ਜ਼ਿਲ੍ਹਾ ਪੱਧਰੀ ਗੀਤਾ ਮਹਾਉਤਸਵ ਸਮਾਪਤ
ਇੱਥੇ ਦੀਵਾਨ ਬਾਲ ਕ੍ਰਿਸ਼ਨ ਰੰਗਸ਼ਾਲਾ ਵਿੱਚ ਜ਼ਿਲ੍ਹਾ ਪੱਧਰੀ ਗੀਤਾ ਮਹਾਂਉਤਸਵ ਅੱਜ ਸਮਾਪਤ ਹੋ ਗਿਆ ਹੈ। ਸਮਾਪਤੀ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਹਰਿਆਣਾ ਵਿਧਾਨ ਸਭਾ ਦੇ ਡਿਪਟੀ ਸਪੀਕਰ ਡਾ. ਕ੍ਰਿਸ਼ਨ ਮਿੱਢਾ ਨੇ ਸ਼ਿਰਕਤ ਕੀਤੀ। ਇਸ ਦੌਰਾਨ ਉਨ੍ਹਾਂ ਐਲਾਨ ਕੀਤਾ ਕਿ ਜੀਂਦ ਵਿੱਚ ਜਗ੍ਹਾ ਮਿਲਣ ’ਤੇ ਗੀਤਾ ਚੌਕ ਸਥਾਪਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸ੍ਰੀਮਦ ਭਗਵਦ ਗੀਤਾ ਸਾਡੀ ਸੰਸਕ੍ਰਿਤਕ ਧਰੋਹਰ ਹੈ ਅਤੇ ਇਸ ਦੇ ਪਵਿੱਤਰ ਸੁਨੇਹੇ ਨੂੰ ਲੋਕਾਂ ਤੱਕ ਪਹੁੰਚਾਉਣਾ ਚਾਹੀਦਾ ਹੈ। ਗੀਤਾ ਤੇ ਰਮਾਇਣ ਦੋ ਅਜਿਹੇ ਗਰੰਥ ਹਨ ਜੋ ਜੀਵਨ ਜਿਊਣ ਦੀ ਕਲਾ ਸਿਖਾਉਂਦੇ ਹਨ। ਇਸ ਮੌਕੇ ਨਗਰ ਪਰਿਸ਼ਦ ਦੀ ਚੇਅਰਪਰਸਨ ਡਾ. ਅਨੁਰਾਧਾ ਸੈਣੀ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ ਤੇ ਡੀ ਆਈ ਪੀ ਆਰ ਓ ਕ੍ਰਿਸ਼ਨ ਕੁਮਾਰ, ਜ਼ਿਲ੍ਹਾ ਸਿੱਖਿਆ ਅਧਿਕਾਰੀ ਰੋਹਤਾਸ਼ ਵਰਮਾ, ਸੀ ਡੀ ਪੀ ਓ ਸੰਤੋਸ਼ ਯਾਦਵ, ਰਾਜੇਸ਼ ਸਰੂਪ ਸਾਸ਼ਤਰੀ, ਦੇਸ਼ ਰਾਜ, ਮਾਸਟਰ ਰਾਮ ਪ੍ਰਸਾਦ ਤੇ ਸੀਮਾ ਮਲਿਕ ਆਦਿ ਹਾਜ਼ਰ ਸਨ। ਡਾ. ਮਿੱਢਾ ਨੇ ਕਿਹਾ ਕਿ ਗੀਤਾ ਦੀ ਸਿੱਖਿਆਵਾਂ ਜੀਵਨ ਨੂੰ ਅਨੁਸਾਸ਼ਿਤ, ਸਤੁੰਲਿਤ ਅਤੇ ਸਕਾਰਆਤਮਕ ਦਿਸ਼ਾ ਵੱਲ ਜਾਣ ਦੀ ਹੀ ਪ੍ਰੇਰਣਾ ਦਿੰਦੀਆਂ ਹਨ। ਗੀਤਾ ਵਿਅਕਤੀ ਨੂੰ ਇਹ ਸਮਝਾਉਂਦੀ ਹੈ ਕਿ ਹਾਲਾਤ ਕਿਹੋ ਜਿਹੇ ਵੀ ਹੋਣ, ਆਪਣੇ ਫ਼ਰਜ਼ਾਂ ਦੀ ਪਾਲਣਾ ਦ੍ਰਿੜਤਾ ਅਤੇ ਨਿਸਵਾਰਥ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਜੀਂਦ ਵਿੱਚ ਗੀਤਾ ਚੌਕ ਲਈ ਜਗ੍ਹਾ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਥਾਂ ਮਿਲਣ ਸਾਰ ਜੀਂਦ ਵਿੱਚ ਵੀ ਗੀਤਾ ਚੌਕ ਬਣਾਇਆ ਜਾਵੇਗਾ। ਇਸ ਮੌਕੇ ਡਿਪਟੀ ਸਪੀਕਰ ਨੇ ਪ੍ਰਦਰਸ਼ਨੀ ਦਾ ਨਿਰਖਣ ਵੀ ਕੀਤਾ ਤੇ ਪ੍ਰੋਗਰਾਮ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੀ ਟੀਮਾਂ ਦਾ ਸਨਮਾਨ ਕੀਤਾ।
