ਦੇਵਵਰਤ ਵੱਲੋਂ ਕਿਸਾਨਾਂ ਨੂੰ ਕੁਦਰਤੀ ਖੇਤੀ ਕਰਨ ਦਾ ਸੱਦਾ
ਪੱਤਰ ਪ੍ਰੇਰਕ
ਯਮੁਨਾ ਨਗਰ, 23 ਫਰਵਰੀ
ਗੁਜਰਾਤ ਦੇ ਰਾਜਪਾਲ ਅਚਾਰੀਆ ਦੇਵਵਰਤ ਨੇ ਕਿਸਾਨਾਂ ਨੂੰ ਕੁਦਰਤੀ ਖੇਤੀ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਕੁਦਰਤੀ ਖੇਤੀ ਨਾਲ ਆਮਦਨ ਵਧਾਈ ਜਾ ਸਕਦੀ ਹੈ। ਰਾਜਪਾਲ ਅਚਾਰੀਆ ਦੇਵਵਰਤ ਅੱਜ ਸਰਕਾਰੀ ਹਾਈ ਸਕੂਲ ਮੰਧਾਰ ਵਿੱਚ 51ਵੇਂ ਸਾਲਾਨਾ ਆਰੀਆ ਸਮਾਜ ਉਤਸਵ ਦੌਰਾਨ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਰਾਜਪਾਲ ਨੇ ਕਿਹਾ ਕਿ ਇਹ ਪਿੰਡ ਉਨ੍ਹਾਂ ਲਈ ਬੇਗਾਨਾ ਨਹੀਂ ਹੈ, ਸਗੋਂ ਉਹ ਇਸ ਪਿੰਡ ਦੇ ਹੀ ਮੈਂਬਰ ਹਨ। ਉਨ੍ਹਾਂ ਕਿਹਾ, ‘‘ਮੈਂ ਕਈ ਸਾਲਾਂ ਬਾਅਦ ਇਸ ਪਿੰਡ ਵਿੱਚ ਆਇਆ ਹਾਂ। ਇਸ ਤੋਂ ਪਹਿਲਾਂ ਹਰ ਸਾਲ ਆਰੀਆ ਸਮਾਜ ਦੇ ਸਾਲਾਨਾ ਉਤਸਵ ’ਤੇ ਪਿੰਡ ਮੰਧਾਰ ਵਿੱਚ ਆਉਂਦਾ ਸੀ।’’ ਉਨ੍ਹਾਂ ਕਿਹਾ ਕਿ ਉਹ ਮੰਧਾਰ ਦੇ ਬਜ਼ੁਰਗਾਂ ਨੂੰ 51 ਸਾਲ ਪਹਿਲਾਂ ਪਿੰਡ ਵਿੱਚ ਨਸ਼ਾ ਮੁਕਤੀ ਸਬੰਧੀ ਪਰੰਪਰਾ ਦੀ ਸ਼ੁਰੂਆਤ ਕਰਨ ਲਈ ਵਧਾਈ ਦਿੰਦੇ ਹਨ। ਹਿਮਾਚਲ ਪ੍ਰਦੇਸ਼ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਹਿਮਾਚਲ ਪ੍ਰਦੇਸ਼ ਵਿੱਚ ਇੱਕ ਪਿੰਡ ਵੀ ਅਜਿਹਾ ਨਹੀਂ ਹੈ ਜੋ ਕੁਦਰਤੀ ਖੇਤੀ ਨਾਲ ਜੁੜਿਆ ਨਾ ਹੋਵੇ। ਉਨ੍ਹਾਂ ਕਿਹਾ ਕਿ ਇਸ ਸਮੇਂ ਗੁਜਰਾਤ ਵਿੱਚ ਵੀ ਲਗਭਗ 10 ਲੱਖ ਕਿਸਾਨਾਂ ਨੇ ਕੁਦਰਤੀ ਖੇਤੀ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕੁਦਰਤੀ ਖੇਤੀ ਵਿੱਚ ਝਾੜ ਵਧਦਾ ਹੈ। ਉਨ੍ਹਾਂ ਕਿਹਾ ਕਿ ਕੁਦਰਤੀ ਖੇਤੀ ਦੇ ਨਾਲ-ਨਾਲ ਕਿਸਾਨਾਂ ਨੂੰ ਦੇਸੀ ਗਾਵਾਂ ਵੀ ਪਾਲਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਕੁਦਰਤੀ ਖੇਤੀ ਨਾਲ ਜੁੜਕ ਕੇ ਕਿਸਾਨ ਵੱਧ ਮੁਨਾਫ਼ਾ ਕਮਾ ਸਕਦੇ ਹਨ। ਇਸ ਲਈ ਕਿਸਾਨਾਂ ਨੂੰ ਕੁਦਰਤੀ ਖੇਤੀ ਕਰਨੀ ਚਾਹੀਦੀ ਹੈ। ਇਸ ਮੌਕੇ ਹਰਿਆਣਾ ਦੇ ਖੇਤੀਬਾੜੀ ਮੰਤਰੀ ਸ਼ਿਆਮ ਸਿੰਘ ਰਾਣਾ, ਰਾਦੌਰ ਦੇ ਐੱਸਡੀਐੱਮ ਨਰਿੰਦਰ ਕੁਮਾਰ, ਡੀਐੱਸਪੀ ਆਸ਼ੀਸ਼ ਚੌਧਰੀ, ਗੁਰੂਕੁਲ ਕਮੇਟੀ ਦੇ ਵਾਈਸ ਚੇਅਰਮੈਨ ਮਾਸਟਰ ਸਤਪਾਲ ਕੰਬੋਜ, ਪਿੰਡ ਦੀ ਸਰਪੰਚ ਪ੍ਰੀਤੀ ਕੰਬੋਜ, ਆਰੀਆ ਸਮਾਜ ਮੰਧਾਰ ਦੇ ਮੁਖੀ ਯਸ਼ਪਾਲ ਤੇ ਮਾਨਸਿੰਘ ਆਰੀਆ ਆਦਿ ਹਾਜ਼ਰ ਸਨ।