਤੀ ਦੇ ਇੱਕ ਗੰਭੀਰ ਮਾਮਲੇ ਵਿੱਚ ਭਗੌੜਾ ਸੀ। ਇਸ ਮਾਮਲੇ ਵਿੱਚ ਪੁਲੀਸ ਵੱਲੋਂ ਹੁਣ ਤੱਕ ਅੱਠ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਥਾਣਾ ਇੰਚਾਰਜ ਸਬ ਇੰਸਪੈਕਟਰ ਰਣਜੀਤ ਸਿੰਘ ਨੇ ਦੱਸਿਆ ਕਿ 18 ਜਨਵਰੀ 2025 ਨੂੰ ਪੀੜਤ ਕਮਲ ਕੁਮਾਰ ਵਾਸੀ ਭਰਪੂਰ ਰਤੀਆ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਜਦੋਂ ਉਹ ਅਦਾਲਤ ਵਿੱਚ ਵਕੀਲ ਨੂੰ ਮਿਲਣ ਆਇਆ ਤਾਂ ਜਸਪਾਲ ਸਿੰਘ, ਦੀਪੂ ਜਾਟ, ਪਾਪਲੀ, ਰਵਿੰਦਰ ਉਰਫ਼ ਗਿਨੂ, ਬੱਬੂ ਉਰਫ਼ ਪੋਪਲ, ਕਾਲੀ, ਲਵਪ੍ਰੀਤ ਖੋਖਰ ਅਤੇ ਜਗਸੀਰ ਉਰਫ਼ ਜਾਗਰ ਨੇ ਇੱਕ ਗਿਰੋਹ ਬਣਾ ਕੇ ਉਸ ਉੱਤੇ ਹਮਲਾ ਕਰ ਦਿੱਤਾ। ਸ਼ਿਕਾਇਤਕਰਤਾ ਨੇ ਦੱਸਿਆ ਕਿ ਹਮਲੇ ਦੌਰਾਨ ਉਸ ਦੀ ਦੀ ਕੁੱਟਮਾਰ ਕੀਤੀ ਗਈ ਅਤੇ ਉਸ ਦੀ ਸੋਨੇ ਦੀ ਚੇਨ ਅਤੇ ਕਰੀਬ ਦੋ ਹਜ਼ਾਰ ਰੁਪਏ ਦੀ ਨਕਦੀ, ਪਰਸ ਅਤੇ ਹੋਰ ਕੀਮਤੀ ਦਸਤਾਵੇਜ਼ ਲੁੱਟ ਲਏ ਗਏ। ਸ਼ਿਕਾਇਤਕਰਤਾ ਦੇ ਬਿਆਨਾਂ ਦੇ ਅਧਾਰ ’ਤੇ ਪੁਲੀਸ ਸਟੇਸ਼ਨ ਰਤੀਆ ਸਿਟੀ ਨੇ ਕੇਸ ਦਰਜ ਕੀਤਾ ਹੈ। ਇਸੇ ਤਹਿਤ ਇਸ ਮਾਮਲੇ ਵਿੱਚ ਪੁਲੀਸ ਨੇ ਜਾਂਚ ਸ਼ੁਰੂ ਕੀਤੀ ਹੋਈ ਹੈ। ਜਾਂਚ ਦੌਰਾਨ ਹੁਣ ਤੱਕ ਪੁਲੀਸ ਨੇ ਅੱਠ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।