ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਡੈਮਾਂ ਦੇ ਪਾਣੀ ਨੂੰ ਠੱਲ੍ਹ ਤੇ ਘੱਗਰ ਦਾ ਖਤਰਾ ਮਾਲਵਾ ਵੱਲ

ਘੱਗਰ ਤੇ ਟਾਂਗਰੀ ਨਦੀਆਂ ਵਿੱਚ ਪਾਣੀ ਵਧਣ ਕਾਰਨ ਪਟਿਆਲਾ, ਸੰਗਰੂਰ ਤੇ ਮਾਨਸਾ ’ਚ ਸਹਿਮੇ ਲੋਕ
ਅਜਨਾਲਾ ਖੇਤਰ ਵਿੱਚ ਲੋਕਾਂ ਨੂੰ ਟਰੱਕ ’ਤੇ ਸੁਰੱਖਿਅਤ ਥਾਂ ’ਤੇ ਲਿਜਾਂਦੇ ਹੋਏ ਫ਼ੌਜ ਦੇ ਜਵਾਨ। -ਫੋਟੋ: ਵਿਸ਼ਾਲ ਕੁਮਾਰ
Advertisement

ਪਹਾੜੀ ਇਲਾਕਿਆਂ ਵਿੱਚ ਪਿਛਲੇ 24 ਘੰਟਿਆਂ ਦੌਰਾਨ ਪਾਣੀ ਦੀ ਆਮਦ ਘਟਣ ਕਰ ਕੇ ਪੰਜਾਬ ਦੇ ਪੌਂਗ ਡੈਮ ਤੇ ਭਾਖੜਾ ਡੈਮ ਵਿੱਚ ਪਾਣੀ ਦੀ ਆਮਦ ਨੂੰ ਠੱਲ੍ਹ ਪੈ ਗਈ ਹੈ ਜਦੋਂਕਿ ਘੱਗਰ ਨਦੀ ਵਿੱਚ ਪਾਣੀ ਵਧਣ ਕਰਕੇ ਮਾਲਵੇ ਖਿੱਤੇ ਦੇ ਲੋਕਾਂ ਦੀ ਚਿੰਤਾ ਵੱਧ ਗਈ ਹੈ। ਜੰਮੂ ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਦੇ ਪਹਾੜੀ ਇਲਾਕਿਆਂ ਵਿੱਚ ਮੀਂਹ ਕਰ ਕੇ ਪੰਜਾਬ ਦੇ ਤਿੰਨ ਮੁੱਖ ਡੈਮਾਂ ਵਿੱਚ ਪਾਣੀ ਦੀ ਆਮਦ ਜ਼ੋਰਾਂ ’ਤੇ ਚੱਲ ਰਹੀ ਸੀ, ਜਿਸ ਕਰਕੇ ਸੂਬੇ ਦੇ ਅੱਠ ਜ਼ਿਲ੍ਹੇ ਹਾਲੇ ਵੀ ਹੜ੍ਹਾਂ ਦੀ ਮਾਰ ਝੱਲ ਰਹੇ ਹਨ। ਅੱਜ ਘੱਗਰ ਤੇ ਟਾਂਗਰੀ ਨਦੀਆਂ ਵਿੱਚ ਪਾਣੀ ਵਧਣ ਕਰ ਕੇ ਪਟਿਆਲਾ, ਸੰਗਰੂਰ ਤੇ ਮਾਨਸਾ ’ਚ ਅਲਰਟ ਜਾਰੀ ਕੀਤਾ ਗਿਆ ਹੈ। ਸਥਾਨਕ ਪ੍ਰਸ਼ਾਸਨ ਵੱਲੋਂ ਲੋਕਾਂ ਨੂੂੰ ਘੱਗਰ ਤੇ ਟਾਂਗਰੀ ਦੇ ਨਜ਼ਦੀਕ ਨਾ ਜਾਣ ਦੀ ਅਪੀਲ ਕੀਤੀ ਜਾ ਰਹੀ ਹੈ।

ਲੰਘੇ ਦਿਨ ਸੁਖਨਾ ਝੀਲ ਦੇ ਦੋ ਫਲੱਡ ਗੇਟ ਖੋਲ੍ਹੇ ਜਾਣ ਕਰ ਕੇ ਘੱਗਰ ਨਦੀ ਵਿੱਚ ਪਾਣੀ ਦਾ ਪੱਧਰ ਵਧ ਗਿਆ ਹੈ ਜਿਸ ਕਰ ਕੇ ਘਨੌਰ ਤੋਂ ਕੁਝ ਕਿਲੋਮੀਟਰ ਦੀ ਦੂਰੀ ’ਤੇ ਸਥਿਤ ਪਿੰਡ ਮਾੜੂ ਵਿੱਚ ਨਦੀ ਦੇ ਪਾਣੀ ਨਾਲ ਬੰਨ੍ਹ ਖੁਰਨ ਲੱਗ ਪਏ ਹਨ। ਪਿੰਡ ਕਾਮੀ ਖੁਰਦ, ਚਮਾਰੂ, ਬੋਲਪੁਰ ਤੇ ਊਂਟਸਰ ਨਜ਼ਦੀਕ ਓਵਰਫਲੋਅ ਹੋਣ ਕਾਰਨ ਘੱਗਰ ਦਾ ਪਾਣੀ ਇਨ੍ਹਾਂ ਪਿੰਡਾਂ ਦੇ ਕੁਝ ਖੇਤਾਂ ਵਿੱਚ ਦਾਖ਼ਲ ਹੋ ਗਿਆ ਹੈ। ਸਥਾਨਕ ਪ੍ਰਸ਼ਾਸਨ ਨੇ ਲੋਕਾਂ ਨੂੰ ਘੱਗਰ ਤੇ ਟਾਂਗਰੀ ਨਦੀਆਂ ਨਜ਼ਦੀਕ ਨਾ ਜਾਣ ਦੀ ਅਪੀਲ ਕੀਤੀ ਹੈ।

Advertisement

ਜਾਣਕਾਰੀ ਅਨੁਸਾਰ ਸ਼ਾਮ ਸਮੇਂ ਪਿੰਡ ਸਰਾਲਾ ਕਲਾਂ ਨੇੜੇ ਘੱਗਰ ਦਾ ਪਾਣੀ 15.2 ਫੁੱਟ ਪਹੁੰਚ ਗਿਆ ਸੀ, ਜੋ ਖ਼ਤਰੇ ਦੇ ਨਿਸ਼ਾਨ 16 ਫੁੱਟ ਦੇ ਨਜ਼ਦੀਕ ਹੈ। ਇਸ ਦੌਰਾਨ ਘੱਗਰ ਵਿੱਚ 24,371 ਕਿਊਸਿਕ ਪਾਣੀ ਵਹਿ ਰਿਹਾ ਹੈ। ਇਸੇ ਦੌਰਾਨ ਟਾਂਗਰੀ ਵਿੱਚ ਪਾਣੀ ਖਤਰੇ ਦੇ ਨਿਸ਼ਾਨ 12 ਫੁੱਟ ਦੇ ਨਜ਼ਦੀਕ 10 ਫੁੱਟ ’ਤੇ ਸੀ ਅਤੇ ਨਦੀ ਵਿੱਚ ਪਾਣੀ 20,967 ਕਿਊਸਿਕ ਵਹਿ ਰਿਹਾ ਸੀ। ਇਸੇ ਤਰ੍ਹਾਂ ਮਾਰਕੰਡਾ ਵਿੱਚ ਪਾਣੀ ਦਾ ਪੱਧਰ 17,175 ਕਿਊਸਿਕ ਸੀ। ਪਟਿਆਲਾ, ਸੰਗਰੂਰ, ਤੇ ਮਾਨਸਾ ਪ੍ਰਸ਼ਾਸਨ ਵੱਲੋਂ ਘੱਗਰ ਨਦੀ ’ਤੇ 24 ਘੰਟੇ ਚੌਕਸੀ ਰੱਖੀ ਜਾ ਰਹੀ ਹੈ।

ਇਸ ਦੌਰਾਨ ਪਹਾੜੀ ਇਲਾਕਿਆਂ ਵਿੱਚੋਂ ਆਮਦ ਘਟਣ ਕਰਕੇ ਪੰਜਾਬ ਦੇ ਡੈਮਾਂ ਵਿੱਚ ਵੀ ਪਾਣੀ ਨੂੰ ਕੁੱਝ ਹੱਦ ਤੱਕ ਠੱਲ੍ਹ ਪਈ ਹੈ। ਅੱਜ ਪੰਜਾਬ ਦੇ ਪੌਂਗ ਡੈਮ ਅਤੇ ਰਣਜੀਤ ਸਾਗਰ ਡੈਮ ਵਿੱਚ ਪਾਣੀ ਦੇ ਪੱਧਰ ਵਿੱਚ ਮਾਮੂਲੀ ਕਟੌਤੀ ਦਰਜ ਕੀਤੀ ਗਈ, ਜਦੋਂਕਿ ਭਾਖੜਾ ਡੈਮ ਵਿੱਚ ਜ਼ਰੂਰ ਪਾਣੀ ਵਧਿਆ। ਪੌਂਗ ਡੈਮ ਵਿੱਚ ਸ਼ਾਮ ਸਮੇਂ ਪਾਣੀ ਦਾ ਪੱਧਰ 1391.68 ਫੁੱਟ ’ਤੇ ਦਰਜ ਕੀਤਾ ਗਿਆ। ਇਸ ਦੌਰਾਨ ਪੌਂਗ ਡੈਮ ਵਿੱਚ ਪਾਣੀ ਦੀ ਆਮਦ 1,17,450 ਕਿਊਸਿਕ ਸੀ, ਜਦੋਂਕਿ ਛੱਡਿਆ 1,09,918 ਕਿਊਸਿਕ ਜਾ ਰਿਹਾ ਸੀ। ਇਸੇ ਦੌਰਾਨ ਰਣਜੀਤ ਸਾਗਰ ਡੈਮ ਵਿੱਚ ਪਾਣੀ ਦਾ ਪੱਧਰ 524.949 ਮੀਟਰ ’ਤੇ ਸੀ। ਇੱਥੇ ਪਾਣੀ ਦੀ ਆਮਦ 39514 ਕਿਊਸਿਕ ਸੀ ਅਤੇ ਛੱਡਿਆ 42089 ਕਿਊਸਿਕ ਜਾ ਰਿਹਾ ਹੈ। ਇਸੇ ਤਰ੍ਹਾਂ ਭਾਖੜਾ ਡੈਮ ਵਿੱਚ ਪਾਣੀ ਦਾ ਪੱਧਰ 1672.30 ਫੁੱਟ ਦਰਜ ਕੀਤਾ ਗਿਆ ਹੈ। ਭਾਖੜਾ ਡੈਮ ਵਿੱਚ ਪਾਣੀ ਦੀ ਆਮਦ 79,555 ਕਿਊਸਿਕ ਸੀ ਅਤੇ ਛੱਡਿਆ 51,522 ਕਿਊਸਿਕ ਪਾਣੀ ਜਾ ਰਿਹਾ ਸੀ।

24 ਘੰਟਿਆਂ ਦੌਰਾਨ 4711 ਜਣਿਆਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ

ਪੰਜਾਬ ਦੇ ਗੁਰਦਾਸਪੁਰ, ਪਠਾਨਕੋਟ, ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ, ਫਿਰੋਜ਼ਪੁਰ ਅਤੇ ਫਾਜ਼ਿਲਕਾ ਜ਼ਿਲ੍ਹਿਆਂ ਦੇ ਇੱਕ ਹਜ਼ਾਰ ਤੋਂ ਵੱਧ ਪਿੰਡ ਹੜ੍ਹਾਂ ਦੀ ਮਾਰ ਹੇਠ ਹਨ। ਜਿੱਥੇ ਕਿਸਾਨਾਂ ਦੀ ਤਿੰਨ ਲੱਖ ਏਕੜ ਤੋਂ ਵੱਧ ਫ਼ਸਲ ਪ੍ਰਭਾਵਿਤ ਹੋ ਚੁੱਕੀ ਹੈ। ਹਾਲਾਂਕਿ, ਸੂਬਾ ਸਰਕਾਰ ਵੱਲੋਂ ਇਨ੍ਹਾਂ ਇਲਾਕਿਆਂ ਵਿੱਚ ਰਾਹਤ ਕਾਰਜਾਂ ’ਚ ਤੇਜ਼ੀ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੰਜਾਬ ਦੇ ਮੁੱਖ ਸਕੱਤਰ ਕੇ ਏ ਪੀ ਸਿਨਹਾ ਤੇ ਹੋਰ ਸੀਨੀਅਰ ਅਧਿਕਾਰੀਆਂ ਨੇ ਅੱਜ ਵੀ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ। ਸੂਬਾ ਸਰਕਾਰ ਵੱਲੋਂ ਜਾਰੀ ਬਚਾਅ ਕਾਰਜਾਂ ਤਹਿਤ 24 ਘੰਟਿਆਂ ਦੌਰਾਨ 4711 ਜਣਿਆਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਗਿਆ ਹੈ। ਇਸ ਤੋਂ ਲੋਕਾਂ ਨੂੰ ਭੋਜਨ, ਦਵਾਈਆਂ ਤੇ ਹੋਰ ਲੋੜੀਂਦੀ ਸਮੱਗਰੀ ਵੀ ਪਹੁੰਚਾਈ ਗਈ ਹੈ।

ਮੌਸਮ ਵਿਭਾਗ ਵੱਲੋਂ ਦੋ ਦਿਨ ਮੀਂਹ ਪੈਣ ਦੀ ਪੇਸ਼ੀਨਗੋਈ

ਪੰਜਾਬ ਕੁਝ ਸ਼ਹਿਰਾਂ ਵਿੱਚ ਪਏ ਅੱਜ ਪਏ ਮੀਂਹ ਨੇ ਲੋਕਾਂ ਦੀ ਚਿੰਤਾ ਵਧਾ ਦਿੱਤੀ ਹੈ। ਇਸ ਦੌਰਾਨ ਅੰਮ੍ਰਿਤਸਰ, ਲੁਧਿਆਣਾ, ਫਿਰੋਜ਼ਪੁਰ, ਫਾਜ਼ਿਲਕਾ, ਰੋਪੜ, ਮੁਹਾਲੀ, ਮਾਨਸਾ, ਪਠਾਨਕੋਟ ਸਣੇ ਹੋਰ ਕਈ ਸ਼ਹਿਰਾਂ ਵਿੱਚ ਰੁਕ-ਰੁਕ ਕੇ ਮੀਂਹ ਪੈਂਦਾ ਰਿਹਾ। ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਅਗਲੇ ਦੋ ਦਿਨ 31 ਅਗਸਤ ਅਤੇ ਪਹਿਲੀ ਸਤੰਬਰ ਨੂੰ ਪੰਜਾਬ ਵਿੱਚ ਕਈ ਥਾਵਾਂ ’ਤੇ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਇਸ ਲਈ ਮੌਸਮ ਵਿਭਾਗ ਨੇ ਯੈਲੋ ਅਲਰਟ ਵੀ ਜਾਰੀ ਕਰ ਦਿੱਤਾ ਹੈ।

 

ਹੜ੍ਹਾਂ ਦਾ ਜਾਇਜ਼ਾ ਲੈਂਦੇ ਮੰਤਰੀਆਂ ਨੇ ਕਰੂਜ਼ ਯਾਤਰਾਵਾਂ ਨੂੰ ਕੀਤਾ ਯਾਦ

 

ਚੰਡੀਗੜ੍ਹ (ਆਤਿਸ਼ ਗੁਪਤਾ): ਪੰਜਾਬ ਸਰਕਾਰ ਦੇ ਤਿੰਨ ਮੰਤਰੀਆਂ ਵੱਲੋਂ ਹੜ੍ਹਾਂ ਦਾ ਜਾਇਜ਼ਾ ਲੈਣ ਦੌਰਾਨ ਕਿਸ਼ਤੀ ਵਿੱਚ ਬੈਠਿਆਂ ਸਵੀਡਨ ਤੇ ਗੋਆ ਦੀ ਕਰੂਜ਼ ਯਾਤਰਾਵਾਂ ਬਾਰੇ ਗੱਲਬਾਤ ਕੀਤੇ ਜਾਣ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਹੈ, ਜਿਸ ’ਤੇ ਵਿਰੋਧੀ ਧਿਰ ਕਾਂਗਰਸ ਅਤੇ ਭਾਜਪਾ ਨੇ ਸਵਾਲ ਚੁਕਦਿਆਂ ਸਰਕਾਰ ਦੀ ਘੇਰਾਬੰਦੀ ਕੀਤੀ ਹੈ। ਇਸ ਵੀਡੀਓ ਵਿੱਚ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ, ਹਰਭਜਨ ਸਿੰਘ ਈਟੀਓ ਤੇ ਲਾਲਜੀਤ ਭੁੱਲਰ ਕਿਸ਼ਤੀ ਵਿੱਚ ਬੈਠ ਕੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਦੇ ਦਿਖਾਈ ਦੇ ਰਹੇ ਹਨ। ਇਸ ਦੌਰਾਨ ਕੈਬਨਿਟ ਮੰਤਰੀ ਹਰਭਜਨ ਸਿੰਘ ਕਹਿੰਦੇ ਸੁਣਾਈ ਦੇ ਰਹੇ ਹਨ, ‘ਜਦੋਂ ਮੈਂ ਸਵੀਡਨ ਵਿੱਚ ਕਰੂਜ਼ ’ਤੇ ਗਿਆ ਸੀ ਤਾਂ ਜਹਾਜ਼ ਵਿੱਚ ਹੋਟਲ ਅਤੇ ਸਭ ਕੁਝ ਮੌਜੂਦ ਸੀ।’ ਇਸ ਦੇ ਜਵਾਬ ਵਿੱਚ ਪੰਜਾਬ ਦੇ ਜਲ ਸਰੋਤ ਮੰਤਰੀ ਬਰਿੰਦਰ ਗੋਇਲ ਕਹਿੰਦੇ ਹਨ ਕਿ ਗੋਆ ਵਿੱਚ ਵੀ ਇਸੇ ਤਰ੍ਹਾਂ ਦਾ ਸੀ। ਪੰਜਾਬ ਸਰਕਾਰ ਦੇ ਤਿੰਨੇ ਮੰਤਰੀਆਂ ਦੀ ਵੀਡੀਓ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਅਤੇ ਭਾਜਪਾ ਆਗੂ ਤਰੁਣ ਚੁੱਘ ਨੇ ਸੋਸ਼ਲ ਮੀਡੀਆ ’ਤੇ ਸਾਂਝੀ ਕਰਦਿਆਂ ਸਰਕਾਰ ਦੀ ਘੇਰਾਬੰਦੀ ਕੀਤੀ ਹੈ।

ਕਾਂਗਰਸੀ ਆਗੂ ਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ‘ਐਕਸ’ ’ਤੇ ਕਿਹਾ, ‘ਪੰਜਾਬ ਵਿੱਚ ਹੜ੍ਹ ਪ੍ਰਭਾਵਿਤ ਪਰਿਵਾਰ ਪੀਣ ਵਾਲਾ ਪਾਣੀ ਮੰਗ ਰਹੇ ਹਨ ਪਰ ‘ਆਪ’ ਪੰਜਾਬ ਦੇ ਮੰਤਰੀ ਬਰਿੰਦਰ ਗੋਇਲ, ਲਾਲਜੀਤ ਭੁੱਲਰ ਅਤੇ ਹਰਭਜਨ ਸਿੰਘ ਸਵੀਡਨ ਤੇ ਗੋਆ ਵਿੱਚ ਲਗਜ਼ਰੀ ਕਰੂਜ਼ ਦੀਆਂ ਯਾਦਾਂ ਤਾਜ਼ੀਆਂ ਕਰ ਰਹੇ ਹਨ।’ ਦੂਜੇ ਪਾਸੇ ਭਾਜਪਾ ਦੇ ਸੀਨੀਅਰ ਆਗੂ ਤਰੁਣ ਚੁੱਘ ਨੇ ਐਕਸ ’ਤੇ ਕਿਹਾ, ‘ਪੰਜਾਬ ਡੁੱਬ ਚੁੱਕਿਆ ਹੈ, ਖੇਤ ਬਰਬਾਦ, ਘਰ ਤਬਾਹ ਤੇ ਪਰਿਵਾਰ ਸੜਕਾਂ ’ਤੇ ਹਨ। ਅਜਿਹੇ ਹਾਲਾਤ ਵਿੱਚ ਵੀ ਪੰਜਾਬ ਦੇ ਮੰਤਰੀ ਕਿਸ਼ਤੀ ਵਿੱਚ ਬੈਠ ਕੇ ਪੀੜਤਾਂ ਦੀ ਸੇਵਾ ਕਰਨ ਦੀ ਥਾਂ ਸਵੀਡਨ ਤੇ ਗੋਆ ਦੀਆਂ ਗੱਲਾਂ ਕਰ ਰਹੇ ਹਨ।’ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਦੀਆਂ ਉਮੀਦਾਂ ’ਤੇ ਖਰਾ ਉਤਰਨ ਵਿੱਚ ਨਾਕਾਮ ਰਹੀ ਹੈ। ਇਸੇ ਲਈ ਸੂਬਾ ਸਰਕਾਰ ਦੇ ਮੰਤਰੀ ਮੁਸ਼ਕਲ ਦੇ ਸਮੇਂ ਵਿੱਚ ਵੀ ਆਰਾਮ ਨੂੰ ਯਾਦ ਕਰ ਰਹੇ ਹਨ।

 

ਲੋਕ ਸੇਵਾ ਵਿੱਚ ਲੱਗਿਆਂ ਨੂੰ ਬਦਨਾਮ ਕਰ ਰਹੀ ਹੈ ਵਿਰੋਧੀ ਧਿਰ: ਬਰਿੰਦਰ ਗੋਇਲ

ਪੰਜਾਬ ਦੇ ਕੈਬਨਿਟ ਮੰਤਰੀ ਬਰਿੰਦਰ ਗੋਇਲ ਨੇ ਕਿਹਾ ਕਿ ਬਹੁਤ ਅਫਸੋਸ ਦੀ ਗੱਲ ਹੀ ਕਿ ਵਿਰੋਧੀ ਧਿਰ ਵੱਲੋਂ ਲੋਕਾਂ ਦੀ ਸੇਵਾ ਵਿੱਚ ਦਿਨ-ਰਾਤ ਇਕ ਕਰਨ ਵਾਲਿਆਂ ਨੂੰ ਬਦਨਾਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਤਿੰਨੇ ਮੰਤਰੀ ਕਿਸ਼ਤੀ ਵਿੱਚ ਸਵਾਰ ਹੋ ਕੇ ਸਤਲੁਜ ਦਰਿਆ ਵਿੱਚ 20-20 ਫੁੱਟ ਪਾਣੀ ਵਿੱਚ ਫਸੇ ਲੋਕਾਂ ਨੂੰ ਬਾਹਰ ਕੱਢ ਰਹੇ ਸਨ ਤਾਂ ਸਿਸਟਮ ਬਾਰੇ ਗੱਲਬਾਤ ਕਰ ਰਹੇ ਸਨ। ਪਰ ਵਿਰੋਧੀ ਧਿਰ ਵੱਲੋਂ ਸੂਬਾ ਸਰਕਾਰ ਦੇ ਨਾਲ ਲੱਗ ਕੇ ਲੋਕਾਂ ਦੀ ਮਦਦ ਕਰਨ ਦੀ ਥਾਂ ਲੋਕ ਸੇਵਾ ਕਰਨ ਵਾਲਿਆਂ ਨੂੰ ਬਦਨਾਮ ਕੀਤਾ ਜਾ ਰਿਹਾ ਹੈ। ਇਸ ਬਾਰੇ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਤੇ ਲਾਲਜੀਤ ਸਿੰਘ ਭੁੱਲਰ ਨਾਲ ਸੰਪਰਕ ਨਹੀਂ ਹੋ ਸਕਿਆ।

 

 

Advertisement
Show comments