ਜ਼ਿਲ੍ਹਾ ਮੈਜਿਸਟਰੇਟ ਵੱਲੋਂ ਸਫ਼ਾਈ ਮੁਹਿੰਮ ਸ਼ੁਰੂ
ਜ਼ਿਲ੍ਹਾ ਮੈਜਿਸਟਰੇਟ ਅਮਨ ਕੁਮਾਰ ਨੇ ਕਿਹਾ ਕਿ ਕਿਸੇ ਵੀ ਸਫ਼ਾਈ ਮੁਹਿੰਮ ਨੂੰ ਜਨਤਾ ਦੇ ਸਹਿਯੋਗ ਤੋਂ ਬਿਨਾਂ ਚਲਾਉਣਾ ਅਤੇ ਪੂਰਾ ਕਰਨਾ ਮੁਸ਼ਕਲ ਹੈ। ‘ਮੇਰਾ ਕੁਰੂਕਸ਼ੇਤਰ ਮੇਰਾ ਅਭਿਮਾਨ’ ਮੁਹਿੰਮ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਹਰਿਆਣਾ ਸ਼ਹਿਰੀ ਸਫ਼ਾਈ ਮੁਹਿੰਮ ਤਹਿਤ ਸ਼ੁਰੂ ਕੀਤੀ ਜਾ ਰਹੀ ਹੈ। ਇਸ ਮੁਹਿੰਮ ਤਹਿਤ ਸ਼ਹਿਰ ਦੇ ਵੱਖ-ਵੱਖ ਖੇਤਰਾਂ ਦੀ ਹਰ ਰੋਜ਼ ਸਫ਼ਾਈ ਕੀਤੀ ਜਾ ਰਹੀ ਹੈ। ਐਤਵਾਰ ਨੂੰ ‘ਸਵੱਛ ਕੁਰੂਕਸ਼ੇਤਰ ਮੁਹਿੰਮ’ ਤਹਿਤ ਹਰਮਨ ਸਿਟੀ ਰੈਜ਼ੀਡੈਂਟ ਵੈੱਲਫੇਅਰ ਸੁਸਾਇਟੀ ਵਿੱਚ ਸਫ਼ਾਈ ਮੁਹਿੰਮ ਚਲਾਈ ਗਈ।
ਉਨ੍ਹਾਂ ਕਿਹਾ ਕਿ ਸਮਾਜ ਦੇ ਸਾਰੇ ਨਾਗਰਿਕਾਂ, ਜਿਨ੍ਹਾਂ ਵਿੱਚ ਬੱਚੇ, ਬਜ਼ੁਰਗ ਅਤੇ ਔਰਤਾਂ ਸ਼ਾਮਲ ਹਨ, ਨੇ ਆਪਣੀ ਮਿਹਨਤ ਦਾ ਯੋਗਦਾਨ ਪਾਇਆ ਅਤੇ ਪੂਰੇ ਖੇਤਰ ਨੂੰ ਚੰਗੀ ਤਰ੍ਹਾਂ ਸਾਫ਼ ਕੀਤਾ। ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਸਮਾਜ ਦੇ ਨਾਗਰਿਕ ਭਵਿੱਖ ਵਿੱਚ ਵੀ ਇਸ ਮੁਹਿੰਮ ਨੂੰ ਜਾਰੀ ਰੱਖਣਗੇ। ਅਜਿਹੇ ਯਤਨ ਸਾਰਿਆਂ ਲਈ ਪ੍ਰੇਰਨਾਦਾਇਕ ਹਨ। ਸੁਸਾਇਟੀ ਦੇ ਜਨਰਲ ਸਕੱਤਰ ਰਘੁਬੀਰ ਆਰੀਆ ਨੇ ਕਿਹਾ ਕਿ ਨਗਰ ਕੌਂਸਲ ਟੀਮ ਵੱਲੋਂ ਹਰਮਨ ਸਿਟੀ ਵਿੱਚ ਵੀ ਸਫ਼ਾਈ ਮੁਹਿੰਮ ਚਲਾਈ ਜਾਣੀ ਚਾਹੀਦੀ ਹੈ। ਸੁਸਾਇਟੀ ਦੇ ਪ੍ਰਧਾਨ ਰਾਕੇਸ਼ ਭਾਰਦਵਾਜ ਨੇ ਕਿਹਾ ਕਿ ਪਹਿਲਾਂ ਵੀ ਵਸਨੀਕਾਂ ਵੱਲੋਂ ਸਫ਼ਾਈ ਮੁਹਿੰਮਾਂ ਚਲਾਈਆਂ ਗਈਆਂ ਹਨ। ਇਸ ਸਫ਼ਾਈ ਮੁਹਿੰਮ ਵਿੱਚ ਹੈਫੇਡ ਦੇ ਜਨਰਲ ਮੈਨੇਜਰ ਅਤੇ ਕਾਰਜਕਾਰੀ ਮੈਂਬਰ ਸ਼ਮਸ਼ੇਰ ਸੈਣੀ, ਮੀਤ ਪ੍ਰਧਾਨ ਰਘਬੀਰ ਸਿੰਘ ਗਿੱਲ, ਕਾਰਜਕਾਰੀ ਮੈਂਬਰ ਕੈਲਾਸ਼ ਸੈਣੀ, ਮਹਿੰਦਰ ਸਿੰਘ ਦਰਦ ਤੇ ਹੋਰਾਂ ਨੇ ਹਿੱਸਾ ਲਿਆ।