ਹਰਿਆਣੇ ਦਾ ਧਾਰੂਹੇੜਾ ਸਭ ਤੋਂ ਵੱਧ ਪ੍ਰਦੂਿਸ਼ਤ
ਦੀਵਾਲੀ ਦੇ ਜਸ਼ਨ ਖਤਮ ਹੋਣ ਤੋਂ ਬਾਅਦ ਇਸ ਦੇ ਨਤੀਜੇ ਪ੍ਰਦੂਸ਼ਣ ਦੇ ਰੂਪ ਵਿੱਚ ਸਾਹਮਣੇ ਆ ਰਹੇ ਹਨ। ਦਿੱਲੀ ਸਮੇਤ ਦੇਸ਼ ਦੇ ਕਈ ਵੱਡੇ ਸ਼ਹਿਰਾਂ ਵਿੱਚ ਹਵਾ ਦੀ ਗੁਣਵੱਤਾ ‘ਬਹੁਤ ਖ਼ਰਾਬ’ ਹੋ ਗਈ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਵਾਰ ਸਿਰਫ਼ ਕੌਮੀ ਰਾਜਧਾਨੀ ਹੀ ਨਹੀਂ, ਸਗੋਂ ਹਰਿਆਣਾ ਦੇ ਧਾਰੂਹੇੜਾ ਨੇ ਦੇਸ਼ ਭਰ ਦੇ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰਾਂ ਦੀ ਸੂਚੀ ਵਿੱਚ ਸਿਖਰਲਾ ਸਥਾਨ ਹਾਸਲ ਕੀਤਾ ਹੈ।
ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅੰਕੜਿਆਂ ਅਨੁਸਾਰ 22 ਅਕਤੂਬਰ ਨੂੰ ਸਵੇਰੇ 7:10 ਵਜੇ ਧਾਰੂਹੇੜਾ ਦਾ ਹਵਾ ਗੁਣਵੱਤਾ ਸੂਚਕ ਅੰਕ (ਏ ਕਿਊ ਆਈ) 393 ਦਰਜ ਕੀਤਾ ਗਿਆ, ਜੋ ਕਿ ‘ਗੰਭੀਰ’ ਸ਼੍ਰੇਣੀ ਦੇ ਬਹੁਤ ਨੇੜੇ ਹੈ। ਉਸੇ ਸਮੇਂ ਦਿੱਲੀ ਦਾ ਔਸਤ ਏ ਕਿਊ ਆਈ 345 ਰਿਹਾ। ਦਿੱਲੀ ਦੇ ਕਈ ਪ੍ਰਦੂਸ਼ਣ ਮਾਪਣ ਵਾਲੇ ਕੇਂਦਰਾਂ ’ਤੇ ਏਕਿਊਆਈ 300 ਤੋਂ 400 ਦੇ ਵਿਚਕਾਰ ਦਰਜ ਕੀਤਾ ਗਿਆ, ਜਿਸ ਕਾਰਨ ਲੋਕਾਂ ਨੂੰ ਸਾਹ ਲੈਣ ਵਿੱਚ ਮੁਸ਼ਕਿਲ ਅਤੇ ਅੱਖਾਂ ਵਿੱਚ ਜਲਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦਿੱਲੀ ਦੇ ਪੰਜਾਬੀ ਬਾਗ (416) ਅਤੇ ਨਹਿਰੂ ਨਗਰ (401) ’ਚ ਤਾਂ ਹਵਾ ‘ਗੰਭੀਰ’ ਸ਼੍ਰੇਣੀ ਵਿੱਚ ਪਹੁੰਚ ਗਈ। ਜਾਣਕਾਰੀ ਅਨੁਸਾਰ ਦੀਵਾਲੀ ਤੋਂ ਬਾਅਦ ਜੀਂਦ ਵਿੱਚ ਏ ਕਿਊ ਆਈ 386, ਨਾਰਨੌਲ ਵਿੱਚ 370, ਚਰਖੀ ਦਾਦਰੀ ਵਿੱਚ 364, ਰੋਹਤਕ ਵਿੱਚ 350, ਦਿੱਲੀ ਵਿੱਚ 345, ਯਮੁਨਾਨਗਰ ਵਿੱਚ 345, ਭਿਵਾੜੀ ਵਿੱਚ 332, ਸਿਰਸਾ ਵਿੱਚ 330, ਗੋਰਖਪੁਰ ਵਿੱਚ 330, ਗੁਰੂਗ੍ਰਾਮ ਵਿੱਚ 311, ਬੱਲਭਗੜ੍ਹ ਵਿੱਚ 308, ਫਤਿਹਾਬਾਦ ਵਿੱਚ 307 ਅਤੇ ਗਾਜ਼ੀਆਬਾਦ ਵਿੱਚ 307 ਦਰਜ ਗਿਆ।
ਪ੍ਰਦੂਸ਼ਣ ਦੇ ਇਸ ਵਾਧੇ ਪਿੱਛੇ ਸਿਆਸਤ ਵੀ ਗਰਮਾ ਗਈ ਹੈ। ਦਿੱਲੀ ਦੀ ਭਾਜਪਾ ਸਰਕਾਰ ਨੇ ਇਸ ਲਈ ‘ਆਪ’ ਸ਼ਾਸਿਤ ਪੰਜਾਬ ਵਿੱਚ ਪਰਾਲੀ ਸਾੜਨ ਦੀਆਂ ਘਟਨਾਵਾਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਹਾਲਾਂਕਿ ਇਹ ਪ੍ਰਦੂਸ਼ਣ ਅਜਿਹੇ ਸਮੇਂ ਵਧਿਆ ਹੈ ਜਦੋਂ ਸੁਪਰੀਮ ਕੋਰਟ ਨੇ ਦਿੱਲੀ-ਐੱਨ ਸੀ ਆਰ ਵਿੱਚ ਪਟਾਕਿਆਂ ’ਤੇ ਲੱਗੀ ਪੁਰਾਣੀ ਪਾਬੰਦੀ ਨੂੰ ਹਟਾ ਕੇ ਸੀਮਤ ਸਮੇਂ ਲਈ ਗ੍ਰੀਨ ਪਟਾਕੇ ਚਲਾਉਣ ਦੀ ਇਜਾਜ਼ਤ ਦਿੱਤੀ ਸੀ। ਪਰ ਦੀਵਾਲੀ ਦੀ ਰਾਤ ਨੂੰ ਬਹੁਤ ਸਾਰੇ ਲੋਕਾਂ ਨੇ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਦੀ ਉਲੰਘਣਾ ਕੀਤੀ, ਜਿਸ ਨਾਲ ਹਵਾ ਦੀ ਗੁਣਵੱਤਾ ਹੋਰ ਵੀ ਵਿਗੜ ਗਈ।
ਦੀਵਾਲੀ ਦੀ ਰਾਤ ਕਈ ਹਵਾ ਗੁਣਵੱਤਾ ਨਿਗਰਾਨੀ ਸਟੇਸ਼ਨ ਰਹੇ ਬੰਦ
ਨਵੀਂ ਦਿੱਲੀ (ਪੱਤਰ ਪ੍ਰੇਰਕ): ਦੀਵਾਲੀ ਦੀ ਰਾਤ ਜਿਸ ਵੇਲੇ ਪਟਾਕਿਆਂ ਕਾਰਨ ਦਿੱਲੀ ਦਾ ਪ੍ਰਦੂਸ਼ਣ ਆਪਣੇ ਸਿਖਰ ਵੱਲ ਵੱਧ ਰਿਹਾ ਸੀ, ਉਸ ਨਾਜ਼ੁਕ ਸਮੇਂ ਦੌਰਾਨ ਸ਼ਹਿਰ ਦੇ ਜ਼ਿਆਦਾਤਰ ਹਵਾ ਗੁਣਵੱਤਾ ਨਿਗਰਾਨੀ ਸਟੇਸ਼ਨ ਕਈ ਘੰਟਿਆਂ ਤੱਕ ਬੰਦ ਰਹੇ। ਇਸ ਵੱਡੀ ਤਕਨੀਕੀ ਖਾਮੀ ਕਾਰਨ ਉਸ ਅਹਿਮ ਸਮੇਂ ਦੌਰਾਨ ਦਿੱਲੀ ਦੇ ਪ੍ਰਦੂਸ਼ਣ ਦੇ ਅਸਲ ਪੱਧਰ ਨੂੰ ਸਹੀ ਢੰਗ ਨਾਲ ਮਾਪਿਆ ਹੀ ਨਹੀਂ ਜਾ ਸਕਿਆ, ਜਿਸ ਨਾਲ ਸਰਕਾਰੀ ਅੰਕੜਿਆਂ ਦੀ ਭਰੋਸੇਯੋਗਤਾ ’ਤੇ ਗੰਭੀਰ ਸਵਾਲ ਖੜ੍ਹੇ ਹੋ ਗਏ ਹਨ। ਇੱਕ ਰਿਪੋਰਟ ਅਨੁਸਾਰ ਦਿੱਲੀ ਦੇ ਕੁੱਲ 39 ਹਵਾ ਗੁਣਵੱਤਾ ਨਿਗਰਾਨੀ ਸਟੇਸ਼ਨਾਂ ’ਚੋਂ ਸਿਰਫ਼ ਨੌਂ ਕੇਂਦਰਾਂ ਨੇ ਹੀ ਸੋਮਵਾਰ ਦੀ ਅੱਧੀ ਰਾਤ ਤੋਂ ਮੰਗਲਵਾਰ ਸਵੇਰੇ 11 ਵਜੇ ਤੱਕ ਦੇ ਪੂਰੇ ਅੰਕੜੇ ਜਾਰੀ ਕੀਤੇ। ਇਸ ਦਾ ਮਤਲਬ ਹੈ ਕਿ ਦਿੱਲੀ ਦੇ ਨਿਗਰਾਨੀ ਨੈੱਟਵਰਕ ਦਾ ਸਿਰਫ਼ 23 ਫੀਸਦੀ ਹਿੱਸਾ ਹੀ ਸਹੀ ਢੰਗ ਨਾਲ ਕੰਮ ਕਰ ਰਿਹਾ ਸੀ, ਜਦਕਿ ਬਾਕੀ ਦੇ 77 ਫੀਸਦੀ ਸਟੇਸ਼ਨਾਂ ’ਤੇ ਇੱਕ ਤੋਂ ਲੈ ਕੇ ਨੌਂ ਘੰਟਿਆਂ ਤੱਕ ਦਾ ‘ਬਲੈਕਆਊਟ’ (ਡੇਟਾ ਰਿਕਾਰਡ ਨਾ ਹੋਣਾ) ਰਿਹਾ। ਰਿਪੋਰਟ ਅਨੁਸਾਰ ਦਵਾਰਕਾ ਸੈਕਟਰ-8 ਸਥਿਤ ਸਟੇਸ਼ਨ ਨੇ 36 ਘੰਟਿਆਂ ਵਿੱਚੋਂ ਸਿਰਫ਼ 27 ਘੰਟਿਆਂ ਲਈ ਹੀ ਡਾਟਾ ਰਿਕਾਰਡ ਕੀਤਾ। ਇਸੇ ਤਰ੍ਹਾਂ ਜਵਾਹਰ ਲਾਲ ਨਹਿਰੂ ਸਟੇਡੀਅਮ, ਨਹਿਰੂ ਨਗਰ, ਪਟਪੜਗੰਜ ਅਤੇ ਆਰ.ਕੇ. ਪੁਰਮ ਵਰਗੇ ਪ੍ਰਮੁੱਖ ਇਲਾਕਿਆਂ ਦੇ ਸਟੇਸ਼ਨਾਂ ਤੋਂ ਲਗਪਗ ਅੱਠ-ਅੱਠ ਘੰਟੇ ਕੋਈ ਰੀਡਿੰਗ ਨਹੀਂ ਮਿਲ ਸਕੀ। ਦਸ ਹੋਰ ਪ੍ਰਮੁੱਖ ਨਿਗਰਾਨੀ ਕੇਂਦਰ ਛੇ ਘੰਟੇ ਜਾਂ ਇਸ ਤੋਂ ਵੱਧ ਸਮੇਂ ਲਈ ਹਨੇਰੇ ਵਿੱਚ ਰਹੇ। ਇਸ ਵੱਡੀ ਲਾਪਰਵਾਹੀ ਕਾਰਨ ਇਹ ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਦਿੱਲੀ ਦਾ ਅਸਲ ਪ੍ਰਦੂਸ਼ਣ ਦਾ ਪੱਧਰ ਦਰਜ ਕੀਤੇ ਗਏ ਅੰਕੜਿਆਂ ਨਾਲੋਂ ਕਿਤੇ ਵੱਧ ਹੋ ਸਕਦਾ ਹੈ।