ਨਗਰ ਨਿਗਮ ਤੇ ਫਾਇਰ ਬ੍ਰਿਗੇਡ ਕਰਮਚਾਰੀਆਂ ਵੱਲੋਂ ਪ੍ਰਦਰਸ਼ਨ
ਦਵਿੰਦਰ ਸਿੰਘ
ਯਮੁਨਾਨਗਰ, 22 ਨਵੰਬਰ
ਸਫ਼ਾਈ ਕਰਮਚਾਰੀਆਂ ਦੀਆਂ ਮੰਗਾਂ ਨੂੰ ਲੈ ਕੇ ਪਿਛਲੇ 42 ਦਿਨਾਂ ਤੋਂ ਚੱਲ ਰਹੀ ਹੜਤਾਲ ਅਤੇ ਨਗਰ ਨਿਗਮ ਗੁਰੂਗ੍ਰਾਮ ਦੇ 3480 ਸਫ਼ਾਈ ਕਰਮਚਾਰੀਆਂ ਦੀ ਗ਼ੈਰ-ਕਾਨੂੰਨੀ ਛਾਂਟੀ ਦੇ ਸਮਰਥਨ ਵਿੱਚ ਜ਼ਿਲ੍ਹਾ ਪ੍ਰਧਾਨ ਪ੍ਰਵੇਸ਼ ਪਰੋਚਾ ਦੀ ਪ੍ਰਧਾਨਗੀ ਹੇਠ ਅੱਜ ਅਨਾਜ ਮੰਡੀ ਗੇਟ ’ਤੇ ਨਿਗਮ ਅਤੇ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਮੰਤਰੀ ਡਾ. ਕਮਲ ਗੁਪਤਾ ਵਿਰੁੱਧ ਨਾਅਰੇਬਾਜ਼ੀ ਵੀ ਕੀਤੀ। ਕਰਮਚਾਰੀਆਂ ਨੇ ਜ਼ਿਲ੍ਹਾ ਹੈੱਡਕੁਆਰਟਰ ’ਤੇ ਐੱਸਡੀਐੱਮ ਨੂੰ ਮੁੱਖ ਮੰਤਰੀ ਦੇ ਨਾਂ ਮੰਗਾਂ ਸਬੰਧੀ ਪੱਤਰ ਸੌਂਪਿਆ। ਪ੍ਰੋਗਰਾਮ ਦਾ ਸੰਚਾਲਨ ਜ਼ਿਲ੍ਹਾ ਸਕੱਤਰ ਗੁਲਸ਼ਨ ਭਾਰਦਵਾਜ ਨੇ ਕੀਤਾ। ਜਨਰਲ ਸਕੱਤਰ ਮਾਂਗੇ ਰਾਮ ਤਿਗੜਾ ਨੇ ਦੱਸਿਆ ਕਿ ਪੇਂਡੂ ਸਫ਼ਾਈ ਕਰਮਚਾਰੀ ਯੂਨੀਅਨ ਆਪਣੀਆਂ ਹੱਕੀ ਮੰਗਾਂ ਲਈ ਪਿਛਲੇ 42 ਦਿਨਾਂ ਤੋਂ ਅੰਦੋਲਨ ਕਰ ਰਹੀ ਹੈ ਪਰ ਨਗਰ ਨਿਗਮ ਦੇ ਮੰਤਰੀ ਅਤੇ ਵਿਭਾਗੀ ਅਧਿਕਾਰੀ ਕੁੰਭਕਰਨੀ ਨੀਂਦ ਸੁੱਤੇ ਪਏ ਹਨ। ਉਨ੍ਹਾਂ ਕਿਹਾ ਕਿ ਸਰਕਾਰ ਅਤੇ ਵਿਭਾਗੀ ਅਧਿਕਾਰੀ ਇਨ੍ਹਾਂ ਮੰਗਾਂ ਨੂੰ ਅਣਗੌਲਿਆ ਕਰ ਰਹੇ ਹਨ, ਜਿਸ ਕਰਕੇ ਮੁਲਾਜ਼ਮ ਹੜਤਾਲ ’ਤੇ ਜਾਣ ਲਈ ਮਜਬੂਰ ਹਨ। ਉਨ੍ਹਾਂ ਦੱਸਿਆ ਕਿ ਗੁਰੂਗ੍ਰਾਮ ਨਗਰ ਨਿਗਮ ਵਿੱਚ ਮੈਨ ਪਾਵਰ (ਭਾਗ-1) ਦੇ ਤਹਿਤ ਲਗਭਗ 3480 ਸਫਾਈ ਕਰਮਚਾਰੀ ਕੰਮ ਕਰ ਰਹੇ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਦੀ ਛਾਂਟੀ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਆਊਟਸੋਰਸ ਦਾ ਠੇਕਾ ਦੇ ਕੇ 946 ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢਿਆ ਗਿਆ ਅਤੇ ਹਰਿਆਣਾ ਵਿੱਚ 2534 ਸਫ਼ਾਈ ਕਰਮਚਾਰੀ ਰੱਖੇ ਗਏ। ਇਨ੍ਹਾਂ ਵਿੱਚ ਹਰਿਆਣਾ ਹੁਨਰ ਰੁਜ਼ਗਾਰ ਨਿਗਮ ਦੇ 2534 ਸਫਾਈ ਕਰਮਚਾਰੀ ਸ਼ਾਮਲ ਨਹੀਂ ਸਨ। ਇਸੇ ਤਰ੍ਹਾਂ ਰੋਹਤਕ ਨਗਰ ਨਿਗਮ ਦੇ 500 ਕਰਮਚਾਰੀਆਂ ਅਤੇ ਹੋਰ ਨਗਰ ਪਾਲਿਕਾਵਾਂ, ਕੌਂਸਲਾਂ, ਨਿਗਮਾਂ ਅਤੇ ਫਾਇਰ ਵਿਭਾਗ ਦੇ ਕਰੀਬ 5 ਹਜ਼ਾਰ ਕਰਮਚਾਰੀਆਂ ਦੀ ਛਾਂਟੀ ਕੀਤੀ ਗਈ ਹੈ। ਯੂਨੀਅਨ ਨੇ ਮੁੱਖ ਮੰਤਰੀ ਕੋਲੋਂ ਮੰਗ ਕੀਤੀ ਕਿ ਗੁਰੂਗ੍ਰਾਮ ਨਗਰ ਨਿਗਮ ਦੇ 946 ਸਫ਼ਾਈ ਕਰਮਚਾਰੀਆਂ ਨੂੰ ਨਿਯਮਾਂ ਅਨੁਸਾਰ ਨਿਗਮ ਪੇਅ ਰੋਲ ’ਤੇ ਰੱਖਿਆ ਜਾਵੇ ਅਤੇ 2534 ਸਫ਼ਾਈ ਕਰਮਚਾਰੀਆਂ ਨੂੰ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਹਰਿਆਣਾ ਹੁਨਰ ਰੁਜ਼ਗਾਰ ਨਿਗਮ ਨਾਲ ਰਜਿਸਟਰਡ ਕੀਤਾ ਜਾਵੇ ਅਤੇ ਉਨ੍ਹਾਂ ਦੀਆਂ ਨੌਕਰੀਆਂ ਬਹਾਲ ਕੀਤੀਆਂ ਜਾਣ। ਉਨ੍ਹਾਂ ਮੰਗ ਕੀਤੀ ਕਿ ਸਟੇਟ ਵਿਜੀਲੈਂਸ ਵੱਲੋਂ ਦਿੱਤੇ ਗਏ ਠੇਕਿਆਂ ਵਿੱਚ ਭ੍ਰਿਸ਼ਟਾਚਾਰ ਦੇ ਸਮੁੱਚੇ ਮਾਮਲੇ ਦੀ ਜਾਂਚ ਕੀਤੀ ਜਾਵੇ ਨਹੀਂ ਤਾਂ ਨਗਰ ਨਿਗਮ ਅਤੇ ਫਾਇਰ ਬ੍ਰਿਗੇਡ ਕਰਮਚਾਰੀ 23 ਤੋਂ 25 ਅਤੇ 28 ਤੋਂ 30 ਨਵੰਬਰ ਨੂੰ ਲੋਕਾਂ ਵਿੱਚ ਪੈਂਫਲੇਟ ਵੰਡ ਕੇ ਸਰਕਾਰ ਨੂੰ ਬੇਨਕਾਬ ਕਰਨ ਦੀ ਮੁਹਿੰਮ ਚਲਾਉਣਗੇ। ਇਸ ਮੌਕੇ ਐੱਸਕੇਐੱਸ ਜ਼ਿਲ੍ਹਾ ਮੁਖੀ ਮਹੀਪਾਲ ਸੌਦੇ, ਲੋਕ ਨਿਰਮਾਣ ਵਿਭਾਗ ਬੀਐਂਡਆਰ 41 ਦੇ ਜ਼ਿਲ੍ਹਾ ਮੁਖੀ ਕਿਸ਼ੋਰ ਕੁਮਾਰ, ਫਾਇਰ ਐਸੋਸੀਏਸ਼ਨ ਯੂਨਿਟ ਹੈੱਡ ਵਰਿੰਦਰ ਧੀਮਾਨ, ਸਕੱਤਰ ਰਿੰਕੂ ਕੁਮਾਰ, ਅਮਿਤ ਕੁਮਾਰ, ਮਿਉਂਸਪਲ ਯੂਨਿਟ ਹੈੱਡ ਪਪਲਾ, ਵਿੱਕੀ ਪਰਾਚਾ, ਕਮਲੇਸ਼, ਰਾਜਕੁਮਾਰ ਧਾਰੀਵਾਲ, ਬਲਦੀਪ ਤੁੰਬੀ ਆਦਿ ਹਾਜ਼ਰ ਸਨ।