ਪੀ ਏ ਖ਼ਿਲਾਫ਼ ਜਾਂਚ ਲਈ ਡਿਪਟੀ ਸਪੀਕਰ ਵੱਲੋਂ ਮੁੱਖ ਮੰਤਰੀ ਨੂੰ ਪੱਤਰ
ਜੀਂਦ ਹਲਕੇ ਤੋਂ ਵਿਧਾਇਕ ਤੇ ਹਰਿਆਣਾ ਵਿਧਾਨ ਸਭਾ ਡਿਪਟੀ ਸਪੀਕਰ ਡਾ. ਕ੍ਰਿਸ਼ਨ ਮਿੱਢਾ ਨੇ ਆਪਣੇ ਨਿੱਜੀ ਸਕੱਤਰ ਮੋਹਿਤ ਸ਼ਰਮਾ ’ਤੇ ਕਥਿਤ ਆਮਦਨ ਤੋਂ ਵੱਧ ਜਾਇਦਾਦ ਦੇ ਲੱਗ ਰਹੇ ਦੋਸ਼ਾਂ ਦੀ ਜਾਂਚ ਸਬੰਧੀ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੂੰ ਪੱਤਰ ਲਿਖ ਕੇ ਇਸ ਮਾਮਲੇ ਵਿੱਚ ਦੋਸ਼ੀ ਪਾਏ ਜਾਣ ’ਤੇ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਇਹ ਜਾਣਕਾਰੀ ਡਿਪਟੀ ਸਪੀਕਰ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿੱਤੀ। ਉਨ੍ਹਾਂ ਦੱਸਿਆ ਕਿ ਇਹ ਮਾਮਲਾ ਇੱਕ ਆਰ ਟੀ ਆਈ ਕਾਰਕੁਨ ਦੀ ਸ਼ਿਕਾਇਤ ਮਗਰੋਂ ਸਾਹਮਣੇ ਆਇਆ ਹੈ। ਆਰ ਟੀ ਆਈ ਕਾਰਕੁਨ ਭਾਰਤ ਭੂਸ਼ਨ ਸ਼ਰਮਾ ਨੇ ਮੋਹਿਤ ਸ਼ਰਮਾ ਦੀ ਸੰਪਤੀ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਸ੍ਰੀ ਮਿੱਢਾ ਨੇ ਕਿਹਾ ਕਿ ਉਨ੍ਹਾਂ ਖੁਦ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਆਪਣੇ ਨਿੱਜੀ ਸਕੱਤਰ ਮੋਹਿਤ ਦੀ ਸੰਪਤੀ ਦੀ ਪੂਰੀ ਜਾਂਚ ਕਰਵਾਉਣਗੇ। ਉਨ੍ਹਾਂ ਕਿਹਾ ਕਿ ਦੋਸ਼ੀ ਪਾਏ ਜਾਣ ’ਤੇ ਉਸ ਖ਼ਿਲਾਫ਼ ਕਾਨੂੰਨ ਅਨੁਸਾਰ ਕਾਰਵਾਈ ਹੋਵੇਗੀ। ਉਨ੍ਹਾਂ ਨਾਲ ਹੀ ਕਿਹਾ ਕਿ ਜੇਕਰ ਜਾਂਚ ਵਿੱਚ ਸ਼ਿਕਾਇਤਕਰਤਾ ਗਲਤ ਪਾਇਆ ਜਾਂਦਾ ਹੈ ਤਾਂ ਉਸ ਖ਼ਿਲਾਫ਼ ਵੀ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।
