ਸਾਈਬਰ ਕ੍ਰਾਈਮ: 14 ਲੱਖ ਰੁਪਏ ਸਣੇ 24 ਕਾਬੂ
ਜ਼ਿਲ੍ਹੇ ਦੇ ਸਾਈਬਰ ਪੁਲੀਸ ਸਟੇਸ਼ਨ ਦੀ ਟੀਮ ਵੱਲੋਂ ਇਸ ਹਫ਼ਤੇ 24 ਸਾਈਬਰ ਅਪਰਾਧੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ 14,55,000 ਰੁਪਏ ਬਰਾਮਦ ਕੀਤੇ। ਪੁਲੀਸ ਬੁਲਾਰੇ ਨੇ ਦੱਸਿਆ ਕਿ 4 ਤੋਂ 10 ਅਕਤੂਬਰ ਤੱਕ ਫਰੀਦਾਬਾਦ ਸਾਈਬਰ ਪੁਲੀਸ ਸਟੇਸ਼ਨ ਦੀ ਟੀਮ ਨੇ 6 ਮਾਮਲਿਆਂ ਵਿੱਚ ਕਾਰਵਾਈ ਕੀਤੀ ਅਤੇ 24 ਸਾਈਬਰ ਅਪਰਾਧੀਆਂ ਨੂੰ ਗ੍ਰਿਫ਼ਤਾਰ ਕੀਤਾ। ਇਸ ਸਮੇਂ ਦੌਰਾਨ ਸਾਈਬਰ ਪੁਲੀਸ ਸਟੇਸ਼ਨ ਦੀਆਂ ਟੀਮਾਂ ਨੇ 14,55,000 ਰੁਪਏ ਬਰਾਮਦ ਕੀਤੇ ਅਤੇ 356 ਸ਼ਿਕਾਇਤਾਂ ਦਾ ਨਿਬੇੜਾ ਕੀਤਾ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿੱਚ ਦੇਵਾਂਸ਼ੂ ਮੀਨਾ, ਵੰਸ਼, ਸ਼ਸ਼ੀਕਾਂਤ ਕੁਮਾਰ, ਨੈਤਿਕ, ਕਮਲੇਸ਼, ਤੋਸ਼ੀਫ, ਸੂਰਜ ਗੋਸਵਾਮੀ, ਅਤਿੰਦਰਪਾਲ, ਰਾਜਕਮਲ, ਹਿਤੇਂਦਰ, ਮਾਈਕਲ, ਫਰਾਂਸਿਸ ਏਮੇਕਾ, ਰੰਭਾ ਬਾਸੂਮਤਰੀ, ਸੰਦੀਪ, ਬਹਾਦੁਰ, ਦਲ ਸਿੰਘ, ਜਤਿਨ, ਪੂਰਨਾ, ਉਪੇਂਦਰ, ਦਿਲੀਪ ਸ਼ਿਵਾਜੀ, ਦੀਪਕ, ਅਜੈ, ਗੌਰਵ ਅਤੇ ਵਿਵੇਕ ਸ਼ਾਮਲ ਹਨ। ਪੁਲੀਸ ਬੁਲਾਰੇ ਨੇ ਦੱਸਿਆ ਕਿ ਸਾਈਬਰ ਅਪਰਾਧੀ ਇਸ ਸਮੇਂ ਕ੍ਰੈਡਿਟ ਕਾਰਡ, ਬੀਮਾ ਪਾਲਿਸੀਆਂ, ਪਾਣੀ ਅਤੇ ਬਿਜਲੀ ਦੇ ਬਿੱਲਾਂ ਅਤੇ ਹੋਰ ਮਾਮਲਿਆਂ ਨਾਲ ਸਬੰਧਤ ਧੋਖਾਧੜੀ ਕਰ ਰਹੇ ਹਨ। ਇਸ ਤੋਂ ਇਲਾਵਾ, ਉਹ ਲੋਕਾਂ ਨੂੰ ਨਿਵੇਸ਼ ਦੇ ਨਾਂ ’ਤੇ ਮੁਨਾਫ਼ੇ ਦਾ ਵਾਅਦਾ ਕਰ ਕੇ ਧੋਖਾਧੜੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਡਿਜੀਟਲ ਯੁੱਗ ਵਿੱਚ ਸਾਈਬਰ ਕ੍ਰਾਈਮ ਦੇ ਮਾਮਲੇ ਵਧਦੇ ਜਾ ਰਹੇ ਹਨ। ਆਮ ਲੋਕਾਂ ਤੋਂ ਲੈ ਕੇ ਵੱਡੇ ਵਪਾਰੀਆਂ, ਅਫ਼ਸਰਾਂ ਨੂੰ ਸਾਈਬਰ ਅਪਰਾਧੀਆਂ ਵੱਲੋਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਜਿਨ੍ਹਾਂ ਨੂੰ ਡਿਜੀਟਲ ਅਰੈਸਟ ਕਰ ਕੇ ਲੱਖਾਂ ਰੁਪਏ ਠੱਗੇ ਜਾ ਰਹੇ ਹਨ। ਉਨ੍ਹਾਂ ਲੋਕਾਂ ਨੂੰ ਅਜਿਹੀਆਂ ਘਟਨਾਵਾਂ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ। ਪੁਲੀਸ ਮੁਲਾਜ਼ਮ ਨੇ ਕਿਹਾ ਕਿ ਗ੍ਰਿਫ਼ਤਾਰ ਮੁਲਜ਼ਮਾਂ ਤੋਂ ਪੜਤਾਲ ਕੀਤੀ ਜਾ ਰਹੀ ਹੈ ਜਿਸ ਮਗਰੋਂ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ।