ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਦੈੜੀ ਤੋਂ ਕੁਰਾਲੀ ਰਿੰਗ ਰੋਡ ਪ੍ਰਾਜੈਕਟ ਅੰਤਿਮ ਪੜਾਅ ’ਤੇ

ਸਤੰਬਰ ’ਚ ਹੋਵੇਗਾ ਚਾਲੂ; 850 ਕਰੋੜ ਦੀ ਲਾਗਤ ਨਾਲ ਭਾਰਤਮਾਲਾ ਪਰਿਯੋਜਨਾ ਤਹਿਤ ਬਣਾਇਆ ਕੌਮੀ ਮਾਰਗ ਜੰਮੂ ਕਸ਼ਮੀਰ, ਹਿਮਾਚਲ ਅਤੇ ਪੰਜਾਬ ਨੂੰ ਕੌਮਾਂਤਰੀ ਏਅਰਪੋਰਟ ਨਾਲ ਜੋੜੇਗਾ
Advertisement

ਖੇਤਰੀ ਪ੍ਰਤੀਨਿਧ

ਐੱਸਏਐੱਸ ਨਗਰ(ਮੁਹਾਲੀ), 14 ਜੁਲਾਈ

Advertisement

ਮੁਹਾਲੀ ਦੇ ਆਈਟੀ ਚੌਕ ਦੈੜੀ (ਲਾਂਡਰਾਂ-ਬਨੂੜ ਰੋਡ) ਤੋਂ ਸਿੱਸਵਾਂ-ਕੁਰਾਲੀ ਤੱਕ ਭਾਰਤ ਮਾਲਾ ਪਰਿਯੋਜਨਾ ਤਹਿਤ ਬਣਾਇਆ ਗਿਆ 200 ਫੁੱਟ ਚੌੜਾ, ਛੇ ਮਾਰਗੀ ਪ੍ਰਾਜੈਕਟ ਸਤੰਬਰ ਵਿਚ ਚਾਲੂ ਹੋ ਜਾਵੇਗਾ। ਇਸ ਸੜਕ ਦੇ ਚਾਲੂ ਹੋਣ ਨਾਲ ਜੰਮੂ ਕਸ਼ਮੀਰ, ਹਿਮਾਚਲ ਅਤੇ ਪੰਜਾਬ ਦੇ ਵਸਨੀਕਾਂ ਨੂੰ ਕੌਮਾਂਤਰੀ ਏਅਰਪੋਰਟ ’ਤੇ ਆਉਣ ਲਈ ਖਰੜ, ਮੁਹਾਲੀ ਦੇ ਸ਼ਹਿਰੀ ਖੇਤਰਾਂ ’ਚ ਨਹੀਂ ਵੜਨਾ ਪਵੇਗਾ ਅਤੇ ਰਾਹਗੀਰਾਂ ਦੀ ਬਾਹਰੋ-ਬਾਹਰ ਆਸਾਨ ਪਹੁੰਚ ਹੋ ਸਕੇਗੀ। ਇਹ ਮਾਰਗ ਧਰਾਤਲ ਤੋਂ ਸੱਤ ਤੋਂ ਨੌਂ-ਦਸ ਫੁੱਟ ਉੱਚਾ ਹੈ।

ਇਸ 31 ਕਿਲੋਮੀਟਰ ਲੰਮੀ ਰਿੰਗ ਰੋਡ ਦਾ ਕੰਮ 2022 ਵਿਚ ਆਰੰਭ ਹੋਇਆ ਸੀ, ਜਿਹੜਾ ਕਿ 31 ਅਗਸਤ ਤੱਕ ਪੂਰਾ ਕਰਨ ਦਾ ਟੀਚਾ ਹੈ। ਇਸ ਪ੍ਰਾਜੈਕਟ ਨੂੰ ਤਿਆਰ ਕਰਨ ਰਹੀ ਨਾਸਿਕ ਦੀ ਅਸ਼ੋਕਾ ਬਿਲਡਕੋਨ ਨਾਮੀਂ ਫ਼ਰਮ ਪਹਿਲਾਂ ਹੀ ਦੋ ਵਾਰ ਨਿਰਧਾਰਿਤ ਸਮੇਂ ਵਿਚ ਵਾਧਾ ਕਰਵਾ ਚੁੱਕੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇਸ ਮਾਰਗ ਦਾ ਨੱਬੇ ਫ਼ੀਸਦੀ ਤੋਂ ਵੱਧ ਕੰਮ ਮੁਕੰਮਲ ਹੋ ਚੁੱਕਾ ਹੈ। ਸੜਕ ਉਸਾਰੀ ਪੂਰੀ ਤਰਾਂ ਹੋ ਚੁੱਕੀ ਹੈ। ਬਿਜਲਈ ਲਾਈਨਾਂ ਅਤੇ ਲਾਈਟਾਂ ਦਾ ਕੰਮ ਜ਼ੋਰਾਂ ਨਾਲ ਚੱਲ ਰਿਹਾ ਹੈ ਅਤੇ ਛੇ ਮਾਰਗੀ ਸੜਕ ਦੇ ਵਿਚਾਲੇ ਫੁੱਲ, ਬੂਟੇ ਲਗਾਏ ਜਾ ਰਹੇ ਹਨ। ਕੰਪਨੀ ਵੱਲੋਂ ਸਤੰਬਰ ਵਿਚ ਇਸ ਸੜਕੀ ਪ੍ਰਾਜੈਕਟ ਨੂੰ ਚਾਲੂ ਕਰਨ ਦਾ ਟੀਚਾ ਮਿੱਥਿਆ ਗਿਆ ਹੈ।

ਇਸ ਪ੍ਰਾਜੈਕਟ ਵਿਚ ਦੈੜੀ, ਕੁਰਾਲੀ, ਮੱਛਲੀ ਕਲਾਂ ਸਮੇਤ ਸੱਤ ਫ਼ਲਾਈ ਓਵਰ ਬਣਾਏ ਗਏ ਹਨ। ਪਿੰਡਾਂ ਦੀਆਂ ਸੜਕਾਂ ਦੀ ਆਵਾਜਾਈ ਲੰਘਾਉਣ ਲਈ ਨਗਾਰੀ, ਗੁਡਾਣਾ, ਮੱਛਲੀ ਕਲਾਂ ਸਮੇਤ ਕਈਂ ਪੁਲ ਬਣਾਏ ਗਏ ਹਨ। ਇਸ ਮਾਰਗ ਦਾ ਮੁਹਾਲੀ ਤੋਂ ਸਰਹਿੰਦ ਲਈ ਨਵੀਂ ਬਣ ਰਹੀ ਸੜਕ ਨੂੰ ਮੱਛਲੀ ਕਲਾਂ ਨੇੜੇ, ਲਾਂਡਰਾਂ-ਚੂੰਨੀ ਸੜਕ ਨੂੰ ਝੰਜੇੜੀ-ਸਵਾੜਾ ਨੇੜੇ, ਖਰੜ-ਲੁਧਿਆਣਾ ਮਾਰਗ ਨੂੰ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਨੇੜੇ ਸੰਪਰਕ ਵੀ ਜੁੜੇਗਾ। ਇਸ ਮਾਰਗ ਉੱਤੇ ਦੈੜੀ, ਮੱਛਲੀ ਕਲਾਂ, ਸਵਾੜਾ, ਮਾਮੂਪੁਰ, ਕੁਰਾਲੀ ਤੋਂ ਵਾਹਨ ਚੜ੍ਹ ਸਕਣਗੇ।

ਇਸ ਮਾਰਗ ਲਈ ਮੁਹਾਲੀ ਤਹਿਸੀਲ ਦੇ ਛੇ ਪਿੰਡਾਂ ਨਗਾਰੀ, ਗੀਗੇਮਾਜਰਾ, ਗੁਡਾਣਾ, ਢੇਲਪੁਰ, ਗੋਬਿੰਦਗੜ੍ਹ ਅਤੇ ਗਿੱਦੜਪੁਰ ਦੀ ਜ਼ਮੀਨ ਸਮੇਤ ਖਰੜ ਤਹਿਸੀਲ ਦੇ 22 ਪਿੰਡਾਂ ਸਮੇਤ ਕੁੱਲ 28 ਪਿੰਡਾਂ ਦੀ ਚਾਰ ਸੌ ਏਕੜ ਤੋਂ ਵੱਧ ਜ਼ਮੀਨ ਐਕੁਆਇਰ ਕੀਤੀ ਗਈ ਸੀ। ਇਸ ਮਾਰਗ ’ਤੇ ਇੱਕ ਟੌਲ ਪਲਾਜ਼ਾ ਖਰੜ ਨੇੜੇ ਪਿੰਡ ਬਜਹੇੜੀ ਕੋਲ ਸਥਾਪਤ ਕੀਤਾ ਗਿਆ ਹੈ। ਪਿੰਡ ਮੱਛਲੀ ਕਲਾਂ ਨੇੜੇ ਜਿੱਥੇ ਦੋ ਸੜਕੀ ਪ੍ਰਾਜੈਕਟ ਆਪਸ ਵਿਚ ਜੁੜ ਰਹੇ ਹਨ ਵਿਖੇ ਵੱਡਾ ਜੰਕਸ਼ਨ ਅਤੇ ਵਪਾਰਕ ਕੇਂਦਰ ਵੀ ਬਣਾਇਆ ਗਿਆ ਹੈ।

ਗਰੀਨ ਫ਼ੀਲਡ ਐਕਸਪ੍ਰੈਸਵੇਅ ਦਾ ਕੰਮ ਵੀ ਜ਼ੋਰਾਂ ’ਤੇ

ਇਸੇ ਪ੍ਰਾਜੈਕਟ ਦੇ ਫੇਜ਼ ਦੋ ਅਧੀਨ ਆਈਟੀ ਚੌਕ ਦੈੜੀ ਤੋਂ ਬਨੂੜ ਖੇਤਰ ਦੇ ਵੱਖ-ਵੱਖ ਪਿੰਡਾਂ ਵਿਚ ਹੋ ਕੇ ਅੰਬਾਲਾ ਤੱਕ ਬਣਨ ਵਾਲੇ ਛੇ ਲਾਇਨ ਵਾਲੇ ਗਰੀਨ ਫ਼ੀਲਡ ਐਕਸਪ੍ਰੈੱਸ ਵੇਅ ਦਾ ਕੰਮ ਵੀ ਜ਼ੋਰਾਂ ’ਤੇ ਚੱਲ ਰਿਹਾ ਹੈ। ਮਾਰਗ ਦੇ ਜ਼ਿਆਦਾਤਰ ਪੁਲਾਂ ਦੀ ਉਸਾਰੀ ਮੁਕੰਮਲ ਹੋ ਚੁੱਕੀ ਹੈ ਅਤੇ ਸੜਕ ਬਣਾਉਣ ਦਾ ਕੰਮ ਵੀ ਜ਼ੋਰਾਂ ’ਤੇ ਚੱਲ ਰਿਹਾ ਹੈ। ਇਸ ਮਾਰਗ ਨੂੰ ਜਲਦੀ ਮੁਕੰਮਲ ਕਰਨ ਲਈ ਵੀ ਨੈਸ਼ਨਲ ਹਾਈਵੇਅ ਅਥਾਰਿਟੀ ਵੱਲੋਂ ਨਿਰਦੇਸ਼ ਦਿੱਤੇ ਗਏ ਹਨ।

 

Advertisement