ਡਿਪਟੀ ਕਮਿਸ਼ਨਰ ਵੱਲੋਂ ਹੜ੍ਹਾਂ ਨੂੰ ਰੋਕਣ ਲਈ ਮੀਟਿੰਗ
ਜ਼ਿਲ੍ਹੇ ਦੀ ਡੀ.ਸੀ. ਪ੍ਰੀਤੀ ਨੇ ਕਿਹਾ ਕਿ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇ ਹੁਕਮਾਂ ਅਨੁਸਾਰ, ਸਰਕਾਰ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਘੱਗਰ ਦਰਿਆ ਵਿੱਚ ਪਾਣੀ ਜ਼ਿਆਦਾ ਹੋਣ ਦੀ ਸੂਰਤ ਵਿੱਚ ਹਰਿਆਣਾ ਅਤੇ ਪੰਜਾਬ ਦੇ ਕਿਸਾਨਾਂ ਨੂੰ ਨੁਕਸਾਨ ਨਾ ਹੋਵੇ। ਇਸ ਲਈ ਸਰਕਾਰ ਨੇ ਪਹਿਲਾਂ ਵੀ ਪ੍ਰਬੰਧ ਕੀਤੇ ਸਨ। ਉਨ੍ਹਾਂ ਕਿਹਾ ਕਿ ਸਰਕਾਰ ਅਤੇ ਪ੍ਰਸ਼ਾਸਨ ਦੇ ਯਤਨਾਂ ਕਾਰਨ ਪਾਣੀ ਆਬਾਦੀ ਤੱਕ ਨਹੀਂ ਪਹੁੰਚਿਆ। ਹੁਣ ਜਦੋਂ ਘੱਗਰ ਵਿੱਚ ਪਾਣੀ ਘੱਟ ਗਿਆ ਹੈ, ਤਾਂ ਸਿੰਜਾਈ ਵਿਭਾਗ ਨੂੰ ਦਰਿਆ ਦੇ ਪਾਣੀ ਦੇ ਪੱਧਰ ’ਤੇ ਕਾਰਜ ਯੋਜਨਾ ’ਤੇ ਹਫ਼ਤੇ ਦੇ ਅੰਦਰ ਰਿਪੋਰਟ ਤਿਆਰ ਕਰਨ ਦੇ ਹੁਕਮ ਦਿੱਤੇ ਗਏ ਹਨ। ਇਸ ਵਿੱਚ ਪੰਜਾਬ ਅਤੇ ਹਰਿਆਣਾ ਦੇ ਘੱਗਰ ਦੇ ਆਲੇ-ਦੁਆਲੇ ਦੇ ਪਿੰਡਾਂ ਦੇ ਲੋਕਾਂ ਵੱਲੋਂ ਦਿੱਤੇ ਗਏ ਸੁਝਾਅ ਅਤੇ ਸ਼ਿਕਾਇਤਾਂ ਸ਼ਾਮਲ ਹਨ। ਸਰਕਾਰ ਤੋਂ ਪ੍ਰਵਾਨਗੀ ਮਿਲਣ ਤੋਂ ਤੁਰੰਤ ਬਾਅਦ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਇਹ ਯਕੀਨੀ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ ਕਿ ਇਸ ਖੇਤਰ ਦੇ ਦੋਵੇਂ ਪਾਸੇ ਦੇ ਲੋਕਾਂ ਨੂੰ ਦਰਿਆ ਦੇ ਪਾਣੀ ਕਾਰਨ ਕੋਈ ਨੁਕਸਾਨ ਨਾ ਹੋਵੇ। ਡੀ.ਸੀ. ਪ੍ਰੀਤੀ ਕੈਥਲ ਮਿਨੀ ਸਕੱਤਰੇਤ ਵਿੱਚ ਸਥਿਤ ਆਡੀਟੋਰੀਅਮ ਵਿੱਚ ਹਰਿਆਣਾ ਅਤੇ ਪੰਜਾਬ ਦੇ ਘੱਗਰ ਇਲਾਕੇ ਦੇ ਕਿਸਾਨਾਂ ਅਤੇ ਆਮ ਲੋਕਾਂ ਨਾਲ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ।
ਮੀਟਿੰਗ ਕਰਨ ਮਗਰੋਂ ਕਿਸਾਨਾਂ ਦੀ ਅਗਵਾਈ ਕਰ ਰਹੇ ਜ਼ਿਲ੍ਹਾ ਭਾਜਪਾ ਪਟਿਆਲਾ ਦੇ ਪ੍ਰਧਾਨ ਹਰਮੇਸ਼ ਗੋਇਲ ਨੇ ਦੱਸਿਆ ਕਿ ਉਨ੍ਹਾਂ ਦੀ ਮੰਗ ਹੈ ਕਿ ਹਾਂਸੀ ਬੁਟਾਨਾ ਨਹਿਰ ਨੂੰ ਘੱਗਰ ਦਰਿਆ ਦੇ ਥੱਲੋਂ ਦੀ ਕੱਢਿਆ ਜਾਵੇ ਤਾਂ ਜੋ ਪਾਣੀ ਦੇ ਕੁਦਰਤੀ ਵਹਾਅ ਵਿੱਚ ਕੋਈ ਰੁਕਾਵਟ ਨਾ ਪਵੇ ਜਾਂ ਇਸ ਨਹਿਰ ਦੇ ਦੋ ਕਿਲੋਮੀਟਰ ਦੇ ਇਲਾਕੇ ਵਿੱਚ ਪੂਰੀ ਕੁਦਰਤੀ ਵਹਾਅ ਵਾਲੀ ਥਾਂ ਸਾਈਫਨ ਬਣਾਏ ਜਾਣ ਜੋ ਪਾਣੀ ਬਿਨਾਂ ਰੁਕਾਵਟ ਅੱਗੇ ਵਹਿ ਸਕੇ। ਉਨ੍ਹਾਂ ਕਿਹਾ ਕਿ ਜੋ ਦੇਵੀਗੜ੍ਹ ਤੋਂ ਮੀਰਾਪੁਰ ਚੋਆ ਨਿਕਲਦਾ ਹੈ ਉਸ ਦੀ ਵੀ ਸਫ਼ਾਈ ਕਰ ਕੇ ਡੂੰਘਾ ਕੀਤਾ ਜਾਵੇ ਅਤੇ ਪੁਲਾਂ ਨੂੰ ਡੂੰਘਾ ਅਤੇ ਚੌੜਾ ਕੀਤਾ ਜਾਵੇ। ਗੋਇਲ ਨੇ ਦੱਸਿਆ ਕਿ ਜਿੱਥੇ ਘੱਗਰ ਦਰਿਆ ਆਪਣੇ ਕਿਨਾਰਿਆਂ ਨੂੰ ਖੋਰਦਾ ਹੈ, ਉਥੇ ਨਿਸ਼ਾਨਦੇਹੀ ਕਰ ਕੇ ਪੱਥਰ ਲਾਏ ਜਾਣ ਤਾਂ ਜੋ ਕੰਢਿਆਂ ਦੀ ਸੁਰੱਖਿਆ ਹੋ ਸਕੇ।
ਦੋਵਾਂ ਧਿਰਾਂ ਦੇ ਸੁਝਾਆਂ ਮਗਰੋਂ ਸਿੰਜਾਈ ਵਿਭਾਗ ਦੇ ਅਧਿਕਾਰੀਆਂ ਨੂੰ ਹਫ਼ਤੇ ਅੰਦਰ ਕਾਰਜ ਯੋਜਨਾ ਤਿਆਰ ਕਰਨ ਦੇ ਹੁਕਮ ਦਿੱਤੇ ਗਏ। ਇਹ ਕਾਰਜ ਯੋਜਨਾ ਸਰਕਾਰ ਨੂੰ ਭੇਜੀ ਜਾਵੇਗੀ। ਸਰਕਾਰ ਤੋਂ ਪ੍ਰਵਾਨਗੀ ਮਿਲਦੇ ਹੀ, ਇਸ ਅਨੁਸਾਰ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਇਸ ਮੌਕੇ ਪੰਜਾਬ ਖੇਤਰ ਦੇ ਕਿਸਾਨ ਸੁਰਿੰਦਰ ਸਿੰਘ ਖੇੜਕੀ, ਹਰਮੇਸ਼ ਗੋਇਲ ਭਾਜਪਾ ਪ੍ਰਧਾਨ ਜ਼ਿਲ੍ਹਾ ਪਟਿਆਲਾ, ਸਰਪੰਚ ਹਰਚਰਨ ਸਿੰਘ, ਵਿਸ਼ਵ ਅਮਨ ਗਿੱਲ, ਗੁਰਨਾਮ ਸਿੰਘ, ਸਿਮਰਨਜੀਤ ਸਿੰਘ, ਸਰਵਜੀਤ ਸਿੰਘ ਢਿੱਲੋਂ, ਹਰਿਆਣਾ ਖੇਤਰ ਦੇ ਪਿੰਡ ਖੰਭੇੜਾ ਤੋਂ ਪਰਮਿੰਦਰ ਸਿੰਘ, ਸਰੋਲਾ ਦੇ ਸਾਬਕਾ ਸਰਪੰਚ ਹਰਮੇਸ਼ ਸਿੰਘ ਅਤੇ ਹੋਰ ਕਿਸਾਨ ਮੀਟਿੰਗ ਵਿੱਚ ਮੌਜੂਦ ਸਨ।