ਨਸ਼ਾ ਤਸਕਰ ਹੈਰੋਇਨ ਤੇ ਡਰੱਗ ਮਨੀ ਸਣੇ ਕਾਬੂ
ਹਰਿਆਣਾ ਨਾਰਕੋਟਿਕਸ ਕੰਟਰੋਲ ਬਿਊਰੋ ਦੀ ਫਰੀਦਾਬਾਦ ਟੀਮ ਨੇ ਪਲਵਲ ਜ਼ਿਲ੍ਹੇ ਵਿੱਚ ਛਾਪਾ ਮਾਰਿਆ ਅਤੇ ਇੱਕ ਵੱਡੇ ਨਸ਼ਾ ਤਸਕਰ ਨੂੰ ਗ੍ਰਿਫ਼ਤਾਰ ਕੀਤਾ, ਵੱਡੀ ਮਾਤਰਾ ਵਿੱਚ ਹੈਰੋਇਨ, ਲੱਖਾਂ ਰੁਪਏ ਦੀ ਨਕਦੀ ਸਮੇਤ ਹੋਰ ਨਸ਼ੀਲੇ ਪਦਾਰਥ ਜ਼ਬਤ ਕੀਤੇ ਹਨ। ਵੇਰਵੇ ਦਿੰਦਿਆਂ ਇੰਸਪੈਕਟਰ ਮਨੋਜ ਸਾਂਗਵਾਨ ਨੇ ਕਿਹਾ ਕਿ ਐੱਸ ਆਈ ਜੈਵੀਰ ਆਪਣੀ ਟੀਮ ਦੇ ਨਾਲ ਨਸ਼ੀਲੇ ਪਦਾਰਥਾਂ ਦੀ ਤਸਕਰੀ ਨੂੰ ਰੋਕਣ ਲਈ ਪਲਵਲ ਸ਼ਹਿਰ ਵਿੱਚ ਗਸ਼ਤ ਕਰ ਰਹੇ ਸਨ, ਜਦੋਂ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਵਿਅਕਤੀ ਨਿਊ ਕਲੋਨੀ ਵਿੱਚ ਨਸ਼ੀਲੇ ਪਦਾਰਥ ਵੇਚ ਰਿਹਾ ਹੈ। ਟੀਮ ਨੇ ਤੁਰੰਤ ਘੇਰਾਬੰਦੀ ਕੀਤੀ ਅਤੇ ਮੁਲਜ਼ਮ ਪਾਰਸ, ਜੋ ਕਿ ਪਲਵਲ ਜ਼ਿਲ੍ਹੇ ਦਾ ਰਹਿਣ ਵਾਲਾ ਹੈ, ਨੂੰ ਗ੍ਰਿਫ਼ਤਾਰ ਕਰ ਲਿਆ। ਇੱਕ ਸੀਨੀਅਰ ਅਧਿਕਾਰੀ ਦੀ ਮੌਜੂਦਗੀ ਵਿੱਚ ਮੁਲਜ਼ਮ ਦੀ ਤਲਾਸ਼ੀ ਲੈਣ ’ਤੇ 184 ਗ੍ਰਾਮ ਹੈਰੋਇਨ, 6.10 ਗ੍ਰਾਮ ਐੱਮ ਡੀ ਐੱਮ ਏ, ਅਤੇ 3,32,850 ਰੁਪਏ ਨਕਦੀ ਬਰਾਮਦ ਕੀਤੀ ਗਈ। ਜ਼ਬਤ ਕੀਤੀ ਗਈ ਹੈਰੋਇਨ ਅਤੇ ਐੱਮ ਡੀ ਐੱਮ ਏ ਦੀ ਕੀਮਤ ਗੈਰ-ਕਾਨੂੰਨੀ ਬਾਜ਼ਾਰ ਵਿੱਚ ਲਗਪਗ 50 ਲੱਖ ਰੁਪਏ ਦੱਸੀ ਜਾ ਰਹੀ। ਇਸ ਦੇ ਆਧਾਰ ’ਤੇ ਮੁਲਜ਼ਮ ਵਿਰੁੱਧ ਐੱਨ ਡੀ ਪੀ ਐੱਸ ਐਕਟ ਤਹਿਤ ਪੁਲੀਸ ਸਟੇਸ਼ਨ ਕੈਂਪ, ਪਲਵਲ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ। ਬਰਾਮਦ ਕੀਤੀ ਗਈ 3,32,850 ਰੁਪਏ ਦੀ ਨਕਦੀ ਦੀ ਵੱਡੀ ਰਕਮ ਦਰਸਾਉਂਦੀ ਹੈ ਕਿ ਮੁਲਜ਼ਮ ਪਾਰਸ ਲੰਮੇ ਸਮੇਂ ਤੋਂ ਨਸ਼ਾ ਤਸਕਰੀ ਵਿੱਚ ਸ਼ਾਮਲ ਹੈ ਅਤੇ ਇੱਕ ਸੰਗਠਿਤ ਨਸ਼ਾ ਤਸਕਰੀ ਗਰੋਹ ਦਾ ਹਿੱਸਾ ਹੋ ਸਕਦਾ ਹੈ। ਕਥਿਤ ਦੋਸ਼ੀ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ ਅਤੇ ਉਸ ਨੂੰ ਰਿਮਾਂਡ ’ਤੇ ਲਿਆ ਗਿਆ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।