ਕੌਮੀ ਰਾਜਧਾਨੀ ਦਾ ਦੀਵਾਲੀ ਮੇਲਾ ਸਮਾਪਤ
ਇਥੇ ਦੋ ਅਕਤੂਬਰ ਨੂੰ ਸ਼ੁਰੂ ਹੋਇਆ ਦੀਵਾਲੀ ਮੇਲਾ ਮੰਗਲਵਾਰ ਸ਼ਾਮ ਨੂੰ ਸਮਾਪਤ ਹੋਇਆ। ਰੰਗ-ਬਿਰੰਗੇ ਢੰਗ ਨਾਲ ਸਜਾਏ ਚੌਪਾਲ ਵਿੱਚ ਹੋਏ ਸਮਾਪਤੀ ਸਮਾਗਮ ਵਿੱਚ ਕੇਂਦਰੀ ਊਰਜਾ ਅਤੇ ਸ਼ਹਿਰੀ ਰਿਹਾਇਸ਼ ਮੰਤਰੀ ਮਨੋਹਰ ਲਾਲ ਮੁੱਖ ਮਹਿਮਾਨ ਸਨ। ਉਨ੍ਹਾਂ ਨੇ ਕਾਰੀਗਰਾਂ, ਬੁਣਕਰਾਂ ਅਤੇ ਸਟਾਲ ਸੰਚਾਲਕਾਂ ਨਾਲ ਉਨ੍ਹਾਂ ਦੇ ਕਾਰੋਬਾਰ ਬਾਰੇ ਗੱਲਬਾਤ ਕੀਤੀ। ਮੁੱਖ ਮਹਿਮਾਨ ਮਨੋਹਰ ਲਾਲ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਕਾਰੋਬਾਰ ਵਧਾਉਣ ਲਈ ਮੇਲੇ ਦੀ ਮਿਆਦ ਵਧਾਈ ਜਾਵੇਗੀ। ਸ੍ਰੀ ਖੱਟਰ ਨੇ ਕਿਹਾ ਕਿ ਰਾਜ ਦੇ ਸੈਰ-ਸਪਾਟਾ ਮੰਤਰੀ ਡਾ. ਅਰਵਿੰਦ ਸ਼ਰਮਾ ਨੇ ਇਸ ਸਮਾਗਮ ਦੀ ਪ੍ਰਧਾਨਗੀ ਕੀਤੀ। ਹਾਲਾਂ ਕਿ ਸ਼ਾਮ ਨੂੰ ਪਏ ਤੇਜ਼ ਮੀਂਹ ਨੇ ਦੁਕਾਨਦਾਰਾਂ ਦੀਆਂ ਆਖ਼ਰੀ ਦਿਨ ਖਰੀਦਦਾਰੀ ਹੋਣ ਦੀਆਂ ਉਮੀਦਾਂ ਉਪਰ ਪਾਣੀ ਫੇਰ ਦਿੱਤਾ। ਚੌਪਾਲ ਪਹੁੰਚਣ ਤੋਂ ਪਹਿਲਾਂ ਮੁੱਖ ਮਹਿਮਾਨ ਨੇ ਮੇਲੇ ਦੇ ਮੈਦਾਨ ਦਾ ਨਿਰੀਖਣ ਕੀਤਾ। ਸ੍ਰੀ ਖੱਟਰ ਨੇ ਕਿਹਾ ਕਿ ਇਸ ਦੀਵਾਲੀ ਮੇਲੇ ਵਿੱਚ ਪਿਛਲੇ ਸਾਲ ਦੇ ਮੁਕਾਬਲੇ ਕਾਰੋਬਾਰ ਵਧਿਆ ਜੋ ਲਗਭਗ ਪੰਜ ਕਰੋੜ ਰੁਪਏ ਦਾ ਕਾਰੋਬਾਰ ਹੋਇਆ ਹੈ। ਉਨ੍ਹਾਂ ਦੀਵਾਲੀ ਮੇਲੇ ਨੂੰ ਸਵਦੇਸ਼ੀ ਮੇਲਾ ਦੱਸਿਆ ਕਿ ਸਵੈ-ਨਿਰਭਰਤਾ ਲਈ ਸਵਦੇਸ਼ੀ ਉਤਪਾਦਾਂ ਨੂੰ ਉਤਸ਼ਾਹਿਤ ਕੀਤਾ ਜਾਵੇਗਾ। ਕੇਂਦਰੀ ਮੰਤਰੀ ਨੇ ਕਿਹਾ ਕਿ ਇਹ ਮੇਲਾ ਸਿਰਫ਼ ਸਾਮਾਨ ਵੇਚਣ ਦਾ ਮਾਧਿਅਮ ਨਹੀਂ ਹੈ, ਸਗੋਂ ਰਾਜ ਅਤੇ ਦੇਸ਼ ਦੇ ਅਮੀਰ ਸੱਭਿਆਚਾਰ, ਭੋਜਨ ਅਤੇ ਕੱਪੜਿਆਂ ਨੂੰ ਪ੍ਰਦਰਸ਼ਿਤ ਕਰਨ ਦਾ ਮੌਕਾ ਵੀ ਦਿੰਦਾ ਹੈ। ਸ੍ਰੀ ਖੱਟਰ ਨੇ ਕਿਹਾ ਕਿ ਉਹ ਮੁੱਖ ਮੰਤਰੀ ਨਾਇਬ ਸਿੰਘ ਨੂੰ ਸੁਝਾਅ ਦੇਣਗੇ ਕਿ ਸੂਰਜਕੁੰਡ ’ਚ ਨਿਯਮਤ ਗਤੀਵਿਧੀਆਂ ਹੋਣ।