ਬਰਸਾਤੀ ਪਾਣੀ ਦੀ ਨਿਕਾਸੀ ਲਈ ਮਾਸਟਰ ਪਲਾਨ ਬਣਾਉਣ ਦੀ ਮੰਗ
ਸਰਵ ਸਮਾਜ ਸਭਾ ਦੀ ਇੱਕ ਵਿਸ਼ੇਸ਼ ਮੀਟਿੰਗ ਸਭਾ ਦੇ ਪ੍ਰਧਾਨ ਸਤਪਾਲ ਜਿੰਦਲ ਦੀ ਪ੍ਰਧਾਨਗੀ ਹੇਠ ਬਾਬਾ ਨਾਮਦੇਵ ਧਰਮਸ਼ਾਲਾ ਵਿੱਚ ਹੋਈ। ਸਭਾ ਦੇ ਜਨਰਲ ਸਕੱਤਰ ਡਾ. ਨਾਇਬ ਸਿੰਘ ਮੰਡੇਰ ਨੇ ਇੱਕ ਰਿਪੋਰਟ ਪੇਸ਼ ਕਰਕੇ ਮੀਟਿੰਗ ਦੀ ਸ਼ੁਰੂਆਤ ਕੀਤੀ। ਮੀਟਿੰਗ ਵਿੱਚ ਸ਼ਹਿਰ ਦੀਆਂ ਮੁੱਖ ਸਮੱਸਿਆਵਾਂ, ਖਾਸ ਕਰਕੇ ਬਰਸਾਤੀ ਪਾਣੀ ਦੀ ਨਿਕਾਸੀ ਅਤੇ ਸੀਵਰੇਜ ਦੀ ਸਫਾਈ ਨੂੰ ਲੈ ਕੇ ਗੰਭੀਰ ਚਰਚਾ ਕੀਤੀ ਗਈ।
ਮੀਟਿੰਗ ਦੌਰਾਨ ਸਾਰੇ ਮੈਂਬਰਾਂ ਨੇ ਸਰਬਸੰਮਤੀ ਨਾਲ ਇੱਕ ਮਤਾ ਪਾਸ ਕਰਕੇ ਪ੍ਰਸ਼ਾਸਨ ਅਤੇ ਸਰਕਾਰ ਤੋਂ ਮੰਗ ਕੀਤੀ ਕਿ ਬਰਸਾਤੀ ਪਾਣੀ ਦੀ ਨਿਕਾਸੀ ਲਈ ਇੱਕ ਵਿਆਪਕ ਮਾਸਟਰ ਪਲਾਨ ਤਿਆਰ ਕੀਤਾ ਜਾਵੇ। ਸਭਾ ਦੇ ਪ੍ਰਧਾਨ ਸਤਪਾਲ ਜਿੰਦਲ ਨੇ ਕਿਹਾ ਕਿ ਬੁਢਲਾਡਾ ਰੋਡ ’ਤੇ ਬਣ ਰਹੇ ਸੀਵਰੇਜ ਦੇ ਕੰਮ ਨੂੰ ਸਹੀ ਢੰਗ ਨਾਲ ਪੂਰਾ ਕੀਤਾ ਜਾਵੇ ਅਤੇ ਉਸ ਨੂੰ ਢੱਕਿਆ ਜਾਵੇ। ਉਨ੍ਹਾਂ ਇਸ ਗੱਲ ’ਤੇ ਵੀ ਜ਼ੋਰ ਦਿੱਤਾ ਕਿ ਨਵੇਂ ਬਣੇ ਨਾਲੇ ਵਿੱਚ ਸੀਵਰੇਜ ਦਾ ਕੂੜਾ ਸੁੱਟਣ ਤੋਂ ਰੋਕਿਆ ਜਾਵੇ ਤਾਂ ਜੋ ਬਦਬੂ ਅਤੇ ਬਿਮਾਰੀਆਂ ਨਾ ਫੈਲਣ। ਸਭਾ ਨੇ ਫੈਸਲਾ ਕੀਤਾ ਕਿ ਇਨ੍ਹਾਂ ਸਮੱਸਿਆਵਾਂ ਦੇ ਹੱਲ ਲਈ ਜਲਦੀ ਹੀ ਇੱਕ ਵਫ਼ਦ ਐੱਸ.ਡੀ.ਐੱਮ. ਨੂੰ ਮਿਲੇਗਾ। ਮੀਟਿੰਗ ਵਿੱਚ ਆਉਣ ਵਾਲੇ ਦੀਵਾਲੀ ਦੇ ਤਿਉਹਾਰ ਦੇ ਮੱਦੇਨਜ਼ਰ ਪ੍ਰਸ਼ਾਸਨ ਨੂੰ ਇਸ ਨੂੰ ਪ੍ਰਦੂਸ਼ਣ-ਰਹਿਤ ਮਨਾਉਣ ਅਤੇ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕਰਨ ਦੀ ਅਪੀਲ ਕੀਤੀ ਗਈ। ਇਸ ਤੋਂ ਇਲਾਵਾ ਸਭਾ ਨੇ ਸਮਾਜ ਸੇਵਾ ਵਿੱਚ ਵਧੀਆ ਕੰਮ ਕਰਨ ਵਾਲੀਆਂ ਸ਼ਖ਼ਸੀਅਤਾਂ ਨੂੰ ਸਨਮਾਨਿਤ ਕਰਨ ਦਾ ਵੀ ਫੈਸਲਾ ਕੀਤਾ। ਇਸ ਸਬੰਧੀ ਭਾਖੜਾ ਨਹਿਰ ਹਾਦਸੇ ਵਿੱਚ ਲੋਕਾਂ ਦੀ ਜਾਨ ਬਚਾਉਣ ਵਾਲਿਆਂ ਅਤੇ ਮੰਡੀ ਰੋਡ ’ਤੇ ਵਾਪਰੀ ਘਟਨਾ ਵਿੱਚ ਮਦਦ ਕਰਨ ਵਾਲਿਆਂ ਨੂੰ ਸਨਮਾਨਿਤ ਕੀਤਾ ਜਾਵੇਗਾ।