ਸ਼ਾਈਨਿੰਗ ਸਟਾਰ ਪ੍ਰੀ-ਸਕੂਲ ’ਚ ਦੀਵਾਲੀ ਮਨਾਈ
ਮਾਡਲ ਟਾਊਨ ਸਥਿਤ ਸ਼ਾਈਨਿੰਗ ਸਟਾਰ ਪ੍ਰੀ-ਸਕੂਲ ਦੇ ਨੰਨ੍ਹੇ-ਮੁੰਨ੍ਹੇ ਬੱਚਿਆਂ ਅਤੇ ਸਮੂਹ ਸਟਾਫ਼ ਨੇ ਦੀਵਾਲੀ ਦਾ ਤਿਉਹਾਰ ਪੂਰੇ ਉਤਸ਼ਾਹ ਅਤੇ ਧੂਮ-ਧਾਮ ਨਾਲ ਮਨਾਇਆ। ਇਸ ਮੌਕੇ ਸਕੂਲ ਨੂੰ ਰੰਗ-ਬਿਰੰਗੀਆਂ ਲੜੀਆਂ ਅਤੇ ਫੁੱਲਾਂ ਨਾਲ ਸਜਾਇਆ ਗਿਆ ਸੀ, ਜਿਸ ਨਾਲ ਮਾਹੌਲ ਪੂਰੀ ਤਰ੍ਹਾਂ ਤਿਉਹਾਰੀ ਬਣਿਆ ਹੋਇਆ ਸੀ। ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਅਧਿਆਪਕਾਂ ਨੇ ਬੱਚਿਆਂ ਨੂੰ ਰਾਮਾਇਣ ਦਾ ਇੱਕ ਹਿੱਸਾ ਐਨੀਮੇਟਡ ਵੀਡੀਓ ਰਾਹੀਂ ਦਿਖਾਇਆ ਅਤੇ ਕਹਾਣੀ ਸੁਣਾ ਕੇ ਦੀਵਾਲੀ ਦੇ ਤਿਉਹਾਰ ਦਾ ਮਹੱਤਵ ਸਮਝਾਇਆ ਕਿ ਕਿਵੇਂ ਬੁਰਾਈ ’ਤੇ ਸੱਚਾਈ ਦੀ ਜਿੱਤ ਹੁੰਦੀ ਹੈ। ਇਸ ਮੌਕੇ ਬੱਚਿਆਂ ਦੀ ਰਚਨਾਤਮਕਤਾ ਨੂੰ ਉਤਸ਼ਾਹਿਤ ਕਰਨ ਲਈ ਕਈ ਮੁਕਾਬਲੇ ਕਰਵਾਏ ਗਏ। ਇਨ੍ਹਾਂ ਵਿੱਚ ਦੀਵੇ ਸਜਾਉਣ, ਮੋਮਬੱਤੀ ਬਣਾਉਣ ਅਤੇ ‘ਬੈਸਟ ਆਊਟ ਆਫ਼ ਵੇਸਟ’ ਤਹਿਤ ਰਹਿੰਦ-ਖੂੰਹਦ ਦੀ ਵਰਤੋਂ ਕਰਕੇ ਕੰਧ-ਸਜਾਵਟ ਦਾ ਸਾਮਾਨ ਬਣਾਉਣਾ ਸ਼ਾਮਲ ਸੀ। ਵਾਤਾਵਰਨ-ਪੱਖੀ ਸੰਦੇਸ਼ ਦਿੰਦਿਆਂ ਇੱਕ ਵਿਸ਼ੇਸ਼ ਰੰਗੋਲੀ ਮੁਕਾਬਲਾ ਵੀ ਕਰਵਾਇਆ ਗਿਆ, ਜਿਸ ਵਿੱਚ ਰਸਾਇਣਕ ਰੰਗਾਂ ਦੀ ਥਾਂ ਸਿਰਫ਼ ਤਾਜ਼ੇ ਅਤੇ ਰੰਗੀਨ ਫੁੱਲਾਂ ਦੀ ਵਰਤੋਂ ਕੀਤੀ ਗਈ। ਸਾਰੇ ਮੁਕਾਬਲਿਆਂ ਦੇ ਜੇਤੂ ਬੱਚਿਆਂ ਨੂੰ ਪਹਿਲਾ, ਦੂਜਾ ਅਤੇ ਤੀਜਾ ਇਨਾਮ ਦਿੱਤਾ ਗਿਆ।
ਆਰੀਆ ਕੰਨਿਆ ਕਾਲਜ ’ਚ ਦੀਵਾਲੀ ਮਨਾਈ
ਸ਼ਾਹਬਾਦ ਮਾਰਕੰਡਾ (ਪੱਤਰ ਪ੍ਰੇਰਕ): ਸਥਾਨਕ ਆਰੀਆ ਕੰਨਿਆ ਕਾਲਜ ਦੇ ਅਰਥ ਸ਼ਾਸਤਰ ਵਿਭਾਗ ਵੱਲੋਂ ‘ਦੀਵਾਲੀ: ਰੌਸ਼ਨੀ ਤੇ ਖੁਸ਼ਹਾਲੀ ਦਾ ਤਿਉਹਾਰ’ ਵਿਸ਼ੇ ’ਤੇ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਦੀਵਾਲੀ ਦੇ ਤਿਉਹਾਰ ਦੇ ਸਮਾਜਿਕ ਅਤੇ ਆਰਥਿਕ ਮਹੱਤਵ ਨੂੰ ਉਜਾਗਰ ਕਰਨਾ ਅਤੇ ਵਿਦਿਆਰਥਣਾਂ ਵਿੱਚ ਸਕਾਰਾਤਮਕਤਾ, ਗਿਆਨ ਅਤੇ ਆਰਥਿਕ ਜਾਗਰੂਕਤਾ ਨੂੰ ਉਤਸ਼ਾਹਿਤ ਕਰਨਾ ਸੀ। ਪ੍ਰੋਗਰਾਮ ਦੀ ਸ਼ੁਰੂਆਤ ਕਾਲਜ ਦੀ ਪ੍ਰਿੰਸੀਪਲ ਡਾ. ਆਰਤੀ ਤਰੇਹਨ ਵੱਲੋਂ ਕੀਤੀ ਗਈ। ਇਸ ਮੌਕੇ ਪਹਿਲੇ ਸਾਲ ਦੀ ਵਿਦਿਆਰਥਣ ਸ਼ਿਵਾਨੀ ਨੇ ਕਾਲਜ ਪ੍ਰਿੰਸੀਪਲ ਅਤੇ ਸਮੂਹ ਅਧਿਆਪਕਾਂ ਦਾ ਰਸਮੀ ਤੌਰ ’ਤੇ ਸਵਾਗਤ ਕੀਤਾ। ਅਰਥ ਸ਼ਾਸਤਰ ਵਿਭਾਗ ਦੀ ਮੁਖੀ, ਪ੍ਰੋ. ਨਵਨੀਤ ਕੌਰ ਨੇ ਆਪਣੇ ਸੰਬੋਧਨ ਵਿੱਚ ਦੀਵਾਲੀ ਨੂੰ ਇੱਕ ਨਵੇਂ ਆਰਥਿਕ ਦ੍ਰਿਸ਼ਟੀਕੋਣ ਨਾਲ ਪੇਸ਼ ਕੀਤਾ। ਉਨ੍ਹਾਂ ਸਮਝਾਇਆ ਕਿ ਇਹ ਤਿਉਹਾਰ ਸਾਨੂੰ ਸੰਤੁਲਿਤ ਵਿਕਾਸ, ਸੋਚ-ਸਮਝ ਕੇ ਕੀਤੀ ਗਈ ਖਪਤ, ਬੱਚਤ ਅਤੇ ਭਵਿੱਖ ਲਈ ਨਿਵੇਸ਼ ਵਰਗੇ ਅਰਥ ਸ਼ਾਸਤਰ ਦੇ ਬੁਨਿਆਦੀ ਸਿਧਾਂਤਾਂ ਦੀ ਯਾਦ ਦਿਵਾਉਂਦਾ ਹੈ।